ਪੂਤਿਨ ਨੇ ਦੂਜੀ ਸੰਸਾਰ ਜੰਗ ਵਿੱਚ ਰੂਸ ਦੀ ਜਿੱਤ ਦਾ ਜਸ਼ਨ ਮਨਾਇਆ
ਪੂਤਿਨ ਨੇ ਦੂਜੀ ਸੰਸਾਰ ਜੰਗ ਵਿੱਚ ਰੂਸ ਦੀ ਜਿੱਤ ਦਾ ਜਸ਼ਨ ਮਨਾਇਆ
ਮਾਸਕੋ-ਰੂਸ ਨੇ ਦੂਜੀ ਸੰਸਾਰ ਜੰਗ ’ਚ ਨਾਜ਼ੀ ਜਰਮਨੀ ਦੀ ਹਾਰ ਦਾ ਜਸ਼ਨ ਮਨਾਉਣ ਲਈ ਵੀਰਵਾਰ ਨੂੰ ਵਿਜੈ ਦਿਵਸ ਮਨਾਇਆ। ਸੋਵੀਅਤ ਸੰਘ ਨੂੰ 1945 ’ਚ ਨਾਜ਼ੀ ਜਰਮਨੀ ਖ਼ਿਲਾਫ਼ ਮਿਲੀ ਜਿੱਤ ਦਾ ਜਸ਼ਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਪਿਛਲੇ ਪਿਛਲੇ ਕਰੀਬ ਇਕ ਚੌਥਾਈ ਸਦੀ ਦੇ ਸ਼ਾਸਨ ਦਾ ਅਹਿਮ ਹਿੱਸਾ ਰਿਹਾ ਹੈ। ਪੂਤਿਨ ਨੇ ਇਸ ਹਫ਼ਤੇ ਦੇ ਸ਼ੁਰੂ ’ਚ ਰਾਸ਼ਟਰਪਤੀ ਵਜੋਂ ਪੰਜਵਾਂ ਕਾਰਜਕਾਲ ਸ਼ੁਰੂ ਕੀਤਾ ਹੈ। ਰੂਸ ’ਚ ਪੂਤਿਨ ਦੀ ਅਗਵਾਈ ਹੇਠ ਵਿਜੈ ਦਿਵਸ ’ਤੇ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ। ਇਸ ਜੰਗ ’ਚ ਸੋਵੀਅਤ ਸੰਘ ਦੇ ਕਰੀਬ 2 ਕਰੋੜ 70 ਲੱਖ ਲੋਕ ਮਾਰੇ ਗਏ ਸਨ। ਪੂਤਿਨ ਨੇ ਰੈੱਡ ਸਕੁਏਅਰ ਪਰੇਡ ਦੌਰਾਨ ਆਪਣੇ ਭਾਸ਼ਣ ’ਚ ਕਿਹਾ,‘‘ਵਿਜੈ ਦਿਵਸ ਸਾਰੀਆਂ ਪੀੜ੍ਹੀਆਂ ਨੂੰ ਇਕਜੁੱਟ ਕਰਦਾ ਹੈ।
ਅਸੀਂ ਆਪਣੀ ਸਦੀਆਂ ਪੁਰਾਣੀਆਂ ਰਵਾਇਤਾਂ ’ਤੇ ਭਰੋਸਾ ਕਰਦੇ ਹੋਏ ਅੱਗੇ ਵਧ ਰਹੇ ਹਾਂ ਅਤੇ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਰੂਸ ਦਾ ਆਜ਼ਾਦ ਤੇ ਸੁਰੱਖਿਅਤ ਭਵਿੱਖ ਮਿਲ ਕੇ ਯਕੀਨੀ ਬਣਾਵਾਂਗੇ।’’ ਉਨ੍ਹਾਂ ਯੂਕਰੇਨ ’ਚ ਲੜ ਰਹੇ ਰੂਸੀ ਜਵਾਨਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਅਤੇ ਪੱਛਮ ਦੀ ਆਲੋਚਨਾ ਕਰਦਿਆਂ ਉਸ ’ਤੇ ਖੇਤਰੀ ਟਕਰਾਅ, ਅੰਤਰ ਜਾਤੀ ਅਤੇ ਅੰਤਰ ਧਾਰਮਿਕ ਸੰਘਰਸ਼ਾਂ ਨੂੰ ਹੱਲਾਸ਼ੇਰੀ ਦੇਣ ਅਤੇ ਆਲਮੀ ਵਿਕਾਸ ਦੇ ਖੁਦਮੁਖਤਿਆਰ ਅਤੇ ਨਿਰਪੱਖ ਕੇਂਦਰਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ।
ਪੂਤਿਨ ਨੇ ਯੂਕਰੇਨ ’ਚ ਜੰਗ ਕਾਰਨ ਰੂਸ ਅਤੇ ਪੱਛਮੀ ਮੁਲਕਾਂ ਵਿਚਕਾਰ ਵਧੇ ਤਣਾਅ ਦਰਮਿਆਨ ਕਿਹਾ,‘‘ਰੂਸ ਆਲਮੀ ਟਕਰਾਅ ਰੋਕਣ ਲਈ ਸਭ ਕੁਝ ਕਰੇਗਾ ਪਰ ਕਿਸੇ ਨੂੰ ਅਸੀਂ ਡਰਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ ਅਤੇ ਸਾਡੀਆਂ ਰਣਨਤੀਕ ਤਾਕਤਾਂ ਜੰਗ ਲਈ ਤਿਆਰ ਹਨ।’’ ਵਿਜੈ ਦਿਵਸ ਮੌਕੇ ਹੋਈ ਪਰੇਡ ’ਚ ਕਰੀਬ 9 ਹਜ਼ਾਰ ਫ਼ੌਜੀਆਂ ਨੇ ਹਿੱਸਾ ਲਿਆ। ਇਨ੍ਹਾਂ ਫ਼ੌਜੀਆਂ ’ਚ ਯੂਕਰੇਨ ’ਚ ਲੜ ਚੁੱਕੇ ਇਕ ਹਜ਼ਾਰ ਜਵਾਨ ਵੀ ਸ਼ਾਮਲ ਹੋਏ। ਪੂਤਿਨ ਅਕਸਰ ਆਪਣੇ ਪਰਿਵਾਰਕ ਇਤਿਹਾਸ ਬਾਰੇ ਗੱਲ ਕਰਦੇ ਸਮੇਂ ਪਿਤਾ ਦੀਆਂ ਯਾਦਾਂ ਸਾਂਝੀਆਂ ਕਰਦੇ ਹਨ ਜੋ ਜੰਗ ’ਚ ਲੜਦੇ ਸਮੇਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਕਈ ਸਾਲਾਂ ਤੱਕ ਪੂਤਿਨ ਵਿਜੈ ਦਿਵਸ ਸਮਾਗਮ ਮੌਕੇ ਆਪਣੇ ਪਿਤਾ ਦੀ ਤਸਵੀਰ ਲੈ ਕੇ ਜਾਂਦੇ ਰਹੇ ਸਨ। ਵਿਜੈ ਦਿਵਸ ’ਤੇ ਹੋਣ ਵਾਲੇ ਪ੍ਰੋਗਰਾਮ ਪਹਿਲਾਂ ਕਰੋਨਾ ਵਾਇਰਸ ਮਹਾਮਾਰੀ ਕਾਰਨ ਅਤੇ ਫਿਰ ਯੂਕਰੇਨ ’ਚ ਜੰਗ ਸ਼ੁਰੂ ਹੋਣ ਮਗਰੋਂ ਸੁਰੱਖਿਆ ਚਿੰਤਾਵਾਂ ਕਾਰਨ ਨਹੀਂ ਹੋ ਸਕੇ ਸਨ।