ਮਿਸ਼ੇਲ ਓਬਾਮਾ ਨੇ ਮਿਸ਼ੀਗਨ ’ਚ ਕਮਲਾ ਹੈਰਿਸ ਦੇ ਪੱਖ ’ਚ ਕੀਤੀ ਰੈਲੀ

ਕਲਾਮਾਜ਼ੂ (ਅਮਰੀਕਾ),(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਪੁਰਸ਼ਾਂ ਨੂੰ ਅਪੀਲ ਕੀਤੀ ਕਿ ਉਹ ਕਮਲਾ ਹੈਰਿਸ ਨੂੰ ਵੋਟ ਪਾਉਣ ਤਾਂ ਜੋ ਉਹ ਮੁਲਕ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕੇ। ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦੀ ਹਮਾਇਤ ’ਚ ਮਿਸ਼ੀਗਨ ’ਚ ਸ਼ਨਿਚਰਵਾਰ ਨੂੰ ਰੈਲੀ ’ਚ ਮਿਸ਼ੇਲ ਓਬਾਮਾ ਨੇ ਕਿਹਾ ਕਿ ਜੇ ਡੋਨਲਡ ਟਰੰਪ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਔਰਤਾਂ ਦੀ ਜਾਨ ਖ਼ਤਰੇ ’ਚ ਪੈ ਜਾਵੇਗੀ। ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਨੇ ਗਰਭਪਾਤ ਦੇ ਸੰਵਿਧਾਨਕ ਹੱਕਾਂ ਨੂੰ ਖ਼ਤਮ ਕਰਨ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਔਰਤਾਂ ਦੀ ਸਿਹਤ ਨਾਲ ਕੋਝਾ ਮਜ਼ਾਕ ਹੈ। ਓਬਾਮਾ ਨੇ ਕਿਹਾ ਕਿ ਕੁਝ ਪੁਰਸ਼ ਵਿਕਾਸ ਦੀ ਹੌਲੀ ਰਫ਼ਤਾਰ ਕਾਰਨ ਗੁੱਸੇ ’ਚ ਟਰੰਪ ਨੂੰ ਵੋਟਾਂ ਪਾ ਸਕਦੇ ਹਨ ਪਰ ਇਸ ਨਾਲ ਹੋਰ ਗੱਲਾਂ ’ਤੇ ਅਸਰ ਪਵੇਗਾ। ਮਿਸ਼ੇਲ ਨੇ ਕਿਹਾ, ‘‘ਜੇ ਤੁਸੀਂ ਚੋਣਾਂ ’ਚ ਸਹੀ ਵਿਅਕਤੀ ਨੂੰ ਨਹੀਂ ਚੁਣਦੇ ਹੋ ਤਾਂ ਤੁਹਾਡੇ ਗੁੱਸੇ ਦਾ ਖਮਿਆਜ਼ਾ ਪਤਨੀ, ਧੀ, ਮਾਂ ਅਤੇ ਔਰਤਾਂ ਨੂੰ ਭੁਗਤਣਾ ਪਵੇਗਾ।’’ ਕਮਲਾ ਹੈਰਿਸ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੇ ਹਿੱਤਾਂ ਦਾ ਧਿਆਨ ਰਖਣਗੇ। ਉਨ੍ਹਾਂ ਟਰੰਪ ’ਤੇ ਸਿਰਫ਼ ਆਪਣੇ ਬਾਰੇ ਸੋਚਣ ਦਾ ਦੋਸ਼ ਲਾਇਆ। ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਅਤੇ ਟਿਮ ਵਾਲਜ਼ ਆਉਂਦੇ ਦਿਨਾਂ ’ਚ ਸੱਤ ਸੂਬਿਆਂ ਦਾ ਦੌਰਾ ਕਰਕੇ ਪ੍ਰਚਾਰ ਕਰਨਗੇ। ਕਮਲਾ ਹੈਰਿਸ ਫਿਲਾਡੇਲਫੀਆ ’ਚ ਚਰਚ ਅਤੇ ਹਜ਼ਾਮ ਦੀ ਦੁਕਾਨ, ਪੁਏਰਤੋ ਰਿਕਨ ਰੈਸਟੋਰੈਂਟ ਅਤੇ ਯੂਥ ਬਾਸਕਿਟਬਾਲ ਕੇਂਦਰ ਦਾ ਵੀ ਦੌਰਾ ਕਰੇਗੀ।