ਰਾਹਤ ਭਰੀ ਖ਼ਬਰ: UAE ਚ ਫਸੇ ਭਾਰਤੀਆਂ ਲਈ ਅਮੀਰਾਤ ਏਅਰਲਾਈਨ ਕਰੇਗੀ ਵਿਸ਼ੇਸ਼ ਉਡਾਣਾਂ ਦਾ ਸੰਚਾਲਨ

ਰਾਹਤ ਭਰੀ ਖ਼ਬਰ: UAE ਚ ਫਸੇ ਭਾਰਤੀਆਂ ਲਈ ਅਮੀਰਾਤ ਏਅਰਲਾਈਨ ਕਰੇਗੀ ਵਿਸ਼ੇਸ਼ ਉਡਾਣਾਂ ਦਾ ਸੰਚਾਲਨ

ਨਵੀਂ ਦਿੱਲੀ  : ਦੁਬਈ ਸਥਿਤ ਹਵਾਬਾਜ਼ੀ ਕੰਪਨੀ ਅਮੀਰਾਤ ਏਅਰਲਾਈਨ ਭਾਰਤੀਆਂ ਨੂੰ ਘਰ ਭੇਜਣ ਵਿਚ ਸਹਾਇਤਾ ਲਈ ਅਤੇ ਭਾਰਤ ਵਿਚ ਫਸੇ ਯੂ.ਏ.ਈ. ਦੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 12 ਤੋਂ 26 ਜੁਲਾਈ ਦਰਮਿਆਨ 5 ਭਾਰਤੀ ਸ਼ਹਿਰਾਂ ਲਈ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਕਰੇਗੀ। ਹਵਾਬਾਜ਼ੀ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਉਡਾਣਾਂ ਬੈਂਗਲੁਰੂ, ਦਿੱਲੀ, ਕੋਚੀ, ਮੁੰਬਈ ਅਤੇ ਤੀਰੁਵਨੰਤਪੁਰਮ ਲਈ ਸੰਚਾਲਿਤ ਕੀਤੀਆਂ ਜਾਣਗੀਆਂ।  ਬਿਆਨ ਵਿਚ ਇਹ ਸਪੱਸ਼ਟ ਕੀਤਾ ਗਿਆ ਕਿ ਸਿਰਫ ਯੂ.ਏ.ਈ. ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਦੁਬਈ ਤੋਂ 5 ਭਾਰਤੀ ਸ਼ਹਿਰਾਂ ਲਈ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਭਾਰਤ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ 23 ਮਾਰਚ ਨੂੰ ਅਣਮਿੱਥੇ ਸਮੇਂ ਲਈ ਸਾਰੀਆਂ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ। ਕਈ ਭਾਰਤੀ ਨਾਗਰਿਕ ਜਿਨ੍ਹਾਂ ਕੋਲ ਸੰਯੁਕਤ ਅਰਬ ਅਮੀਰਾਤ ਦੇ ਵੈਧ ਨਿਵਾਸ ਪਰਮਿਟ ਹਨ, ਉਹ ਪਿਛਲੇ ਕੁੱਝ ਹਫਤਿਆਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਉਡਾਣਾਂ ਦੀ ਕਮੀ ਦੇ ਬਾਰੇ ਵਿਚ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਕਰ ਰਹੇ ਸਨ। ਇਨ੍ਹਾਂ ਉਡਾਣਾਂ ਦੇ ਬਾਰੇ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ 9 ਜੁਲਾਈ ਨੂੰ ਟਵਿਟਰ 'ਤੇ ਜਾਣਕਾਰੀ ਦਿੱਤੀ ਸੀ। ਮੰਤਰਾਲਾ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੇ ਜਹਾਜ਼ਾਂ ਵੱਲੋਂ ਸੰਚਾਲਿਤ ਚਾਰਟਰ ਉਡਾਣਾਂ ਨੂੰ ਹੁਣ ਭਾਰਤੀ ਨਾਗਰਿਕਾਂ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਭਾਰਤ ਲਿਆਉਣ ਅਤੇ ਆਈ.ਸੀ.ਏ. ਵੱਲੋਂ ਪ੍ਰਵਾਨਿਤ ਯੂ.ਏ.ਈ. ਨਿਵਾਸੀਆਂ ਨੂੰ ਲਿਜਾਣ ਦੀ ਇਜਾਜ਼ਤ ਹੋਵੇਗੀ। ਆਈ.ਸੀ.ਏ. ਦਾ ਮੰਤਵ ਯੂ.ਏ.ਈ. ਫੈਡਰਲ ਅਥਾਰਿਟੀ ਫਾਰ ਆਈਡੈਂਟਿਟੀ ਐਂਡ ਸਿਟੀਜਨਸ਼ਿਪ ਹੈ। ਸੰਯੁਕਤ ਅਰਬ ਅਮੀਰਾਤ ਦੇ ਵੈਧ ਨਿਵਾਸ ਪਰਮਿਟ ਵਾਲੇ ਯਾਤਰੀ ਨੂੰ ਉਸ ਦੇਸ਼ ਵਿਚ ਪ੍ਰਵੇਸ਼ ਕਰਣ ਲਈ ਕੋਈ ਉਡਾਣ ਲੈਣ ਤੋਂ ਪਹਿਲਾਂ ਆਈ.ਸੀ.ਏ. ਦੀ ਮਨਜ਼ੂਰੀ ਲੈਣੀ ਹੋਵੇਗੀ।