ਰੂਸੀ ਜਹਾਜ਼ ਹਾਦਸਾਗ੍ਰਸਤ, 28 ਮੁਸਾਫਰਾਂ ਦੇ ਮਾਰੇ ਜਾਣ ਦਾ ਖ਼ਦਸ਼ਾ

ਰੂਸੀ ਜਹਾਜ਼ ਹਾਦਸਾਗ੍ਰਸਤ, 28 ਮੁਸਾਫਰਾਂ ਦੇ ਮਾਰੇ ਜਾਣ ਦਾ ਖ਼ਦਸ਼ਾ

ਪੂਰਬੀ ਰੂਸ ਵਿੱਚ 28 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਅੱਜ ਲਾਪਤਾ ਹੋ ਗਿਆ, ਜਿਸ ਦਾ ਹਵਾਈ ਅੱਡੇ ਤੋਂ ਕੁੱਝ ਕਿਲੋਮੀਟਰ ਦੂਰ ਮਲਬਾ ਮਿਲਿਆ ਹੈ। ਅਧਿਕਾਰੀਆਂ ਨੇ ਸਾਰਿਆਂ ਦੇ ਮਰਨ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਪੇਤਰੋਪਾਵਲੋਵਸਕ-ਕਾਮਚਾਤਸਕੀ ਤੋਂ ਪਲਾਨਾ ਸ਼ਹਿਰ ਲਈ 22 ਯਾਤਰੀਆਂ ਅਤੇ ਛੇ ਜਹਾਜ਼ੀ ਅਮਲੇ ਨਾਲ ਉਡਾਣ ਭਰਨ ਵਾਲੇ ਐਂਤੋਨੋਵ ਐੱਨ-26 ਜਹਾਜ਼ ਦਾ ਉਤਰਨ ਤੋਂ ਪਹਿਲਾਂ ਖ਼ਰਾਬ ਮੌਸਮ ਕਾਰਨ ਸੰਪਰਕ ਟੁੱਟ ਗਿਆ ਸੀ। ਰੂਸ ਦੀ ਸਰਕਾਰੀ ਸ਼ਹਿਰੀ ਹਵਾਬਾਜ਼ੀ ਏਜੰਸੀ ਰੋਸਾਵਿਅਤਸੀਆ ਨੇ ਕਿਹਾ ਕਿ ਜਹਾਜ਼ ਦਾ ਕੁੱਝ ਹਿੱਸਾ ਹਵਾਈ ਅੱਡੇ ਤੋਂ ਪੰਜ ਕਿਲੋਮੀਟਰ ਦੂਰ ਸਮੁੰਦਰੀ ਖੇਤਰ ਵਿੱਚੋਂ ਮਿਲਿਆ ਹੈ। ਕਮਚਾਤਕਾ ਦੇ ਗਵਰਨਰ ਵਲਾਦੀਮੀਰ ਸੋਲੋਦੋਵ ਨੇ ਦੱਸਿਆ ਕਿ ਜਹਾਜ਼ ਦਾ ਮੁੱਖ ਹਿੱਸਾ ਸਮੁੰਦਰੀ ਤੱਟ ਕੋਲੋਂ ਜ਼ਮੀਨ ’ਤੇ ਪਿਆ ਮਿਲਿਆ, ਜਦੋਂਕਿ ਬਾਕੀ ਹਿੱਸਾ ਤੱਟ ਦੇ ਨੇੜੇ ਓਖੋਤਸਕ ਸਮੁੰਦਰ ਵਿੱਚ ਤੈਰ ਰਿਹਾ ਸੀ। ਜਹਾਜ਼ ਕਮਚਾਤਕਾ ਐਵੀਏਸ਼ਨ ਐਂਟਰਪ੍ਰਾਈਜ਼ ਕੰਪਨੀ ਦਾ ਸੀ ਅਤੇ 1982 ਤੋਂ ਸੇਵਾ ਵਿੱਚ ਸੀ। ਰੂਸੀ ਮੀਡੀਆ ਮੁਤਾਬਕ, ਜਹਾਜ਼ ਵਿੱਚ ਸਵਾਰ 28 ਲੋਕਾਂ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ। ਕੰਪਨੀ ਦੇ ਨਿਰਦੇਸ਼ਕ ਅਲੈਕਸੀ ਖਾਬਾਰੋਵ ਨੇ ਇੰਟਰਫੈਕਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ਵਿੱਚ ਤਕਨੀਕੀ ਗੜਬੜੀ ਨਹੀਂ ਸੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਕਮਚਾਤਕਾ ਐਵੀਏਸ਼ਨ ਐਂਟਰਪ੍ਰਾਈਜ਼ ਦੇ ਡਿਪਟੀ ਡਾਇਰੈਕਟਰ ਸਰਗੇਈ ਗੋਰਬ ਨੇ ਕਿਹਾ ਕਿ ਜਹਾਜ਼ ਇੱਕ ਸਮੁੰਦਰੀ ਚੱਟਾਨ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਕਮਚਾਤਕਾ ਸਰਕਾਰ ਨੇ ਦੱਸਿਆ ਕਿ ਜਹਾਜ਼ ਉਤਰਨ ਵਾਲਾ ਸੀ, ਉਦੋਂ ਪਲਾਨਾ ਦੇ ਹਵਾਈ ਅੱਡੇ ਤੋਂ ਲਗਪਗ 10 ਕਿਲੋਮੀਟਰ ਦੂਰ ਉਸ ਨਾਲ ਸੰਪਰਕ ਟੁੱਟ ਗਿਆ। ਪਲਾਨਾ ਦੀ ਸਥਾਨਕ ਸਰਕਾਰ ਦੇ ਮੁਖੀ ਓਲਗਾ ਮੋਖਿਰੇਵਾ ਜਹਾਜ਼ ਵਿੱਚ ਸਵਾਰ ਸਨ। -