ਮੋਦੀ ਨਾਲ ਕੰਮ ਕਰਨ ਲਈ ਉਤਸੁਕ ਹਾਂ: ਬੈਨੈੱਟ

ਮੋਦੀ ਨਾਲ ਕੰਮ ਕਰਨ ਲਈ ਉਤਸੁਕ ਹਾਂ: ਬੈਨੈੱਟ

ਇਜ਼ਰਾਈਲ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਨਫਤਾਲੀ ਬੈਨੈੱਟ ਨੇ ਅੱਜ ਕਿਹਾ ਉਹ ਭਾਰਤ ਨਾਲ ‘ਸ਼ਾਨਦਾਰ ਅਤੇ ਨਿੱਘੇ ਸਬੰਧਾਂ’ ਦੀ ਹੋਰ ਮਜ਼ਬੂਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੰਮ ਕਰਨ ਲਈ ਉਤਸੁਕ ਹਨ। ਬੈਨੈੱਟ ਨੇ ਇਹ ਗੱਲ ਸ੍ਰੀ ਮੋਦੀ ਵੱਲੋਂ ਟਵੀਟ ਰਾਹੀਂ ਭੇਜੀ ਵਧਾਈ ਦੇ ਜਵਾਬ ਵਿੱਚ ਆਖੀ ਹੈ।
ਸੱਜੇਪੱਖੀ ਯਾਮੀਨ ਪਾਰਟੀ ਦੇ ਨੇਤਾ ਨਫਤਾਲੀ ਬੈਨੈੱਟ ਨੇ ਐਤਵਾਰ ਨੂੰ ਇਜ਼ਰਾਈਲ ਦੇ 13ਵੇਂ ਪ੍ਰਧਾਨ ਮੰਤਰੀ ਵਜੋਂ ਅਹੁਦੇ ਦਾ ਹਲਫ਼ ਲਿਆ ਸੀ ਅਤੇ ਇਸ ਦੇ ਨਾਲ ਹੀ ਦੇਸ਼ ’ਚ ਬੈਂਜਾਮਿਨ ਨੇਤਨਯਾਹੂ ਦੇ 12 ਸਾਲ ਲੰਮੇ ਸ਼ਾਸਨ ਦਾ ਅੰਤ ਹੋ ਗਿਆ ਹੈ।
ਬੈਨੈੱਟ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਕਿਹਾ, ‘ਧੰਨਵਾਦ, ਪ੍ਰਧਾਨ ਮੰਤਰੀ ਸ੍ਰੀ ਮੋਦੀ, ਮੈਂ ਆਪਣੇ ਦੋਵਾਂ ਲੋਕਤੰਤਰਾਂ ਵਿਚਾਲੇ ਸ਼ਾਨਦਾਰ ਅਤੇ ਨਿੱਘੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਤੁਹਾਡੇ ਨਾਲ ਕੰਮ ਕਰਨ ਲਈ ਉਤਸੁਕ ਹਾਂ।’ ਇਸੇ ਦੌਰਾਨ ਇਜ਼ਰਾਈਲ ਦੇ ਬਦਲਵੇਂ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਯਾਇਰ ਲਪਿਡ ਨੇ ਅੱਜ ਕਿਹਾ ਕਿ ਨਵੀਂ ਸਰਕਾਰ ਭਾਰਤ ਨਾਲ ‘ਰਣਨੀਤਕ ਸਬੰਧਾਂ ਨੂੰ ਅੱਗੇ ਵਧਾਉਣ’ ਲਈ ਕੰਮ ਕਰੇਗੀ। ਉਨ੍ਹਾਂ ਨੇ ਇਹ ਗੱਲ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਭੇਜੇ ਵਧਾਈ ਟਵੀਟ ਦੇ ਜਵਾਬ ਵਿੱਚ ਆਖੀ ਹੈ। -ਪੀਟੀਆਈ
ਮੋਦੀ ਨੇ ਪ੍ਰਧਾਨ ਮੰਤਰੀ ਨਫਤਾਲੀ ਨੂੰ ਦਿੱਤੀ ਵਧਾਈ
ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਬੈਨੈੱਟ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਤਸੁਕ ਹਨ। ਮੋਦੀ ਨੇ ਟਵੀਟ ਕੀਤਾ, ‘ਅਸੀਂ ਅਗਲੇ ਵਰ੍ਹੇ ਆਪਣੇ ਕੂਟਨੀਤਕ ਸਬੰਧਾਂ ਦੇ 30 ਸਾਲ ਪੂਰੇ ਕਰਨ ਜਾ ਰਹੇ ਹਾਂ ਅਤੇ ਇਸ ਮੌਕੇ ਮੈਂ ਤੁਹਾਡੇ ਨਾਲ ਮੁਲਾਕਾਤ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਉਤਸੁਕ ਹਾਂ।’