ਤਿੰਨ ਹਫ਼ਤਿਆਂ ਬਾਅਦ ਉਭਰਿਆ ਖੱਟਰ ਸਰਕਾਰ ਦਾ ਮੂੰਹ-ਮੱਥਾ

ਤਿੰਨ ਹਫ਼ਤਿਆਂ ਬਾਅਦ ਉਭਰਿਆ ਖੱਟਰ ਸਰਕਾਰ ਦਾ ਮੂੰਹ-ਮੱਥਾ

ਚੰਡੀਗੜ੍ਹ-ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਿਫਾਰਸ਼ ਉੱਤੇ ਹਰਿਆਣਾ ਦੇ ਰਾਜਪਾਲ ਨੇ ਵਿਧਾਨ ਸਭਾ ਦੇ ਨਵੇਂ ਚੁਣੇ ਮੈਂਬਰਾਂ ਵਿਚੋਂ ਛੇ ਨੂੰ ਕੈਬਨਿਟ ਮੰਤਰੀ ਅਤੇ ਚਾਰ ਨੂੰ ਰਾਜ ਮੰਤਰੀਆਂ ਵਜੋਂ ਅੱਜ ਅਹੁਦੇ ਦੀ ਸਹੁੰ ਚੁਕਾਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸਮੇਤ ਮੰਤਰੀਆਂ ਦੀ ਗਿਣਤੀ 12 ਹੋ ਗਈ ਹੈ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਪਿਹੋਵਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੰਦੀਪ ਸਿੰਘ ਨੂੰ ਰਾਜ ਮੰਤਰੀ ਵਜੋਂ ਵਜ਼ਾਰਤ ਵਿਚ ਸ਼ਾਮਲ ਕੀਤਾ ਗਿਆ ਹੈ। ਖੱਟਰ ਵਜ਼ਾਰਤ ਦੇ ਉਹ ਇਕੋ ਇੱਕ ਮੰਤਰੀ ਹਨ, ਜਿਨ੍ਹਾਂ ਨੇ ਪੰਜਾਬੀ ਵਿਚ ਸਹੁੰ ਚੁੱਕੀ ਹੈ।
ਮੰਤਰੀਆਂ ਨੂੰ ਹਰਿਆਣਾ ਦੇ ਰਾਜਪਾਲ ਸਤਯਦੇਵ ਨਾਰਾਇਣ ਆਰੀਆ ਨੇ ਨਵੇਂ ਮੰਤਰੀਆਂ ਨੂੰ ਹਰਿਆਣਾ ਰਾਜ ਭਵਨ ਵਿਚ ਕਰਵਾਏ ਸਮਾਗਮ ਵਿਚ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਸਪੀਕਰ ਗਿਆਨ ਚੰਦ ਗੁਪਤਾ, ਜਨਨਾਇਕ ਜਨਤਾ ਪਾਰਟੀ ਦੇ ਪ੍ਰਧਾਨ ਨਿਸ਼ਾਨ ਸਿੰਘ, ਭਾਜਪਾ ਦੇ ਸੂਬਾਈ ਪ੍ਰਧਾਨ ਸੁਭਾਸ਼ ਬਰਾਲਾ ਤੇ ਤਿੰਨ ਕੇਂਦਰੀ ਮੰਤਰੀ, ਸੂਬੇ ਦੇ ਸਾਬਕਾ ਮੰਤਰੀ ਵੀ ਹਾਜ਼ਰ ਸਨ। ਸਭ ਤੋਂ ਪਹਿਲਾਂ ਅੰਬਾਲਾ ਛਾਉਣੀ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਅਨਿਲ ਜੈਨ ਨੂੰ ਸਹੁੰ ਚੁੱਕਾਈ ਗਈ ਤੇ ਸਮਾਗਮ ਵਿੱਚ ਹਾਜ਼ਰ ਲੋਕਾਂ ਨੇ ਨਾਅਰੇ ਲਾ ਕੇ ਉਨ੍ਹਾਂ ਦਾ ਸੁਆਗਤ ਕੀਤਾ। ਉਨ੍ਹਾਂ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਜਗਾਧਰੀ ਤੋਂ ਭਾਜਪਾ ਵਿਧਾਇਕ ਕੰਵਰ ਪਾਲ ਗੁੱਜਰ, ਬੱਲਭਗੜ੍ਹ ਤੋਂ ਭਾਜਪਾ ਵਿਧਾਇਕ ਮੂਲ ਚੰਦ ਸ਼ਰਮਾ, ਰਾਣੀਆ ਤੋਂ ਆਜ਼ਾਦ ਵਿਧਾਇਕ ਰਣਜੀਤ ਸਿੰਘ ਚੌਟਾਲਾ, ਲੋਹਾਰੂ ਤੋਂ ਭਾਜਪਾ ਵਿਧਾਇਕ ਜੈ ਪ੍ਰਕਾਸ਼ ਦਲਾਲ ਅਤੇ ਬਾਵਲ ਤੋਂ ਭਾਜਪਾ ਵਿਧਾਇਕ ਡਾ. ਬਨਵਾਰੀ ਲਾਲ ਨੂੰ ਸਹੁੰ ਚੁਕਾਈ ਗਈ।
ਇਨ੍ਹਾਂ ਤੋਂ ਬਾਅਦ ਜਿਨ੍ਹਾਂ ਨੂੰ ਰਾਜ ਮੰਤਰੀ (ਆਜ਼ਾਦ ਚਾਰਜ) ਵਜੋਂ ਸਹੁੰ ਚੁਕਾਈ ਗਈ, ਉਨ੍ਹਾਂ ਵਿਚ ਨਾਰਨੌਲ ਤੋਂ ਭਾਜਪਾ ਵਿਧਾਇਕ ਓਮ ਪ੍ਰਕਾਸ਼ ਯਾਦਵ, ਕਲਾਇਤ ਤੋਂ ਭਾਜਪਾ ਵਿਧਾਇਕ ਸ੍ਰੀਮਤੀ ਕਮਲੇਸ਼ ਢਾਂਡਾ, ਉਕਲਾਨਾ (ਰਾਖਵੇਂ) ਹਲਕੇ ਤੋਂ ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕ ਅਨੂਪ ਧਾਨਕ,ਪਿਹੋਵਾ ਤੋਂ ਭਾਜਪਾ ਵਿਧਾਇਕ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸੰਦੀਪ ਸਿੰਘ ਸ਼ਾਮਲ ਹਨ। ਸਮਾਰੋਹ ਵਿੱਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ, ਸਮਾਜਿਕ ਨਿਆਂ ਮੰਤਰੀ ਕ੍ਰਿਸ਼ਨ ਪਾਲ ਗੁੱਜਰ, ਹਰਿਆਣਾ ਭਾਜਪਾ ਦੇ ਇੰਚਾਰਜ ਅਤੇ ਰਾਜ ਸਭਾ ਮੈਂਬਰ ਡਾ. ਅਨਿਲ ਜੈਨ, ਰਾਜ ਸਭਾ ਮੈਂਬਰ ਮੇਜਰ ਜਨਰਲ (ਸੇਵਾਮੁਕਤ) ਡਾ. ਡੀ.ਪੀ.ਵਤਸ, ਲੋਕ ਸਭਾ ਮੈਂਬਰ ਰਮੇਸ਼ ਕੌਸ਼ਿਕ, ਧਰਮਵੀਰ ਸਿੰਘ, ਸੰਜੈ ਭਾਟੀਆ, ਨਾਇਬ ਸਿੰਘ ਸੈਣੀ ਅਤੇ ਸ੍ਰੀਮਤੀ ਸੁਨੀਤਾ ਦੁੱਗਲ ਆਦਿ ਹਾਜ਼ਰ ਸਨ।