ਟਰੱਕ ਹਮਲੇ ਚ ਮਾਰੇ ਗਏ ਪਰਿਵਾਰ ਦੇ ਸਮਰਥਨ ਚ ਰੈਲੀ, ਕੈਨੇਡਾ ਦੇ ਝੰਡੇ ਚ ਲਪੇਟ ਦਿੱਤਾ ਸਨਮਾਨ

ਟਰੱਕ ਹਮਲੇ ਚ ਮਾਰੇ ਗਏ ਪਰਿਵਾਰ ਦੇ ਸਮਰਥਨ ਚ ਰੈਲੀ, ਕੈਨੇਡਾ ਦੇ ਝੰਡੇ ਚ ਲਪੇਟ ਦਿੱਤਾ ਸਨਮਾਨ

ਟੋਰਾਂਟੋ : ਕੈਨੇਡਾ ਦੇ ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਆਖਰੀ ਵਿਦਾਈ ਦੇ ਲਈ ਓਂਟਾਰੀਓ ਦੇ ਲੰਡਨ ਸ਼ਹਿਰ ਵਿਚ ਸਥਿਤ ਇਸਲਾਮਿਕ ਸੈਟਰ ਵਿਚ ਸੈਂਕੜੇ ਲੋਕ ਇਕੱਠੇ ਹੋਏ।ਇਹਨਾਂ ਚਾਰੇ ਮੈਂਬਰਾਂ ਦੇ ਤਾਬੂਤਾਂ ਨੂੰ ਕੈਨੇਡਾ ਦੇ ਝੰਡੇ ਨਾਲ ਲਪੇਟਿਆ ਗਿਆ ਸੀ। ਇਕ ਹਫ਼ਤਾ ਪਹਿਲਾਂ ਇਕ ਸਿਰਫਿਰੇ ਸ਼ਖਸ ਨੇ ਇਹਨਾਂ 'ਤੇ ਟਰੱਕ ਚੜ੍ਹਾ ਦਿੱਤਾ ਸੀ। ਇਸ ਹਮਲੇ ਵਿਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਅਤੇ 9 ਸਾਲ ਦਾ ਮੁੰਡਾ ਗੰਭੀਰ ਜ਼ਖਮੀ ਹੋ ਗਿਆ ਸੀ।
ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਦੇ ਸਨਮਾਨ ਵਿਚ ਪ੍ਰੋਗਰਾਮ ਇਕ ਘੰਟੇ ਤੱਕ ਚੱਲਿਆ। ਸਾਊਥ ਵੈਸਟ ਓਂਟਾਰੀਓ ਦੇ ਇਸਲਾਮਿਕ ਸੈਂਟਰ 'ਤੇ ਕੈਨੇਡਾ ਦੇ ਝੰਡੇ ਵਿਚ ਲਪੇਟੇ ਚਾਰ ਤਬੂਤਾਂ ਨੂੰ ਲਿਆਂਦਾ ਗਿਆ। ਸੋਗ ਸਭਾ ਦੇ ਬਾਅਦ ਚਾਰਾਂ ਨੂੰ ਕਬਰਸਤਾਨ ਵਿਚ ਸਪੁਰਦ ਏ ਖਾਕ ਕੀਤਾ ਗਿਆ। ਇਸ ਮੌਕੇ 'ਤੇ ਪਰਿਵਾਰ ਦੇ ਰਿਸ਼ਤੇਦਾਰ ਅਤੇ ਕਰੀਬੀ ਦੋਸਤ ਮੌਜੂਦ ਰਹੇ। ਮੁਸਲਿਮ ਪਰਿਵਾਰ ਦੇ ਜਿਹੜੇ ਚਾਰ ਮੈਂਬਰਾਂ ਦੀ ਹਮਲੇ ਵਿਚ ਮੌਤ ਹੋਈ ਉਹ ਤਿੰਨ ਪੀੜ੍ਹੀਆਂ ਨਾਲ ਜੁੜੇ ਸਨ। ਇਹਨਾਂ ਵਿਚ ਸਭ ਤੋਂ ਵੱਡੀ ਮੈਂਬਰ ਤਲਤ (74 ਸਾਲ) ਉਹਨਾਂ ਦੇ ਬੇਟੇ ਸਲਮਾਨ ਅਫਜ਼ਾਲ (46 ਸਾਲ) ਨੂੰਹ ਮਦੀਹਾ ਸਲਮਾਨ (44 ਸਾਲ) ਅਤੇ ਪੋਤੀ ਵੁਮਨਾ (15 ਸਾਲ) ਸ਼ਾਮਲ ਹਨ। ਪਰਿਵਾਰ ਦਾ ਸਭ ਤੋਂ ਛੋਟਾ ਫਾਏਜ਼ (9 ਸਾਲ) ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 
ਇਹ ਪਰਿਵਾਰ ਲੰਡਨ, ਓਂਟਾਰੀਓ ਤੋਂ ਬੀਤੇ ਐਤਵਾਰ ਸ਼ਾਮ ਨੂੰ ਘਰੋਂ ਨਿਕਲਿਆ ਸੀ ਉਦੋਂ ਉਹਨਾਂ ਨੂੰ ਪਿਕਅੱਪ ਟਰੱਕ ਨੇ ਕੁਚਲ ਦਿੱਤਾ। ਟਰੱਕ ਚਲਾਉਣ ਵਾਲੇ ਦੀ ਪਛਾਣ ਨੇਥੇਨਿਅਲ ਵੇਲਟਮੈਨ (20 ਸਾਲ) ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਇਸ ਹਮਲੇ ਨੂੰ 'ਹੇਟ ਕ੍ਰਾਈਮ' ਦੱਸਿਆ ਸੀ, ਜਿਸ ਨੂੰ ਸੋਚ ਸਮਝ ਕੇ ਅੰਜਾਮ ਦਿੱਤਾ ਗਿਆ। ਵੇਲਟਮੈਨ 'ਤੇ ਚਾਰ ਕਤਲਾਂ ਅਤੇ ਇਕ ਕਤਲ ਦੀ ਕੋਸ਼ਿਸ਼ ਦੇ ਦੋਸ਼ ਹਨ। ਇੱਥੇ ਦੱਸ ਦਈਏ ਕਿ ਇਹ ਪਰਿਵਾਰ 14 ਸਾਲ ਪਹਿਲਾਂ ਪਾਕਿਸਤਾਨ ਤੋਂ ਕੈਨੇਡਾ ਆਇਆ ਸੀ। ਸੋਗ ਸਭਾ ਵਿਚ ਮਦੀਹਾ ਸਲਮਾਨ ਦੇ ਮਾਮਾ ਅਲੀ ਇਸਲਾਮ ਨੇ ਕਿਹਾ,''ਰੰਗ ਅਤੇ ਨਸਲ ਤੋਂ ਉੱਪਰ ਉੱਠ ਕੇ ਇੱਥੇ ਭਾਵਨਾਵਾਂ ਦਾ ਪ੍ਰਗਟਾਵਾ, ਖਾਮੋਸ਼ ਹੰਝੂ ਹੀ ਸਭ ਕਹਿੰਦੇ ਹਨ ਜਿਹਨਾਂ ਨੂੰ ਅਸੀਂ ਜਾਣਦੇ ਹਾਂ ਅਤੇ ਜਿਹਨਾਂ ਤੋਂ ਅਸੀਂ ਅਜਨਬੀ ਹਾਂ। ਉਹਨਾਂ ਨੇ ਕਿਹਾ ਕਿ ਸਾਰਿਆਂ ਦੇ ਸਾਨੂੰ ਸੰਦੇਸ਼ ਮਿਲਣਾ ਸਾਡੇ ਜ਼ਖਮਾਂ ਦੇ ਭਰਨ ਵੱਲ ਪਹਿਲਾ ਕਦਮ ਹੈ।'' 
ਇਸ ਤੋਂ ਪਹਿਲਾਂ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮ ਨਾਮ ਦੇ ਗਰੁੱਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚਿੱਠੀ ਲਿਖਕੇ ਇਸਲਾਮੋਫੋਬੀਆ 'ਤੇ ਨੈਸ਼ਨਲ ਐਕਸ਼ਨ ਸੰਮਲੇਨ ਬੁਲਾਉਣ ਦੀ ਮੰਗ ਕੀਤੀ ਸੀ। ਇਸ ਘਟਨਾ ਨੂੰ ਟਰੂਡੋ ਨੂੰ ਅੱਤਵਾਦੀ ਹਮਲਾ ਦੱਸਿਆ ਸੀ। ਸ਼ਨੀਵਾਰ ਨੂੰ ਕੈਨੇਡਾ ਦੇ ਸਿਟੀ ਆਫ ਲੰਡਨ ਵਿਚ ਟਰੱਕ ਹਮਲੇ ਵਿਚ ਮਾਰੇ ਮੁਸਲਿਮ ਪਰਿਵਾਰ ਦੇ ਸਮਰਥਨ ਵਿਚ 7 ਕਿਲੋਮੀਟਰ ਲੰਬੀ ਰੈਲੀ ਕੱਢੀ ਗਈ। ਇਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ। ਰੈਲੀ ਵਿਚ ਕੁਝ ਲੋਕ ਪੋਸਟਰ ਲੈ ਕੇ ਵੀ ਚੱਲ ਰਹੇ ਸਨ। ਉਹਨਾਂ 'ਤੇ 'ਨਫਰਤ ਦਾ ਕੋਈ ਘਰ ਨਹੀਂ ਹੁੰਦਾ' ਅਤੇ 'ਨਫਰਤ 'ਤੇ ਪਿਆਰ' ਜਿਹੇ ਨਾਅਰੇ ਲਿਖੇ ਹੋਏ ਸਨ। ਲੋਕਾਂ ਦਾ ਕਹਿਣਾ ਸੀ ਕਿ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।