ਧੋਨੀ ਤੋਂ ਬਾਅਦ PM ਮੋਦੀ ਨੇ ਰੈਨਾ ਨੂੰ ਲਿਖੀ ਚਿੱਠੀ, ਨਵੀਂ ਪਾਰੀ ਲਈ ਦਿੱਤੀਆਂ ਸ਼ੁੱਭਕਾਮਨਾਵਾਂ

ਧੋਨੀ ਤੋਂ ਬਾਅਦ PM ਮੋਦੀ ਨੇ ਰੈਨਾ ਨੂੰ ਲਿਖੀ ਚਿੱਠੀ, ਨਵੀਂ ਪਾਰੀ ਲਈ ਦਿੱਤੀਆਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਸਟ੍ਰੇਲੀਆ ਖ਼ਿਲਾਫ ਅਹਿਮਦਾਬਾਦ ਵਿਚ 2011 ਵਿਸ਼ਵ ਕੱਪ ਕੁਆਟਰ ਫਾਈਨਲ ਦੌਰਾਨ ਸੁਰੇਸ਼ ਰੈਨਾ ਦੇ ਸ਼ਾਨਦਾਰ ਕਵਰ ਡਰਾਈਵ ਅਜੇ ਵੀ ਯਾਦ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਹਰਫਨਮੌਲਾ ਦੇ ਅਣਗਿਣਤ ਪ੍ਰਸ਼ੰਸਕਾਂ ਨੂੰ ਉਸ ਦੀ ਕਮੀ ਖਲੇਗੀ। ਰੈਨਾ ਨੇ 15 ਅਗਸਤ ਨੂੰ ਮਹਿੰਦਰ ਸਿੰਘ ਧੋਨੀ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਕੁੱਝ ਮਿੰਟ ਬਾਅਦ ਹੀ ਖੁਦ ਵੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਦੋਵੇਂ ਦੋਸਤ ਹੁਣ ਚੇਨੱਈ ਸੁਪਰ ਕਿੰਗਸ ਲਈ ਇੰਡੀਅਨ ਪ੍ਰੀਮੀਅਰ ਲੀਗ ਵਿਚ ਖੇਡਣਗੇ।
ਧੋਨੀ ਨੂੰ ਪ੍ਰਸ਼ੰਸਾ ਪੱਤਰ ਲਿਖਣ ਦੇ ਬਾਦ ਮੋਦੀ ਨੇ ਰੈਨਾ ਨੂੰ 2 ਪੰਨੇ ਦਾ ਪੱਤਰ ਲਿਖ ਕੇ ਕਿਹਾ, 'ਮੈਂ ਸੰਨਿਆਸ ਸ਼ਬਦ ਦਾ ਇਸਤੇਮਾਲ ਨਹੀਂ ਕਰਣਾ ਚਾਹੁੰਦਾ, ਕਿਉਂਕਿ ਤੁਸੀਂ ਕਾਫ਼ੀ ਜਵਾਨ ਅਤੇ ਊਰਜਾਵਾਨ ਹੋ।' ਉਨ੍ਹਾਂ ਲਿਖਿਆ, 'ਤੁਹਾਡੇ ਕ੍ਰਿਕਟ ਕੈਰੀਅਰ ਵਿਚ ਕਈ ਵਾਰ ਤੁਹਾਨੂੰ ਨਾਕਾਮੀ ਝੱਲਣੀ ਪਈ ਪਰ ਤੁਸੀਂ ਹਰ ਵਾਰ ਉਨ੍ਹਾਂ ਚੁਣੌਤੀਆਂ ਤੋਂ ਨਿਖਰਕੇ ਆਏ।' ਇਸ ਦੇ ਨਾਲ ਹੀ ਰੈਨਾ ਨੂੰ ਨਵੀਂ ਪਾਰੀ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਰੈਨਾ ਨੇ ਪ੍ਰਧਾਨ ਮੰਤਰੀ ਨੂੰ ਧੰਨਵਾਦ ਕਰਦੇ ਹੋਏ ਟਵੀਟ ਕੀਤਾ, 'ਜਦੋਂ ਅਸੀਂ ਖੇਡਦੇ ਹਾਂ ਤਾਂ ਦੇਸ਼ ਲਈ ਖ਼ੂਨ ਪਸੀਨਾ ਦਿੰਦੇ ਹਾਂ। ਦੇਸ਼ ਵਾਸੀਆਂ ਤੋਂ ਮਿਲੇ ਪਿਆਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮਿਲੇ ਇਸ ਪਿਆਰ ਤੋਂ ਵੱਡੀ ਕੋਈ ਪ੍ਰਸ਼ੰਸਾ ਨਹੀਂ। ਧੰਨਵਾਦ ਨਰਿੰਦਰ ਮੋਦੀ ਜੀ ਤੁਹਾਡੀ ਪ੍ਰਸ਼ੰਸਾ ਅਤੇ ਸ਼ੁਭਕਾਮਨਾਵਾਂ ਲਈ।'
ਮੋਦੀ ਨੇ ਪੱਤਰ ਵਿਚ ਲਿਖਿਆ ਕਿ ਉਨ੍ਹਾਂ ਨੇ ਮੋਟੇਰਾ ਵਿਚ 2011 ਵਿਸ਼ਵ ਕੱਪ ਕੁਆਟਰ ਫਾਈਨਲ ਵਿਚ ਆਸਟਰੇਲੀਆ ਖਿਲਾਫ ਰੈਨਾ ਦੀ 34 ਦੌੜਾਂ ਦੀ ਨਾਬਾਦ ਪਾਰੀ ਦਾ ਪੂਰਾ ਮਜਾ ਲਿਆ ਸੀ। ਉਨ੍ਹਾਂ ਲਿਖਿਆ, 'ਭਾਰਤ 2011 ਵਿਸ਼ਵ ਕੱਪ ਵਿਚ ਤੁਹਾਡੀ ਪ੍ਰੇਰਣਾਦਾਇਕ ਭੂਮਿਕਾ ਨੂੰ ਨਹੀਂ ਭੁਲਾ ਸਕਦਾ। ਮੈਂ ਮੋਟੇਰਾ ਸਟੇਡੀਅਮ ਵਿਚ ਆਸਟਰੇਲੀਆ ਖ਼ਿਲਾਫ ਕੁਆਟਰ ਫਾਈਨਲ ਵਿਚ ਤੁਹਾਨੂੰ ਪਾਰੀ ਦੇ ਸੂਤਰਧਾਰ ਦੀ ਭੂਮਿਕਾ ਨਿਭਾਉਂਦੇ ਵੇਖਿਆ ।'  ਮੋਦੀ ਨੇ ਕਿਹਾ, 'ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਪ੍ਰਸ਼ੰਸਕਾਂ ਨੂੰ ਤੁਹਾਡੇ ਕਵਰ ਡਰਾਈਵਸ ਦੀ ਕਮੀ ਖਲੇਗੀ ਜੋ ਮੈਂ ਉਸ ਦਿਨ ਵੇਖੀ।' ਮੋਦੀ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ। ਉਨ੍ਹਾਂ ਨੇ ਰੈਨਾ ਨੂੰ ਨਿਪੁੰਨ 'ਟੀਮ ਮੈਨ' ਦੱਸਿਆ ਜੋ ਦੂਜਿਆਂ ਦੀ ਸਫਲਤਾ ਦਾ ਜਸ਼ਨ ਮਨਾਉਂਦਾ ਸੀ।