ਹੁਣ ਬੀਮਾ ਪਾਲਿਸੀ ਧਾਰਕਾਂ ਤੇ ਪਈ ਹੈਕਰਾਂ ਦੀ ਨਜ਼ਰ, ਇਸ ਤਰ੍ਹਾਂ ਕਰ ਰਹੇ ਨੇ ਧੋਖਾਧੜੀ

ਹੁਣ ਬੀਮਾ ਪਾਲਿਸੀ ਧਾਰਕਾਂ ਤੇ ਪਈ ਹੈਕਰਾਂ ਦੀ ਨਜ਼ਰ, ਇਸ ਤਰ੍ਹਾਂ ਕਰ ਰਹੇ ਨੇ ਧੋਖਾਧੜੀ

ਨਵੀਂ ਦਿੱਲੀ — ਬੀਮਾ ਪਾਲਿਸੀ ਵੇਚਣ ਲਈ ਲੋਕਾਂ ਨੂੰ ਬੀਮਾ ਏਜੈਂਟ ਦਾ ਫੋਨ ਕਾਲ ਆਉਣਾ ਆਮ ਗੱਲ ਹੈ। ਪਰ ਹੁਣ ਹੈਕਰਾਂ ਦੀ ਨਜ਼ਰ ਇਸ ਸੈਕਟਰ 'ਤੇ ਵੀ ਪੈ ਗਈ ਹੈ। ਹੁਣ ਇਸ ਤਰ੍ਹਾਂ ਦੀ ਕਾਲ ਆਉਣ 'ਤੇ ਵੀ ਸੁਚੇਤ ਰਹਿਣ ਦੀ ਲੋੜ ਹੈ। ਇਹ ਕਾਲ ਕਿਸੇ ਹੈਕਰ ਦੀ ਜਾਂ ਕਿਸੇ ਧੋਖਾਧੜੀ ਦੀ ਨੀਯਤ ਨਾਲ ਵੀ ਕੀਤੀ  ਹੋ ਸਕਦੀ ਹੈ। ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (ਆਈਆਰਡੀਏਆਈ) ਨੇ ਅਜਿਹੀਆਂ ਧੋਖਾਧੜੀ ਤੋਂ ਬਚਣ ਲਈ ਸੁਚੇਤ ਕੀਤਾ ਹੈ। ਆਈਆਰਡੀਏਆਈ ਨੇ ਸੰਭਾਵਿਤ ਬੀਮਾ ਪਾਲਿਸੀ ਖਰੀਦਦਾਰਾਂ ਲਈ ਕੁਝ ਗੱਲਾਂ ਵੀ ਦੱਸੀਆਂ ਹਨ, ਜਿਨ੍ਹਾਂ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਆਈਆਰਡੀਏਆਈ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨਾਲ ਬੀਮਾ ਪਾਲਿਸੀ ਦੇ ਨਾਮ 'ਤੇ ਧੋਖਾਧੜੀ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ।
ਇਹ ਹੈਕਰ RBI, ਬੀਮਾ ਟ੍ਰਾਂਜੈਕਸ਼ਨ ਵਿਭਾਗ ਜਾਂ ਹੋਰ ਸਰਕਾਰੀ ਏਜੰਸੀਆਂ ਦੇ ਨਾਮ 'ਤੇ ਲੋਕਾਂ ਦਾ ਸ਼ਿਕਾਰ ਕਰ ਰਹੇ ਹਨ। ਹੁਣ ਇਹ ਠੱਗ ਬੀਮਾ ਪਾਲਿਸੀ ਦੇ ਨਾਮ ਤੇ ਸ਼ਾਨਦਾਰ ਰਿਟਰਨ ਦੇਣ ਅਤੇ ਲੈਪਸ ਹੋ ਚੁੱਕੀ ਪਾਲਸੀ ਨੂੰ ਅਸਾਨੀ ਨਾਲ ਜਾਂ ਮੁਫ਼ਤ 'ਚ ਮੁੜ ਸ਼ੁਰੂ ਕਰਨ ਦਾ ਲਾਲਚ ਦੇ ਰਹੇ ਹਨ। ਹੋਰ ਤੇ ਹੋਰ ਇਹ ਹੈਕਰ ਮੌਜੂਦਾ ਬੀਮਾ ਪਾਲਸੀ 'ਤੇ ਜ਼ਿਆਦਾ ਰਕਮ ਦਾ ਕਲੇਮ ਦੇਣ ਦੀ ਗੱਲ ਦੱਸ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।
ਇਸ ਸਬੰਧ ਵਿਚ IRDAI ਨੇ ਕਿਹਾ ਹੈ ਕਿ ਉਹ ਕਿਸੇ ਵੀ ਕਿਸਮ ਦੀ ਬੀਮਾ ਪਾਲਸੀ ਜਾਂ ਕਿਸੇ ਵਿੱਤੀ ਉਤਪਾਦ ਵਿਚ ਸਿੱਧੇ ਤੌਰ 'ਤੇ ਕੋਈ ਭੂਮਿਕਾ ਨਹੀਂ ਨਿਭਾਉਂਦੀ। ਅਜਿਹੀ ਸਥਿਤੀ ਵਿਚ ਜੇ ਕਿਸੇ ਨੂੰ IRDAI ਦੇ ਨਾਂ 'ਤੇ ਕੋਈ ਕਾਲ ਆਉਂਦੀ ਹੈ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਇੱਕ ਧੋਖਾਧੜੀ ਦੀ ਕਾਲ ਹੈ। IRDAI ਨੇ ਕਿਹਾ ਹੈ ਕਿ ਅਜਿਹੀ ਕਿਸੇ ਵੀ ਕਾਲ ਦੀ ਸੱਚਾਈ ਦਾ ਪਤਾ ਲਗਾਉਣ ਤੋਂ ਬਾਅਦ ਹੀ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਕਿਸੇ ਵੀ ਕਿਸਮ ਦੀ ਪਾਲਿਸੀ ਖਰੀਦਣ ਲਈ ਲੋਕਾਂ ਨੂੰ ਸਿੱਧਾ ਬੀਮਾ ਕੰਪਨੀ ਜਾਂ ਇਸ ਦੁਆਰਾ ਅਧਿਕਾਰਤ ਏਜੰਟ ਨਾਲ ਹੀ ਸੰਪਰਕ ਕਰਨਾ ਚਾਹੀਦਾ ਹੈ।