30 ਜੂਨ ਤੋਂ ਬਦਲ ਜਾਣਗੇ ਬੈਂਕ ਨਾਲ ਜੁੜੇ ਇਹ ਨਿਯਮ; ਖਾਤਾਧਾਰਕਾਂ ਲਈ ਜਾਣਨਾ ਜ਼ਰੂਰੀ

ਨਵੀਂ ਦਿੱਲੀ — ਤੁਹਾਡੇ ਬੈਂਕ ਖਾਤੇ ਨਾਲ ਜੁੜੇ ਕੁਝ ਨਿਯਮ 30 ਜੂਨ ਤੋਂ ਬਦਲ ਜਾਣਗੇ। ਦਰਅਸਲ ਮਾਰਚ ਦੇ ਆਖਰੀ ਹਫ਼ਤੇ ਵਿਚ ਤਾਲਾਬੰਦੀ ਦੇ ਲਾਗੂ ਹੋਣ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਰੋੜਾਂ ਖਾਤਾ ਧਾਰਕਾਂ ਲਈ ਇਕ ਖਾਸ ਐਲਾਨ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਿਸੇ ਵੀ ਬੈਂਕ ਬਚਤ ਖਾਤੇ ਵਿਚ ਤਿੰਨ ਮਹੀਨਿਆਂ ਲਈ (ਏਐਮਬੀ- ਘੱਟ-ਘੱਟ ਔਸਤਨ ਬਕਾਇਆ) ਰੱਖਣ ਦੀ ਲਾਜ਼ਮਤਾ ਨਹੀਂ ਹੋਵੇਗੀ। ਇਹ ਅਪ੍ਰੈਲ, ਮਈ ਅਤੇ ਜੂਨ ਲਈ ਲਾਗੂ ਹੋਇਆ ਸੀ। ਅਜੇ ਤੱਕ ਵਿੱਤ ਮੰਤਰਾਲੇ ਜਾਂ ਕਿਸੇ ਵੀ ਬੈਂਕ ਵੱਲੋਂ ਕੋਈ ਸਪੱਸ਼ਟਤਾ ਨਹੀਂ ਆਈ ਹੈ ਕਿ ਕੀ ਇਸ ਛੋਟ ਨੂੰ ਅੱਗੇ ਵਧਾਇਆ ਜਾਵੇਗਾ ਜਾਂ ਨਹੀਂ।
ਸਰਕਾਰ ਦੇ ਇਸ ਫੈਸਲੇ ਦਾ ਅਰਥ ਇਹ ਸੀ ਕਿ ਜੇ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਕਿਸੇ ਬੈਂਕ ਖਾਤੇ ਵਿਚ ਔਸਤਨ ਘੱਟੋ-ਘੱਟ ਬਕਾਇਆ ਨਹੀਂ ਰਹਿੰਦਾ ਹੈ, ਤਾਂ ਬੈਂਕ ਜੁਰਮਾਨਾ ਵਸੂਲ ਨਹੀਂ ਕਰ ਸਕਣਗੇ। ਜ਼ਿਕਰਯੋਗ ਹੈ ਕਿ ਹਰੇਕ ਬੈਂਕ ਆਪਣੇ ਮੁਤਾਬਕ ਘੱਟੋ-ਘੱਟ ਬਕਾਇਆ ਹੱਦ ਤੈਅ ਕਰਦਾ ਹੈ ਅਤੇ ਇਹ ਔਸਤਨ ਰਕਮ ਹਰ ਖਾਤਾਧਾਰਕ ਲਈ ਹਰ ਮਹੀਨੇ ਖਾਤੇ ਵਿਚ ਰੱਖਣੀ ਲਾਜ਼ਮੀ ਹੁੰਦੀ ਹੈ। ਅਜਿਹਾ ਨਾ ਕਰ ਸਕਣ 'ਤੇ ਬੈਂਕ ਗਾਹਕਾਂ ਤੋਂ ਇੱਕ ਜ਼ੁਰਮਾਨਾ ਰਕਮ ਵਸੂਲ ਕਰਦਾ ਹੈ ਜਾਂ ਪੈਨਲਟੀ ਲਗਾ ਦਿੰਦਾ ਹੈ। ਹਾਲਾਂਕਿ ਅਜੇ ਤੱਕ ਇਸ ਛੋਟ ਨੂੰ ਜੂਨ ਤੋਂ ਵਧਾਉਣ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।