ਪਾਕਿ ’ਚ ਚੱਲਦੀ ਰੇਲ ਗੱਡੀ ਨੂੰ ਅੱਗ, 73 ਮੌਤਾਂ

ਪਾਕਿ ’ਚ ਚੱਲਦੀ ਰੇਲ ਗੱਡੀ ਨੂੰ ਅੱਗ, 73 ਮੌਤਾਂ

ਲਾਹੌਰ-ਕਿਸਤਾਨ ਦੇ ਪੰਜਾਬ ਸੂਬੇ ’ਚ ਵੀਰਵਾਰ ਨੂੰ ਚੱਲਦੀ ਰੇਲਗੱਡੀ ’ਚ ਦੋ ਗੈਸ ਸਿਲੰਡਰ ਫਟਣ ਕਰਕੇ ਭਿਆਨਕ ਅੱਗ ਲੱਗ ਗਈ ਜਿਸ ਕਾਰਨ 73 ਮੁਸਾਫ਼ਰ ਮਾਰੇ ਗਏ। ਮ੍ਰਿਤਕਾਂ ’ਚ ਜ਼ਿਆਤਾਦਰ ਇਸਲਾਮਿਕ ਪ੍ਰਚਾਰਕ ਸਨ ਜੋ ਧਾਰਮਿਕ ਸਮਾਗਮ ਲਈ ਜਾ ਰਹੇ ਸਨ। ਕਰਾਚੀ ਤੋਂ ਲਾਹੌਰ ਜਾ ਰਹੀ ਤੇਜ਼ਗਾਮ ਐਕਸਪ੍ਰੈੱਸ ’ਚ ਸਵੇਰੇ 6 ਵਜੇ ਦੇ ਕਰੀਬ ਰਹੀਮ ਯਾਰ ਖ਼ਾਨ ਨੇੜੇ ਲਿਆਕਤਪੁਰ ਵਿਖੇ ਅੱਗ ਲੱਗੀ ਜਿਸ ਨਾਲ ਤਿੰਨ ਡੱਬੇ ਸੜ ਕੇ ਸੁਆਹ ਹੋ ਗਏ। ਰੇਲਗੱਡੀ ’ਚ ਮਹਿਲਾਵਾਂ ਅਤੇ ਬੱਚਿਆਂ ਸਮੇਤ 200 ਮੁਸਾਫ਼ਰ ਸਵਾਰ ਸਨ। ਅਧਿਕਾਰੀਆਂ ਮੁਤਾਬਕ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ 40 ਤੋਂ ਵੱਧ ਵਿਅਕਤੀ ਗੰਭੀਰ ਰੂਪ ’ਚ ਝੁਲਸੇ ਹਨ। ਜ਼ਿਆਦਾਤਰ ਲੋਕਾਂ ਦੀਆਂ ਚੱਲਦੀ ਰੇਲਗੱਡੀ ’ਚੋਂ ਛਾਲਾਂ ਮਾਰਨ ਕਰਕੇ ਮੌਤਾਂ ਹੋਈਆਂ ਹਨ। ਹਰੇਕ ਮ੍ਰਿਤਕ ਦੇ ਵਾਰਿਸਾਂ ਨੂੰ 15-15 ਲੱਖ ਰੁਪਏ ਦਾ ਮੁਆਵਜ਼ਾ ਅਤੇ ਜ਼ਖ਼ਮੀਆਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਰੇਲ ਮੰਤਰੀ ਸ਼ੇਖ਼ ਰਾਸ਼ਿਦ ਅਹਿਮਦ ਨੇ ਕਿਹਾ ਕਿ ਜ਼ਿਆਦਾਤਰ ਮ੍ਰਿਤਕ ਤਬਲੀਗੀ ਜਮਾਤ ਨਾਲ ਸਬੰਧਤ ਸਨ ਜੋ ਰਾਏਵਿੰਡ ’ਚ ਸਾਲਾਨਾ ਸਮਾਗਮ ’ਚ ਹਾਜ਼ਰੀ ਭਰਨ ਲਈ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਰੇਲਗੱਡੀ ’ਚ ਕੁਝ ਮੁਸਾਫ਼ਰ ਗੈਸ ਚੁੱਲ੍ਹਾ ਲੈ ਕੇ ਸਵਾਰ ਸਨ ਅਤੇ ਸਵੇਰ ਦਾ ਭੋਜਨ ਤਿਆਰ ਕਰਨ ਸਮੇਂ ਛੋਟੇ ਸਿਲੰਡਰਾਂ ’ਚ ਧਮਾਕਾ ਹੋ ਗਿਆ। ਧਮਾਕੇ ਮਗਰੋਂ ਰੇਲਗੱਡੀ ਦੇ ਤਿੰਨ ਡੱਬਿਆਂ ’ਚ ਅੱਗ ਲੱਗ ਗਈ। ਉਂਜ ਤਬਲੀਗੀ ਜਮਾਤ ਦੇ ਅਹੁਦੇਦਾਰਾਂ ਨੇ ਰੇਲਵੇ ਮੰਤਰੀ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਧਮਾਕਾ ਸ਼ਾਰਟ ਸਰਕਿਟ ਕਾਰਨ ਹੋਇਆ ਹੈ। ਜਮਾਤ ਨੇ ਕਿਹਾ ਕਿ ਕੁਝ ਜ਼ਖ਼ਮੀ ਮੁਸਾਫ਼ਰਾਂ ਨੇ ਰੇਲ ਅਧਿਕਾਰੀਆਂ ਕੋਲ ਬੁੱਧਵਾਰ ਦੇਰ ਰਾਤ ਨੂੰ ਸ਼ਾਰਟ ਸਰਕਿਟ ਦੀ ਗੰਧ ਆਉਣ ਬਾਰੇ ਜਾਣਕਾਰੀ ਦਿੱਤੀ ਸੀ ਪਰ ਉਨ੍ਹਾਂ ਇਸ ’ਤੇ ਕੋਈ ਧਿਆਨ ਨਹੀਂ ਦਿੱਤਾ ਅਤੇ ਵੀਰਵਾਰ ਸਵੇਰੇ ਧਮਾਕਾ ਹੋ ਗਿਆ।
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜ਼ਖ਼ਮੀਆਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਮੁਹੱਈਆ ਕਰਾਉਣ। ਉਨ੍ਹਾਂ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਅੱਗ ਬੁਝਾਉਣ ’ਚ ਕਾਮਯਾਬ ਰਹੀਆਂ। ਬਚਾਅ ਅਧਿਕਾਰੀਆਂ ਅਤੇ ਸੈਨਾ ਦੇ ਹੈਲੀਕਾਪਟਰਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਲਿਆਕਤ ਪੁਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਦੀਮ ਜ਼ਿਆ ਨੇ ਕਿਹਾ ਕਿ ਜ਼ਿਆਦਾਤਰ ਲਾਸ਼ਾਂ ਦੀ ਪਛਾਣ ਕਰਨਾ ਮੁਸ਼ਕਲ ਹੈ ਅਤੇ ਉਨ੍ਹਾਂ ਦੇ ਡੀਐੱਨਏ ਟੈਸਟਾਂ ਮਗਰੋਂ ਸ਼ਨਾਖ਼ਤ ਸੰਭਵ ਹੋ ਸਕੇਗੀ। ਰੇਲਵੇ ਅਧਿਕਾਰੀ ਮੁਤਾਬਕ ਅੱਗ ਲਗਣ ਮਗਰੋਂ ਰੇਲਗੱਡੀ ਦੋ ਕੁ ਕਿਲੋਮੀਟਰ ਅੱਗੇ ਜਾ ਕੇ ਰੁਕੀ। ਰੇਲਵੇ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਨੂੰ ਮੰਨਦਿਆਂ ਕਿਹਾ ਹੈ ਕਿ ਮੁਸਾਫ਼ਰਾਂ ਵੱਲੋਂ ਰੇਲਗੱਡੀ ’ਚ ਸਿਲੰਡਰ ਲੈ ਕੇ ਜਾਣ ਦੀ ਚੈਕਿੰਗ ਨਾ ਕਰਨ ਲਈ ਉਸ ਦੇ ਅਧਿਕਾਰੀਆਂ ਦੀ ਗਲਤੀ ਹੈ।