ਏਅਰ ਇੰਡੀਆ ਨੇ ਰੂਸ ’ਚ ਫਸੇ ਮੁਸਾਫਰਾਂ ਲਈ ਮੁੰਬਈ ਤੋਂ ਜਹਾਜ਼ ਭੇਜਿਆ

ਮੁੰਬਈ:(ਇੰਡੋ ਕਨੇਡੀਅਨ ਟਾਇਮਜ਼)- ਏਅਰ ਇੰਡੀਆ ਨੇ ਆਪਣੀ ਦਿੱਲੀ-ਸਾਂ ਫਰਾਂਸਿਸਕੋ ਉਡਾਣ ਦੇ ਮੁਸਾਫਰਾਂ ਲਈ ਮੁੰਬਈ ਤੋਂ ਇਕ ਜਹਾਜ਼ ਰੂਸ ਵਾਸਤੇ ਰਵਾਨਾ ਕੀਤਾ ਹੈ। ਇਹ ਮੁਸਾਫਰ ਵੀਰਵਾਰ ਤੋਂ ਰੂਸ ਦੇ ਕ੍ਰਾਸਨੋਯਾਰਸਕ ਕੌਮਾਂਤਰੀ ਹਵਾਈ ਅੱਡੇ ’ਤੇ ਫਸੇ ਹੋਏ ਹਨ। ਏਅਰਲਾਈਨ ਨੇ ਬੋਇੰਗ 777 ਜਹਾਜ਼ ਦੇ ਕਾਰਗੋ ਵਾਲੇ ਖੇਤਰ ’ਚ ਕੋਈ ਸਮੱਸਿਆ ਮਿਲਣ ਮਗਰੋਂ ਦਿੱਲੀ-ਸਾਂ ਫਰਾਂਸਿਸਕੋ ਉਡਾਣ ਰੂਸੀ ਸ਼ਹਿਰ ਵੱਲ ਮੋੜ ਦਿੱਤੀ ਸੀ। ਜਹਾਜ਼ ’ਚ 225 ਮੁਸਾਫਰ ਅਤੇ ਅਮਲੇ ਦੇ 19 ਮੈਂਬਰ ਸਵਾਰ ਹਨ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਰਵਾਨਾ ਕੀਤੇ ਗਏ ਜਹਾਜ਼ ’ਚ ਵਿਸ਼ੇਸ਼ ਟੀਮ ਵੀ ਸਵਾਰ ਹੈ ਜੋ ਮੁਸਾਫਰਾਂ ਅਤੇ ਅਮਲੇ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੇਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਹਾਜ਼ ’ਚ ਸਾਰੇ ਮੁਸਾਫਰਾਂ ਲਈ ਢੁੱਕਵਾਂ ਭੋਜਨ ਵੀ ਹੈ। ਇਸ ਤੋਂ ਪਹਿਲਾਂ ਦਿਨ ਵੇਲੇ ਏਅਰ ਇੰਡੀਆ ਨੇ ਕਿਹਾ ਸੀ ਕਿ ਰਾਹਤ ਉਡਾਣ ਲਈ ਪ੍ਰਵਾਨਗੀ ਮੰਗੀ ਗਈ ਹੈ। ਏਅਰਲਾਈਨ ਨੇ ਹਾਟਲਾਈਨ ਨੰਬਰ 011-69329301 (ਭਾਰਤ) ਤੇ +13177390126 (ਅਮਰੀਕਾ) ਸਥਾਪਤ ਕੀਤੇ ਹਨ।