...ਭਾਰਤ ਦੇ ‘ਰਾਜਾ’ ਨੇ ਨਰਿੰਦਰ ਮੋਦੀ

...ਭਾਰਤ ਦੇ ‘ਰਾਜਾ’ ਨੇ ਨਰਿੰਦਰ ਮੋਦੀ

ਸੋਨੀਆ ਗਾਂਧੀ ਤੋਂ ਈਡੀ ਦੀ ਪੁੱਛ-ਪੜਤਾਲ ਖਿਲਾਫ਼ ਇਥੇ ਵਿਜੈ ਚੌਕ ਵਿੱਚ ਪ੍ਰਦਰਸ਼ਨ ਕਰ ਰਹੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਕਈ ਹੋਰਨਾਂ ਸੰਸਦ ਮੈਂਬਰਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ, ‘‘ਭਾਰਤ ਇਕ ਪੁਲੀਸ ਰਾਜ ਹੈ ਤੇ ਮੋਦੀ ਰਾਜਾ ਹਨ।’’ਕਾਂਗਰਸੀ ਆਗੂ ਤੇ ਹੋਰ ਪਾਰਟੀ ਵਰਕਰ ਸਰਕਾਰ ਵੱਲੋਂ ਜਾਂਚ ੲੇਜੰਸੀਆਂ ਦੀ ਕਥਿਤ ਦੁਰਵਰਤੋਂ ਨਾਲ ਜੁੜਿਆ ਮਸਲਾ ਰਾਸ਼ਟਰਪਤੀ ਦੇ ਧਿਆਨ ਵਿੱਚ ਲਿਆਉਣ ਦੇ ਇਰਾਦੇ ਨਾਲ ਰਾਸ਼ਟਰਪਤੀ ਭਵਨ ਤੱਕ ਮਾਰਚ ਕਰ ਰਹੇ ਸਨ ਪਰ ਪੁਲੀਸ ਨੇ ਇਨ੍ਹਾਂ ਨੂੰ ਇਥੇ ਹੀ ਰੋਕ ਦਿੱਤਾ। ਦਿੱਲੀ ਪੁਲੀਸ ਰਾਹੁਲ ਗਾਂਧੀ ਨੂੰ ਹਿਰਾਸਤ ਵਿੱਚ ਲੈਣ ਮਗਰੋ ਬੱਸ ਵਿੱਚ ਬੈਠਾ ਕੇ ਉਥੋਂ ਲੈ ਗਈ। ਕਾਂਗਰਸੀ ਸੰਸਦ ਮੈਂਬਰਾਂ ਤੇ ਹੋਰਨਾਂ ਨੂੰ ਹਿਰਾਸਤ ਵਿਚ ਲੈਣ ਮਗਰੋਂ ਕਿੰਗਜ਼ਵੇਅ ਕੈਂਪ ਪੁਲੀਸ ਸਟੇਸ਼ਨ ਤੇ ਕੁਝ ਨੂੰ ਵਸੰਤ ਕੁੰਜ ਥਾਣੇ ਲਿਜਾਇਆ ਗਿਆ, ਜਿਥੇ ਸੱਤ ਘੰਟੇ ਹਿਰਾਸਤ ਵਿੱਚ ਰੱਖਣ ਮਗਰੋਂ ਸ਼ਾਮੀਂ ਪੌਣੇ ਸੱਤ ਵਜੇ ਦੇ ਕਰੀਬ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਵਿਜੈ ਚੌਕ ਵਿੱਚ ਪ੍ਰਦਰਸ਼ਨ ਕਰ ਰਹੇ ਹੋਰਨਾਂ ਕਾਂਗਰਸੀ ਸੰਸਦ ਮੈਂਬਰਾਂ ਨੂੰ ਵੱਖਰੀਆਂ ਪੁਲੀਸ ਬੱਸਾਂ ਵਿੱਚ ਉਥੋਂ ਲਿਜਾਇਆ ਗਿਆ। ਇਸ ਦੌਰਾਨ ਕਈ ਪਾਰਟੀਆਂ ਦੇ ਆਗੂਆਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਠਿੱਬੀ ਲਾਉਣ ਲਈ ਕਥਿਤ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਰੋਕਣ ਲਈ ਦਖ਼ਲ ਮੰਗਿਆ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ, ‘‘ਭਾਰਤ ਇਕ ਪੁਲੀਸ ਰਾਜ ਹੈ ਤੇ ਮੋਦੀ ਰਾਜਾ ਹਨ।’’ ਉਨ੍ਹਾਂ ਕਿਹਾ ਕਿ ਸੰਸਦ ਵਿੱਚ ਵਿਚਾਰ ਚਰਚਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਗਾਂਧੀ ਨੇ ਕਿਹਾ, ‘‘ਮੈਂ ਕਿਤੇ ਨਹੀਂ ਜਾ ਰਿਹੈ। ਅਸੀਂ ਰਾਸ਼ਟਰਪਤੀ ਭਵਨ ਵੱਲ ਜਾਣਾ ਚਾਹੁੰਦੇ ਹਾਂ। ਪਰ ਪੁਲੀਸ ਸਾਨੂੰ ਇਜਾਜ਼ਤ ਨਹੀਂ ਦੇ ਰਹੀ।’’ ਰਾਹੁਲ ਨੇ ਟਵਿੱਟਰ ’ਤੇ ਪ੍ਰਦਰਸ਼ਨ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਤਾਨਾਸ਼ਾਹੀ ਵੇਖੋ। ਤੁਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਨਹੀਂ ਕਰ ਸਕਦੇ, ਮਹਿੰਗਾਈ ਤੇ ਬੇਰੁਜ਼ਗਾਰੀ ਬਾਰੇ ਚਰਚਾ ਨਹੀਂ ਕਰ ਸਕਦੇ। ਪੁਲੀਸ ਤੇ ਏਜੰਸੀਆਂ ਦੀ ਦੁਰਵਰਤੋਂ ਕਰਕੇ, ਇਥੋਂ ਤੱਕ ਕਿ ਸਾਨੂੰ ਗ੍ਰਿਫ਼ਤਾਰ ਕਰਕੇ, ਤੁਸੀਂ ਸਾਨੂੰ ਖਾਮੋਸ਼ ਨਹੀਂ ਕਰ ਸਕਦੇ। ਸਿਰਫ਼ ‘ਸਚਾਈ’ ਹੀ ਇਸ ਤਾਨਾਸ਼ਾਹੀ ਨੂੰ ਖ਼ਤਮ ਕਰ ਸਕਦੀ ਹੈ।’’ ਇਕ ਹੋਰ ਟਵੀਟ ਵਿੱਚ ਰਾਹੁਲ ਨੇ ਕਿਹਾ, ‘‘ਦੇਸ਼ ਦੇ ‘ਰਾਜਾ’ ਨੇ ਹੁਕਮ ਕੀਤੇ ਹਨ...ਜਿਹੜਾ ਕੋਈ ਵੀ ਬੇਰੁਜ਼ਗਾਰੀ, ਮਹਿੰਗਾਈ, ਗ਼ਲਤ ਜੀਐੱਸਟੀ, ਅਗਨੀਪਥ ਬਾਰੇ ਸਵਾਲ ਪੁੱਛੇ...ਉਸ ਨੂੰ ਜੇਲ੍ਹ ਵਿੱਚ ਡੱਕ ਦਿਓ।’’ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਅਤੇ ਹੋਰਨਾਂ ਕਾਂਗਰਸੀ ਸੰਸਦ ਮੈਂਬਰਾਂ ਦੀ ਖਿੱਚਧੂਹ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ’ਤੇ ਕੀਤਾ ਗਿਆ ਹੈ।

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਭਾਜਪਾ ਦਾ ‘ਤਾਨਾਸ਼ਾਹੀ’ ਰਵੱਈਆ ਸਾਰਿਆਂ ਦੇ ਸਾਹਮਣੇ ਹੈ। ਸੰਸਦ ਵਿੱਚ ਹੁਣ ਨਾ ਤਾਂ ਅਹਿਮ ਮੁੱਦਿਆਂ ’ਤੇ ਚਰਚਾ ਕਰ ਸਕਦੇ ਹੋ ਅਤੇ ਨਾ ਹੀ ਸੜਕਾਂ ’ਤੇ ਲੋਕ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਨ। ਪ੍ਰਿਯੰਕਾ ਨੇ ਇਕ ਟਵੀਟ ਵਿੱਚ ਕਾਂਗਰਸ ਪਾਰਟੀ ਵੱਲੋਂ ਵਿਜੈ ਚੌਕ ਵਿੱਚ ਕੀਤੇ ਪ੍ਰਦਰਸ਼ਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਰਾਹੁਲ ਗਾਂਧੀ ਏਜੰਸੀਆਂ ਦੀ ਕਥਿਤ ਦੁਰਵਰਤੋਂ ਖਿਲਾਫ਼ ਕੀਤੇ ਪ੍ਰਦਰਸ਼ਨਾਂ ਦੌਰਾਨ ਸੜਕ ’ਤੇ ਬੈਠੇ ਨਜ਼ਰ ਆ ਰਹੇ ਹਨ। ਪ੍ਰਿਯੰਕਾ ਨੇ ਹਿੰਦੀ ਵਿਚ ਕੀਤੇ ਟਵੀਟ ਵਿੱਚ ਕਿਹਾ, ‘‘ਭਾਜਪਾ ਦਾ ਤਾਨਾਸ਼ਾਹੀ ਰਵੱਈਆ ਸਾਰਿਆਂ ਦੇ ਸਾਹਮਣੇ ਹੈ। ਸੰਸਦ ਵਿੱਚ ਅਹਿਮ ਮੁੱਦਿਆਂ ’ਤੇ ਚਰਚਾ ਨਹੀਂ ਕੀਤੀ ਜਾ ਸਕਦੀ ਜਾਂ ਲੋਕ ਸੜਕਾਂ ’ਤੇ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੇ।’’ ਕਾਂਗਰਸ ਦੀ ਜਨਰਲ ਸਕੱਤਰ ਨੇ ਕਿਹਾ, ‘‘ਤਾਨਾਸ਼ਾਹ ਸਰਕਾਰ ਪੁਲੀਸ ਤੇ ਏਜੰਸੀਆਂ ਰਾਹੀਂ ਵਿਰੋਧੀਆਂ ਨੂੰ ਦਬਾਉਣਾ ਚਾਹੁੰਦੀ ਹੈ। ਇਹ ਸੱਚ ਲਈ ਲੜਾਈ ਹੈ। ਨਾ ਝੁਕਾਂਗੇ ਤੇ ਨਾ ਡਰਾਂਗੇ। ਲੜਾਂਗੇ ਤੇ ਜਿੱਤਾਂਗੇ।’’

ad