ਸ੍ਰੀ ਸ੍ਰੀ ਰਵੀਸ਼ੰਕਰ ਦਾ ਫ਼ਰੀਦਕੋਟ ’ਚ ਜ਼ੋਰਦਾਰ ਵਿਰੋਧ

ਸ੍ਰੀ ਸ੍ਰੀ ਰਵੀਸ਼ੰਕਰ ਦਾ ਫ਼ਰੀਦਕੋਟ ’ਚ ਜ਼ੋਰਦਾਰ ਵਿਰੋਧ

ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਵਿੱਚ ਪ੍ਰਵਚਨਾਂ ਲਈ ਆਏ ਆਰਟ ਆਫ ਲਿਵਿੰਗ ਸੰਸਥਾ ਦੇ ਮੁਖੀ ਸ੍ਰੀ ਸ੍ਰੀ ਰਵੀਸ਼ੰਕਰ ਦਾ ਪੰਜਾਬ ਸਟੂਡੈਂਟਸ ਯੂਨੀਅਨ, ਯੂਥ ਫਾਰ ਸਵਰਾਜ ਅਤੇ ਨੌਜਵਾਨ ਭਾਰਤ ਸਭਾ ਨੇ ਜ਼ੋਰਦਾਰ ਵਿਰੋਧ ਕੀਤਾ। ਪੁਲੀਸ ਨੇ ਵਿਰੋਧ ਕਰ ਰਹੇ 60 ਦੇ ਕਰੀਬ ਨੌਜਵਾਨਾਂ ਨੂੰ ਇੱਥੇ ਦਰਬਾਰ ਗੰਜ ਤੋਂ ਹਿਰਾਸਤ ਵਿੱਚ ਲੈ ਲਿਆ। ਮੁੱਖ ਸਮਾਗਮ ਵਾਲੀ ਥਾਂ ’ਤੇ ਪੁਲੀਸ ਨੇ ਛੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ। ਸਮਾਗਮ ਦੌਰਾਨ ਜਦੋਂ ਸ੍ਰੀ ਸ੍ਰੀ ਰਵੀਸ਼ੰਕਰ ਬੋਲਣ ਲੱਗੇ ਤਾਂ ਇੱਕ ਵਿਦਿਆਰਥਣ ਨੇ ਉਨ੍ਹਾਂ ਦੇ ਭਾਸ਼ਣ ਦਾ ਵਿਰੋਧ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਤੇ ਮਹਿਲਾ ਡਾਕਟਰ ਸੁਰੱਖਿਅਤ ਨਹੀਂ ਹਨ ਅਤੇ ਮਹਿਲਾ ਡਾਕਟਰਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਅਧਿਕਾਰੀਆਂ ਨੂੰ ਯੂਨੀਵਰਸਿਟੀ ਬਚਾ ਰਹੀ ਹੈ। ਨਾਅਰੇਬਾਜ਼ੀ ਕਰਨ ਵਾਲੀ ਵਿਦਿਆਰਥਣ ਹਰਵੀਰ ਕੌਰ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਮਹਿਲਾਵਾਂ ਨੂੰ ਸ਼ਾਂਤ ਰਹਿਣ ਦਾ ਸੁਨੇਹਾ ਦੇਣਾ ਬੇਤੁਕੀ ਗੱਲ ਹੈ। ਸ੍ਰੀ ਸ੍ਰੀ ਰਵੀਸ਼ੰਕਰ ਨਾਲ ਬੈਠੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਖਿਲਾਫ਼ ਵੀ ਵਿਦਿਆਰਥਣ ਨੇ ਨਾਅਰੇਬਾਜ਼ੀ ਕੀਤੀ। ਸੈਨੇਟ ਹਾਲ ਵਿੱਚ ਮੌਜੂਦ ਸੁਰੱਖਿਆ ਮੁਲਾਜ਼ਮ ਵਿਦਿਆਰਥਣ ਨੂੰ ਖਿੱਚ ਕੇ ਬਾਹਰ ਲੈ ਗਏ ਪਰੰਤੂ ਹੋਰ ਵਿਦਿਆਰਥਣਾਂ ਨਾਅਰੇਬਾਜ਼ੀ ਕਰਦੀਆਂ ਰਹੀਆਂ ਜਿਸ ਕਰਕੇ ਸਮਾਗਮ ਵਿੱਚ ਲੰਬਾ ਸਮਾਂ ਵਿਘਨ ਪਿਆ ਰਿਹਾ। ਸ੍ਰੀ ਸ੍ਰੀ ਰਵੀਸ਼ੰਕਰ ਨੇ ਕਿਹਾ ਕਿ ਵਿਰੋਧ ਕਰਨ ਵਾਲੀ ਵਿਦਿਆਰਥਣ ਦੇ ਗਿਲੇ-ਸ਼ਿਕਵੇ ਸੁਣੇ ਜਾਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਸਮਾਗਮ ਦਾ ਵਿਰੋਧ ਕਰਨ ਵਾਲੇ ਨੌਜਵਾਨ ਦਰਬਾਰ ਗੰਜ ਵਿੱਚ ਇਕੱਠੇ ਹੋਏ। ਜ਼ਿਲ੍ਹਾ ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਘੇਰ ਕੇ ਹਲਕਾ ਲਾਠੀਚਾਰਜ ਕੀਤਾ ਜਿਸ ਵਿੱਚ ਕੁਝ ਸਿੱਖ ਬੁਜ਼ਰਗਾਂ ਦੀਆਂ ਪੱਗਾਂ ਉਤਰ ਗਈਆਂ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਮੁੱਖ ਗੇਟ ਅਤੇ ਮੈਡੀਕਲ ਕਾਲਜ ਦੇ ਅੰਦਰ ਵੀ ਨੌਜਵਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੁਲੀਸ ਪੂਰਾ ਦਿਨ ਮੁਜ਼ਾਹਰਾਕਾਰੀਆਂ ਨੂੰ ਲੱਭਦੀ ਰਹੀ ਪਰੰਤੂ ਇਸ ਦੇ ਬਾਵਜੂਦ ਮੁਜ਼ਾਹਰਾਕਾਰੀਆਂ ਨੇ ਮੁੱਖ ਸਮਾਗਮ ਵਿੱਚ ਪਹੁੰਚ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੀਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਕੇਸ਼ਵ ਆਜ਼ਾਦ, ਗਗਨ ਸੰਗਰਾਮੀ, ਲਵਪ੍ਰੀਤ ਸਿੰਘ ਫੇਰੋਕੇ ਅਤੇ ਜਗਰੂਪ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਸਾਜ਼ਿਸ਼ ਤਹਿਤ ਸਰਕਾਰੀ ਵਿਦਿਅਕ ਅਦਾਰਿਆਂ ਦਾ ਭਗਵਾਂਕਰਨ ਕਰ ਰਹੀ ਹੈ। ਇਸੇ ਮੁਹਿੰਮ ਤਹਿਤ ਸ੍ਰੀ ਸ੍ਰੀ ਰਵੀਸ਼ੰਕਰ ਨੂੰ ਮੈਡੀਕਲ ਯੂਨੀਅਨ ਵਿੱਚ ਲਿਆਂਦਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਜਿਨਸੀ ਸ਼ੋਸ਼ਣ ਅਤੇ ਘਪਲੇਬਾਜ਼ੀ ਦੇ ਦੋਸ਼ਾਂ ਵਿੱਚ ਘਿਰੀ ਯੂਨੀਵਰਸਿਟੀ ਨੇ ਆਪਣਾ ਦਾਮਨ ਸਾਫ਼ ਕਰਨ ਲਈ ਸਰਕਾਰੀ ਖਰਚੇ ’ਤੇ ਧਾਰਮਿਕ ਆਗੂ ਨੂੰ ਇੱਥੇ ਬੁਲਾਇਆ ਜੋ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਸਮਗਾਮ ਵਿੱਚ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਵੀ ਆਉਣਾ ਸੀ ਪਰੰਤੂ ਉਹ ਸਮਾਗਮ ਵਿੱਚ ਨਹੀਂ ਆਏ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲੀਸ ਮੁਖੀ, ਡਿਪਟੀ ਕਮਿਸ਼ਨਰ ਅਤੇ ਸਥਾਨਕ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। ਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਦੇਖਦਿਆਂ 50 ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।