ਅਕਾਲੀ ਦਲ ਵੱਲੋਂ ਮੋਦੀ ਨੂੰ ਦਮਨ ਵਿਰੁੱਧ ਚਿਤਾਵਨੀ

ਅਕਾਲੀ ਦਲ ਵੱਲੋਂ ਮੋਦੀ ਨੂੰ ਦਮਨ ਵਿਰੁੱਧ ਚਿਤਾਵਨੀ

ਸ਼੍ਰੋਮਣੀ ਅਕਾਲੀ ਦਲ ਨੇ ਮੋਦੀ ਸਰਕਾਰ ਨੂੰ ਦਮਨਕਾਰੀ ਕਦਮ ਚੁੱਕਣ ਵਿਰੁੱਧ ਚਿਤਾਵਨੀ ਦਿੱਤੀ ਹੈ। ਪਾਰਟੀ ਨੇ ਕਿਹਾ ਹੈ ਕਿ ਸਰਕਾਰ ਅਜਿਹਾ ਦਮਨਕਾਰੀ ਕਦਮ  ਨਾ ਚੁੱਕੇ ਜਿਸ ਨਾਲ ਕਿਸਾਨਾਂ ਦੇ ਮਨਾਂ ਵਿਚ ਭਾਵੁਕ ਸੱਟਾਂ ਡੂੰਘੀਆਂ ਹੋਣ ਅਤੇ ਕੌਮੀ ਏਕਤਾ ਕਮਜ਼ੋਰ ਹੋਵੇ ਅਤੇ  ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਭੰਗ ਹੋਵੇ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਸ਼ਤਾਬਦੀ ਸਥਾਪਨਾ ਦਿਵਸ ਨੂੰ ‘ਸੰਘਰਸ਼ ਸਮਰਪਣ ਦਿਵਸ’ ਵਜੋਂ ਸਰਬੱਤ ਦੇ ਭਲੇ ਵਾਸਤੇ ਮਨਾਏ ਜਿਸ ਵਿਚ ਵਿਸ਼ੇਸ਼ ਧਿਆਨ ਕਿਸਾਨ ਹਿੱਤਾਂ ਅਤੇ ਉਹਨਾਂ ਲਈ ਨਿਆਂ ’ਤੇ ਰਹੇਗਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਵਿੱਚ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਹਰ ਕੀਮਤ ’ਤੇ ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਦੀ ਰਾਖੀ ਕਰੇਗਾ ਅਤੇ ਇਹਨਾਂ ਸਿਧਾਂਤਾਂ ਖ਼ਿਲਾਫ਼ ਹਰ ਸਾਜ਼ਿਸ਼  ਨੂੰ ਮਾਤ ਪਾਵੇਗਾ। ਸਰਕਾਰ ਨੂੰ  ਦੇਸ਼ ਦੇ ਅੰਨਦਾਤਾ ਖ਼ਿਲਾਫ਼ ਅੜੀਅਲ ਸਟੈਂਡ ਨਾ ਲੈਣ ਲਈ ਆਖਦਿਆਂ ਅਕਾਲੀ ਦਲ ਵੱਲੋਂ ਪਾਏ ਮਤੇ ਵਿੱਚ ਕਿਹਾ ਗਿਆ ਕਿ ਜੇਕਰ ਸਰਕਾਰ ਪੁਰਾਣੇ ਕਾਨੂੰਨ ਦੀ ਹਰ ਧਾਰਾ ਬਦਲਣ ਲਈ ਤਿਆਰ ਹੈ ਤਾਂ ਫਿਰ ਉਹ ਇਹਨਾਂ ਸਾਰਿਆਂ ਨੂੰ ਖਾਰਜ ਕਰਨ ਵਾਸਤੇ ਤਿਆਰ ਕਿਉਂ ਨਹੀਂ ਹੈ ਜਦੋਂਕਿ ਤੁਸੀਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹੋ ਤਾਂ ਫਿਰ ਸਾਰੀਆਂ ਮੰਗਾਂ ਨਵੇਂ ਕਾਨੂੰਨ ਵਿੱਚ ਸ਼ਾਮਲ ਕਰ ਕੇ ਇਹ ਬਹਿਸ ਹਮੇਸ਼ਾ ਲਈ ਖ਼ਤਮ ਕਿਉਂ ਨਹੀਂ ਕਰਦੇ ?
ਪਾਰਟੀ ਨੇ ਦੇਸ਼ ਭਗਤ ਕਿਸਾਨਾਂ ਦੇ ਅੰਦੋਲਨ ਨੂੰ  ਫ਼ਿਰਕੂ ਤੇ ਵੱਖਵਾਦੀ ਰੰਗਾਂ ਵਿੱਚ ਰੰਗਣ ਦੀ ਸਾਜ਼ਿਸ਼ ਦੀ ਜ਼ੋਰਦਾਰ ਨਿਖੇਧੀ ਕੀਤੀ। ਇਹ ਅੰਦੋਲਨ ਨਾ ਸਿਰਫ਼ ਸ਼ਾਂਤੀਪੂਰਨ ਤੇ ਲੋਕਤੰਤਰੀ ਹੈ ਬਲਕਿ ਇਹ ਪੂਰੀ ਤਰ੍ਹਾਂ ਧਰਮ ਨਿਰਪੱਖ, ਰਾਸ਼ਟਰਵਾਦੀ ਅਤੇ ਦੇਸ਼ਭਗਤੀ ਭਰਿਆ ਹੈ। ਰੋਸ ਵਿਖਾਵਾ ਕਰਨ ਵਾਲਿਆਂ ਵਿੱਚੋਂ ਵੱਡੀ ਗਿਣਤੀ ਦੇ ਪੁੱਤਰ ਇਸ ਵੇਲੇ ਚੀਨ ਅਤੇ ਪਾਕਿਸਤਾਨ ਦੇ ਖ਼ਿਲਾਫ਼ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਮਤੇ ਵਿੱਚ ਹਿੰਦੂਆਂ ਅਤੇ ਸਿੱਖਾਂ ਅਤੇ ਕਿਸਾਨਾਂ ਤੇ ਵਪਾਰੀਆਂ ਵਿਚਾਲੇ ਵੰਡ ਪਾਉਣ ਲਈ ਡੂੰਘੀ ਸਾਜ਼ਿਸ਼ ਰਚੇ ਜਾਣ ’ਤੇ ਚਿੰਤਾ ਪ੍ਰਗਟ ਕਰਦਿਆਂ ਇਸਦੀ ਨਿਖੇਧੀ ਕੀਤੀ ਗਈ। ਇਹ ਇਕ ਦੇਸ਼ ਵਿਰੋਧੀ ਸਾਜ਼ਿਸ਼ ਹੈ ਅਤੇ ਅਕਾਲੀ ਦਲ ਆਪਣਾ ਸਾਰਾ ਤਾਣ ਲਗਾ ਕੇ ਇਸਦੇ ਖ਼ਿਲਾਫ਼ ਲੜਾਈ ਲੜੇਗਾ। ਕਿਸਾਨ ਅੰਦੋਲਨ ਲੋਕਾਂ ਦਾ ਅੰਦੋਲਨ ਹੈ ਜੋ ਪੂਰੀ ਤਰ੍ਹਾਂ ਸ਼ਾਂਤੀਪੂਰਨ, ਲੋਕਤੰਤਰੀ ਅਤੇ ਧਰਮ ਨਿਰਪੱਖ ਅੰਦੋਲਨ ਹੈ। ਭਾਰਤ ਬੰਦ ਨੂੰ ਸਮਾਜ ਦੇ ਹਰ ਵਰਗ ਤੋਂ ਮਿਲੀ ਹਮਾਇਤ ਇਸ ਗੱਲ ਦਾ ਪ੍ਰਤੱਖ ਸਬੂਤ ਹੈ। ਕੋਰ ਕਮੇਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤ ਸਰਕਾਰ ਨਾਲ ਗੁਪਤ ਸਾਂਝ ਤਹਿਤ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚਦਿਆਂ ਧਰੋਹ ਕਮਾਉਣ ਵਾਲੀ ਭੂਮਿਕਾ ਦੀ ਵੀ ਨਿਖੇਧੀ ਕੀਤੀ। ਕਮੇਟੀ ਨੇ ਕਿਹਾ ਕਿ ਇਹ ਕੇਂਦਰ ਵਿੱਚ ਸੱਤਾਧਾਰੀਆਂ ਨਾਲ ਗੁਪਤ ਮੀਟਿੰਗਾਂ ਕਰਦੇ ਰਹੇ ਅਤੇ ਉਹਨਾਂ ਦਾ ਇਕੋ ਯੋਗਦਾਨ ਇਹ ਹੈ ਕਿ ਫੁੱਟ ਪਾਉਣ ਲਈ ਉਹਨਾਂ ਪੂਰਾ ਜ਼ੋਰ ਲਗਾਇਆ।  ਕਮੇਟੀ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਕੇਂਦਰ ਨੂੰ ਸਲਾਹ ਦੇਣ ਦੀ ਥਾਂ ਕਿਸਾਨਾਂ ਨੂੰ ਜ਼ਿੰਮੇਵਾਰੀ ਨਾਲ ਪੇਸ਼ ਆਉਣ ਦੀਆਂ ਨਸੀਹਤਾਂ ਦੇ ਰਹੇ ਹਨ।
ਪਾਰਟੀ ਨੇ ਕਿਹਾ ਕਿ ਉਹ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਕਿਸਾਨੀ ਮੰਗਾਂ ਦੀ ਪੁਰਜ਼ੋਰ ਹਮਾਇਤ ਕਰਦੀ ਹੈ। ਇਹ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਲੋਕਤੰਤਰੀ ਕਿਸਮ ਦਾ ਅੰਦੋਲਨ ਹੈ, ਜਿਸਨੇ ਸਾਬਤ ਕੀਤਾ ਕਿ ਕਿਸਾਨ ਦੇਸ਼ ਪ੍ਰਤੀ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਣ ਪ੍ਰਤੀ ਸਜਗ ਹੈ। ਪਾਰਟੀ ਨੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪਾਰਟੀ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ। ਮੀਟਿੰਗ ਵਿੱਚ ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ,  ਜਥੇਦਾਰ ਤੋਤਾ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ,  ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਡਾ. ਉਪਿੰਦਰਜੀਤ ਕੌਰ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ, ਅਵਤਾਰ ਸਿੰਘ ਹਿੱਤ ਅਤੇ ਬਲਦੇਵ ਸਿੰਘ ਮਾਨ ਨੇ ਵੀ ਸ਼ਮੂਲੀਅਤ ਕੀਤੀ।