ਸੱਟ ਕਾਰਨ ਟੀ-20 ਲੜੀ ’ਚੋਂ ਲਾਂਭੇ ਹੋਇਆ ਵਿਲੀਅਮਸਨ

ਵੇਲਿੰਗਟਨ-ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਸੱਟ ਦੀ ਸਮੱਸਿਆ ਕਾਰਨ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਟੀ-20 ਲੜੀ ਵਿੱਚ ਨਹੀਂ ਖੇਡ ਸਕੇਗਾ। ਟੀਮ ਦੇ ਅਧਿਕਾਰੀਆਂ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿੱਚ ਤੇਜ਼ ਗੇਂਦਬਾਜ਼ ਟਿਮ ਸਾਊਦੀ ਟੀਮ ਦੀ ਅਗਵਾਈ ਕਰੇਗਾ। ਵਿਲੀਅਮਸਨ ਦੇ ਨਵੰਬਰ ਦੇ ਅਖ਼ੀਰ ਵਿੱਚ ਮਹਿਮਾਨ ਟੀਮ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਵਾਪਸੀ ਦੀ ਉਮੀਦ ਹੈ।
ਕੋਚ ਗੈਰੀ ਸਟੀਡ ਨੇ ਕਿਹਾ ਕਿ ਇਹ ਉਹੀ ਸੱਟ ਹੈ, ਜਿਸ ਨੇ ਵਿਲੀਅਮਸਨ ਨੂੰ ਮਾਰਚ ਮਹੀਨੇ ਬੰਗਲਾਦੇਸ਼ ਖ਼ਿਲਾਫ਼ ਟੈਸਟ ਲੜੀ ਦੌਰਾਨ ਪ੍ਰੇਸ਼ਾਨ ਕੀਤਾ ਸੀ। ਸਟੀਡ ਨੇ ਕਿਹਾ, ‘‘ਇਹ ਕੇਨ ਲਈ ਮਾਯੂਸ਼ੀਜਨਕ ਹੈ, ਪਰ ਸਾਨੂੰ ਲਗਦਾ ਹੈ ਕਿ ਅੱਗੇ ਦੇ ਰੁਝੇਵੇਂ ਵਾਲੇ ਸੈਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਹੀ ਫ਼ੈਸਲਾ ਹੈ।’’ ਉਸ ਨੇ ਕਿਹਾ, ‘‘ਅਸੀਂ ਖ਼ੁਸ਼ਕਿਸਮਤ ਹਾਂ ਕਿ ਸਾਡੇ ਕੋਲ ਟਿਮ ਵਰਗਾ ਤਜਰਬੇਕਾਰ ਖਿਡਾਰੀ ਹੈ, ਜੋ ਅੱਗੇ ਵਧ ਕੇ ਟੀਮ ਦੀ ਕਮਾਨ ਸੰਭਾਲ ਸਕਦਾ ਹੈ।’’ ਸਟੀਡ ਨੇ ਕਿਹਾ ਕਿ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਤਿੰਨ ਮੈਚ ਤੇਜ਼ ਗੇਂਦਬਾਜ਼ ਲੌਕੀ ਫਰਗੂਸਨ ਅਤੇ ਅਗਲੇ ਦੋ ਮੈਚ ਟਰੈਂਟ ਬੋਲਟ ਖੇਡੇਗਾ।
25 ਅਕਤੂਬਰ ਤੋਂ ਕ੍ਰਾਈਸਟਚਰਚ ਵਿੱਚ ਸ਼ੁਰੂ ਹੋਣ ਵਾਲੀ ਇਹ ਲੜੀ ਪਹਿਲੀ ਨਵੰਬਰ ਤੱਕ ਚੱਲੇਗੀ। ਜੁਲਾਈ ਮਹੀਨੇ ਲਾਰਡਜ਼ ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਫਾਈਨਲ ਮਗਰੋਂ ਦੋਵਾਂ ਟੀਮਾਂ ਵਿਚਾਲੇ ਇਹ ਪਹਿਲੀ ਟੱਕਰ ਹੈ। ਨਿਊਜ਼ੀਲੈਂਡ ਖ਼ਿਲਾਫ਼ ਫਾਈਨਲ ਦਾ ਸੁਪਰ ਓਵਰ ਸਕੋਰ ਬਰਾਬਰ ਰਹਿਣ ਮਗਰੋਂ ਇੰਗਲੈਂਡ ਨੂੰ ਚੌਕੇ-ਛੱਕਿਆਂ ਦੇ ਆਧਾਰ ’ਤੇ ਚੈਂਪੀਅਨ ਐਲਾਨਿਆ ਗਿਆ ਸੀ। ਨਿਊਜ਼ੀਲੈਂਡ ਦੀ ਟੀਮ: ਟਿਮ ਸਾਊਦੀ (ਕਪਤਾਨ), ਟਰੈਂਟ ਬੋਲਟ (ਚੌਥੇ ਅਤੇ ਪੰਜਵੇਂ ਮੈਚ ਵਿੱਚ), ਕੋਲਿਨ ਡਿ ਗਰੈਂਡਹੋਮ, ਲੌਕੀ ਫਰਗੂਸਨ (ਪਹਿਲੇ ਤਿੰਨ ਮੈਚ), ਮਾਰਟਿਨ ਗੁਪਟਿਲ, ਸਕੌਟ ਕੁਗਲੇਈਯਨ, ਡੈਰਿਲ ਮਿਸ਼ੇਲ, ਕੋਲਿਨ ਮੁਨਰੋ, ਜਿੰਮੀ ਨੀਸ਼ਾਮ, ਮਿਸ਼ੇਲ ਸੇਂਟਨਰ, ਟਿਮ ਸੀਫ਼ਰਟ, ਈਸ਼ ਸੋਢੀ, ਰੌਸ ਟੇਲਰ, ਬਲੇਅਰ ਟਿੱਕਨਰ।