ਸਿਲਿਚ ਅਤੇ ਸੋਂਗਾ ਦੂਜੇ ਗੇੜ ’ਚ

ਪੈਰਿਸ-ਸਾਬਕਾ ਯੂਐੱਸ ਓਪਨ ਚੈਂਪੀਅਨ ਮਾਰਿਨ ਸਿਲਿਚ ਅਤੇ ਜੋ-ਵਿਲਫਰੈੱਡ ਸੋਂਗਾ ਇੱਥੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪਹੁੰਚ ਗਏ ਹਨ, ਜਦਕਿ ਸਵਿੱਸ ਖਿਡਾਰੀ ਰੋਜਰ ਫੈਡਰਰ ਨੇ ਇਸ ਟੂਰਨਾਮੈਂਟ ਤੋਂ ਹਟਣਾ ਦਾ ਫ਼ੈਸਲਾ ਕੀਤਾ ਹੈ। ਸਿਲਿਚ ਪਹਿਲਾ ਗ਼ੈਰ-ਦਰਜਾ ਪ੍ਰਾਪਤ ਖਿਡਾਰੀ ਸੀ, ਜਿਸ ਨੇ ਪੋਲੈਂਡ ਦੇ ਹੁਬਰਟ ਹਰਕਾਜ਼ ਨੂੰ 7-6 (7/5), 6-4 ਨਾਲ ਹਰਾ ਕੇ ਆਖ਼ਰੀ-32 ਵਿੱਚ ਥਾਂ ਪੱਕੀ ਕੀਤੀ। ਪੈਰਿਸ ਮਾਸਟਰਜ਼ ਵਿੱਚ ਸਾਲ 2008 ਦੌਰਾਨ ਖ਼ਿਤਾਬ ਜਿੱਤਣ ਵਾਲੇ ਸੋਂਗਾ ਨੇ ਰੂਸ ਦੇ ਆਂਦਰੇ ਰੂਬਲੇਵ ਨੂੰ 4-6, 7-5, 6-4 ਨਾਲ ਸ਼ਿਕਸਤ ਦਿੱਤੀ।
ਦੁਨੀਆਂ ਦੇ ਤੀਜੇ ਨੰਬਰ ਦੇ ਖਿਡਾਰੀ ਫੈਡਰਰ ਨੇ ਬੀਤੇ ਐਤਵਾਰ ਆਪਣਾ ਦਸਵਾਂ ਬਾਸੇਲ ਖ਼ਿਤਾਬ ਜਿੱਤਿਆ ਹੈ। ਉਸ ਨੇ ਪੈਰਿਸ ਮਾਸਟਰਜ਼ ਤੋਂ ਹਟਣ ਦਾ ਐਲਾਨ ਕਰਦਿਆਂ ਕਿਹਾ, ‘‘ਮੈਂ ਖ਼ੁਦ ਵਿੱਚ ਹੋਰ ਫੁਰਤੀ ਲਿਆਉਣੀ ਹੈ ਕਿਉਂਕਿ ਮੈਂ ਏਟੀਪੀ ਟੂਰ ’ਤੇ ਵੱਧ ਤੋਂ ਵੱਧ ਖੇਡਣਾ ਚਾਹੁੰਦਾ ਹਾਂ।’’ ਫੈਡਰਰ ਵੱਲੋਂ ਹਟਣ ਦੇ ਫ਼ੈਸਲੇ ਨੂੰ ਦੇਰ ਨਾਲ ਦੱਸਣ ਤੋਂ ਟੂਰਨਾਮੈਂਟ ਨਿਰਦੇਸ਼ਕ ਗੁਈ ਫੋਰਗੈੱਟ ‘ਨਿਰਾਸ਼’ ਸੀ।
ਫਰਾਂਸ ਦੇ ਜੇਰੇਮੀ ਚਾਰਡੀ ਅਤੇ ਬੇਨੋਇਟ ਪੇਅਰੇ ਵੀ ਅੱਗੇ ਵਧਣ ਵਿੱਚ ਸਫਲ ਰਿਹਾ। ਚਾਰਡੀ ਨੇ ਅਮਰੀਕਾ ਦੇ ਸੈਮ ਕੁਐਰੀ ਨੂੰ 5-7, 6-3, 7-5 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਵਿਸ਼ਵ ਦੇ ਨੰਬਰ ਚਾਰ ਖਿਡਾਰੀ ਡੈਨਿਲ ਮੈਦਵੇਦੇਵ ਨਾਲ ਹੋਵੇਗਾ। ਪੇਅਰੇ ਨੇ ਬੋਸਨੀਆ ਦੇ ਦਾਮਿਰ ਦਜ਼ੁਮਹੁਰ ਨੂੰ 7-5, 6-4 ਨਾਲ ਸ਼ਿਕਸਤ ਦਿੱਤੀ। ਪੇਅਰੇ ਦਾ ਸਾਹਮਣਾ ਹਮਵਤਨ ਫਰਾਂਸੀਸੀ ਗੇਲ ਮੌਂਫਿਲਜ਼ ਨਾਲ ਹੋਵੇਗਾ। ਕ੍ਰੋਏਸ਼ੀਆ ਬੋਰਨਾ ਕੋਰਿਚ ਨੂੰ ਫਰਨਾਂਡੋ ਵਰਡਾਸਕੋ ਦੇ ਹੱਥੋਂ 3-6, 6-4, 6-3 ਨਾਲ ਹਾਰ ਝੱਲਣੀ ਪਈ। ਸਾਬਕਾ ਵਿੰਬਲਡਨ ਚੈਂਪੀਅਨ ਮਿਲੋਸ ਰਾਓਨਿਚ ਨੇ ਬਰਤਾਨੀਆ ਦੇ ਕੈਮਰੂਨ ਨੌਰੀ ਨੂੰ 6-3, 6-2 ਨਾਲ ਹਾਰ ਦਿੱਤੀ।