ਅਮਰੀਕਾ ਵਿੱਚ ਹਿੰਦੂਆਂ ਨੂੰ ਵਿਤਕਰੇ ਅਤੇ ਹਿੰਦੂਫੋਬੀਆ ਖ਼ਿਲਾਫ਼ ਹਮਾਇਤ ਦਾ ਭਰੋਸਾ

ਅਮਰੀਕਾ ਵਿੱਚ ਹਿੰਦੂਆਂ ਨੂੰ ਵਿਤਕਰੇ ਅਤੇ ਹਿੰਦੂਫੋਬੀਆ ਖ਼ਿਲਾਫ਼ ਹਮਾਇਤ ਦਾ ਭਰੋਸਾ

ਵਾਸ਼ਿੰਗਟਨ,(ਇੰਡੋਂ ਕਨੇਡੀਅਨ ਟਾਇਮਜ਼)- ਉੱਘੇ ਅਮਰੀਕੀ ਸੰਸਦ ਮੈਂਬਰਾਂ ਨੇ ਮੁਲਕ ’ਚ ਘੱਟ ਗਿਣਤੀ ਹਿੰਦੂਆਂ ਖ਼ਿਲਾਫ਼ ਵਧਦੇ ਕਥਿਤ ਹਿੰਦੂਫੋਬੀਆ ਅਤੇ ਵਿਤਕਰੇ ਖ਼ਿਲਾਫ਼ ਲੜਨ ਲਈ ਭਾਰਤੀ-ਅਮਰੀਕੀਆਂ ਨੂੰ ਹਮਾਇਤ ਦੇਣ ਦਾ ਵਾਅਦਾ ਕੀਤਾ ਹੈ। ਉੱਤਰੀ ਅਮਰੀਕਾ ਦੇ ਹਿੰਦੂਆਂ ਦੇ ਗੱਠਜੋੜ (ਸੀਚਐੱਚਐੱਨਏ) ਵੱਲੋਂ ਕਰਵਾਏ ਗਏ ਤੀਜੇ ਕੌਮੀ ਹਿੰਦੂ ਸਮਰਥਨ ਦਿਵਸ ’ਚ 28 ਜੂਨ ਨੂੰ ਕਈ ਹਿੰਦੂ ਵਿਦਿਆਰਥੀਆਂ, ਖੋਜੀਆਂ ਤੇ ਭਾਈਚਾਰੇ ਦੇ ਆਗੂਆਂ ਨੇ ਹਿੱਸਾ ਲਿਆ ਅਤੇ ਅਮਰੀਕਾ ’ਚ ਰਹਿਣ ਵਾਲੇ ਹਿੰਦੂਆਂ ਦੀਆਂ ਚਿੰਤਾਵਾਂ ਬਾਰੇ ਚਰਚਾ ਕੀਤੀ। ਕਾਂਗਰਸਮੈਨ ਸ੍ਰੀ ਥਾਣੇਦਾਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਇਥੇ ਹਾਂ ਅਤੇ ਅਸੀਂ ਸੰਘਰਸ਼ ਕਰ ਰਹੇ ਹਾਂ। ਤੁਹਾਡੇ ਕੋਲ ਜਿਹੜੀ ਆਵਾਜ਼ ਹੈ, ਉਹੋ ਆਵਾਜ਼ ਕਾਂਗਰਸ ’ਚ ਹਿੰਦੂ ਭਾਈਚਾਰੇ ਕੋਲ ਹੈ।’’ ਡੈਮੋਕਰੈਟਿਕ ਪਾਰਟੀ ਦੇ ਮੈਂਬਰ ਥਾਣੇਦਾਰ ਨੇ ਸਦਨ ’ਚ ਹਿੰਦੂਫੋਬੀਆ ਅਤੇ ਮੰਦਰਾਂ ’ਤੇ ਹਮਲਿਆਂ ਦੀ ਨਿੰਦਾ ਵਾਲਾ ਮਤਾ ਪੇਸ਼ ਕੀਤਾ ਹੈ। ਇਸ ’ਚ ਹਿੰਦੂ ਅਮਰੀਕੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਹੈ। ਰਿਪਬਲਿਕਨ ਆਗੂ ਰਿਚ ਮੈਕਕੌਰਮਿਕ ਨੇ ਨੀਤੀਆਂ ਬਣਾਉਣ ’ਚ ਹਿੰਦੂ ਅਮਰੀਕੀ ਅਤੇ ਭਾਰਤੀ ਅਮਰੀਕੀ ਫਿਰਕੇ ਦੀ ਲਗਾਤਾਰ ਵਧ ਰਹੀ ਸ਼ਮੂਲੀਅਤ ਅਤੇ ਮੁਲਕ ਦੇ ਭਵਿੱਖ ਨੂੰ ਬਦਲਣ ਦੀ ਸਮਰੱਥਾ ਦਾ ਸਵਾਗਤ ਕੀਤਾ। ਉਨ੍ਹਾਂ ਸਦਨ ਦੇ ਮਤੇ 1131 ਪ੍ਰਤੀ ਆਪਣੀ ਹਮਾਇਤ ਵੱਲ ਧਿਆਨ ਦਿਵਾਇਆ। ਇਕ ਹੋਰ ਆਗੂ ਗਲੈਨ ਗਰੋਥਮੈਨ ਨੇ ਭਾਈਚਾਰੇ ਨਾਲ ਇਕਜੁੱਟਤਾ ਜ਼ਾਹਿਰ ਕੀਤੀ। ਕਾਂਗਰਸਮੈਨ ਰੋ ਖੰਨਾ ਨੇ ਪਿਛਲੇ ਇਕ ਦਹਾਕੇ ’ਚ ਭਾਈਚਾਰੇ ਦੀ ਹਮਾਇਤ ਵਧਣ ਦਾ ਜ਼ਿਕਰ ਕੀਤਾ। ਇਸ ਪ੍ਰੋਗਰਾਮ ’ਚ 15 ਅਮਰੀਕੀ ਸੂਬਿਆ ਤੋਂ ਵੱਡੀ ਗਿਣਤੀ ’ਚ ਹਿੰਦੂ ਨੌਜਵਾਨਾਂ ਸਮੇਤ 100 ਤੋਂ ਜ਼ਿਆਦਾ ਨੁਮਾਇੰਦਿਆਂ ਨੇ ਹਿੱਸਾ ਲਿਆ। 

sant sagar