ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਵਿੱਚ ਸ਼ਾਮਲ

ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਵਿੱਚ ਸ਼ਾਮਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪੁਰਾਣੇ ਟਕਸਾਲੀ ਅਕਾਲੀ ਆਗੂ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਰਹੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਛੋਟੇਪੁਰ ਨੇ ਇਸ ਮੌਕੇ ਸਾਰੀਆਂ ਪੰਜਾਬੀ ਤੇ ਪੰਥਕ ਤਾਕਤਾਂ ਨੂੰ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਹੋ ਕੇ ਲੜਨ ਅਤੇ ਬਾਹਰਲਿਆਂ ਦੇ ਤਿੰਨ ਪੜਾਵੀ ਹਮਲੇ ਨੂੰ ਮਾਤ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਆਂ ਨੂੰ ਕਾਂਗਰਸ, ਭਾਜਪਾ ਤੇ ‘ਆਪ’ ਅਤੇ ਹੋਰ ਬਾਹਰਲੀਆਂ ਪਾਰਟੀਆਂ ਦੀ ਲੁੱਟ ਤੋਂ ਬਚਾਅ ਸਕਦਾ ਹੈ। ਛੋਟੇਪੁਰ ਨੇ 1986 ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਪੁਲੀਸ ਭੇਜਣ ਦੇ ਰੋਸ ਵਜੋਂ ਬਰਨਾਲਾ ਵਜ਼ਾਰਤ ’ਚੋਂ ਅਸਤੀਫਾ ਦਿੱਤਾ ਸੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਛੋਟੇਪੁਰ ਨੂੰ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਪ੍ਰਧਾਨ ਨੇ ਉਨ੍ਹਾਂ ਨੂੰ ਬਟਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਉਣ ਦਾ ਵੀ ਐਲਾਨ ਕੀਤਾ। ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਥੇਦਾਰ ਛੋਟੇਪੁਰ ਦੀ ਅਕਾਲੀ ਦਲ ਵਿਚ ਵਾਪਸੀ ਨਾਲ ਪੰਥਕ ਤਾਕਤਾਂ ਅਤੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੀ ਭਾਵਨਾ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਪੰਜਾਬੀਆਂ ਦੇ ਸਵੈ-ਮਾਣ ਦੇ ਮੁਦੱਈ ਰਹੇ ਹਨ ਤੇ ਉਨ੍ਹਾਂ ਸੂਬੇ ਦੇ ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੀਆਂ ਬਾਹਰਲਿਆਂ ਦੀਆਂ ਸਾਜ਼ਿਸ਼ਾਂ ਨੁੰ ਹਮੇਸ਼ਾ ਬੇਨਕਾਬ ਕੀਤਾ ਹੈ। ਇਸ ਮੌਕੇ ਅਕਾਲੀ ਦਲ ਦੇ ਉੱਘੇ ਆਗੂ ਜਥੇਦਾਰ ਮੋਹਣ ਸਿੰਘ ਤੁੜ ਦਾ ਪੋਤਰਾ ਅਮਰਿੰਦਰ ਸਿੰਘ ਤੁੜ ਵੀ ਜਥੇਦਾਰ ਛੋਟੇਪੁਰ ਨਾਲ ਪਾਰਟੀ ਵਿਚ ਸ਼ਾਮਲ ਹੋਇਆ। ਜਥੇਦਾਰ ਛੋਟੇਪੁਰ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ‘ਆਪ’ ਤਿੰਨਾਂ ਗੈਰ-ਪੰਜਾਬੀ ਧਾੜਵੀਆਂ ਦੇ ਹਮਲੇ ਕਾਰਨ ਪੰਜਾਬ ਦੀ ਵਿਲੱਖਣ ਸਭਿਆਚਾਰਕ ਏਕਤਾ ਦੇ ਨਾਲ ਨਾਲ ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਲਈ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੋਂ ਹਿੰਦੂਆਂ-ਸਿੱਖਾਂ ਵਿਚਾਲੇ ਮੱਤਭੇਦ ਪੈਦਾ ਕਰਕੇ, ਵੰਡੀਆਂ ਪਾ ਕੇ ਨਫਰਤ ਫੈਲਾ ਕੇ ਤੇ ਭੁਲੇਖਾ ਪੈਦਾ ਕਰ ਕੇ ਅਤੇ ਸਿੱਖ ਕੌਮ ਵਿਚ ਹੀ ਖਾਨਾਜੰਗੀ ਕਰਵਾ ਕੇ ਪੰਜਾਬ ਦੀ ਕਿਸਮਤ ਖੋਹਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਹਿੰਦੂ-ਸਿੱਖ ਸਦਭਾਵਨਾ ਤੇ ਪੰਥਕ ਏਕਤਾ ਪਵਿੱਤਰ ਸਿਧਾਂਤ ਹਨ ਅਤੇ ਇਸ ਵੇਲੇ ਪੰਜਾਬੀ ਬੱਚਿਆਂ ਤੇ ਨੌਜਵਾਨਾਂ ਦੇ ਖੁਸ਼ਹਾਲ ਭਵਿੱਖ ਲਈ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਹਨ। ਜਥੇਦਾਰ ਛੋਟੇਪੁਰ ਨੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਿਆ ਅਤੇ ਕਿਹਾ ਕਿ ਉਹ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਖੁਦ ਭਗਵੰਤ ਮਾਨ ਅਤੇ ਹਰਪਾਲ ਚੀਮਾ ਨਾਲ ਸਟੇਜਾਂ ’ਤੇ ਬੈਠ ਕੇ ਬੋਲਦੇ ਹਨ ਕਿ ਪਾਰਟੀ ਇਕ ਯੋਗ ਆਗੂ ਦੀ ਤਲਾਸ਼ ਕਰ ਰਹੀ ਹੈ। ਇਕ ਸਵਾਲ ਦੇ ਜਵਾਬ ਵਿਚ ਸੀਨੀਅਰ ਆਗੂ ਨੇ ਕਿਹਾ ਕਿ ਐੱਨਆਰਆਈਜ਼ ਤੋਂ ਇਕੱਠਾ ਕੀਤਾ ਪੈਸਾ ਦਿੱਲੀ ਦੇ ਖਾਤਿਆਂ ਵਿਚ ਜਮ੍ਹਾਂ ਕੀਤਾ ਗਿਆ ਸੀ ਤੇ ਇਸ ਗੱਲ ਦੀ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਫੰਡ ਦਾ ਘੁਟਾਲਾ ਕਿਵੇਂ ਹੋਇਆ। ਜਥੇਦਾਰ ਛੋਟੇਪੁਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਤੇ ਪੰਜਾਬੀਆਂ ਨੁੰ ਦਿਲੋਂ ਨਫਰਤ ਕਰਦਾ ਹੈ ਅਤੇ ‘ਆਪ’ ਵਿਚ ਹਰ ਉਸ ਪੰਜਾਬੀ ਆਗੂ ਨੂੰ ਅਪਮਾਨਿਤ ਤੇ ਜ਼ਲੀਲ ਕਰਦਾ ਹੈ ਜੋ ਸੂਬੇ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਤੇ ਪੰਜਾਬੀਆਂ ਨੂੰ ਆਪਣੀ ਨਿੱਜੀ ਲਾਲਸਾ ਦੀ ਪੂਰਤੀ ਵਾਸਤੇ ਗਲਤ ਢੰਗ ਨਾਲ ਵਰਤਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕੇਜਰੀਵਾਲ ਨੂੰ ਪੰਜਾਬੀਆਂ ਦੇ ਸਵੈ-ਮਾਣ ’ਤੇ ਹਮਲਾ ਨਾ ਕਰਨ ਵਾਸਤੇ ਆਖਦਾ ਹੈ ਤਾਂ ਉਸ ਨੂੰ ਬਾਹਰ ਦਾ ਰਾਹ ਹੀ ਨਹੀਂ ਵਿਖਾਇਆ ਜਾਂਦਾ ਬਲਕਿ ਉਸ ਨੂੰ ਸ਼ਰੇਆਮ ਬਹੁਤ ਜ਼ਿਆਦਾ ਜ਼ਲੀਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਐੱਚ ਐੱਸ ਫੂਲਕਾ, ਧਰਮਵੀਰ ਗਾਂਧੀ, ਕੰਵਰ ਸੰਧੂ, ਸੁਖਪਾਲ ਖਹਿਰਾ ਅਤੇ ਭਗਵੰਤ ਮਾਨ ਵਰਗੇ ਆਗੂਆਂ ਨੂੰ ਬਹੁਤ ਅਪਮਾਨਿਤ ਕੀਤਾ ਜਾਂਦਾ ਹੈ।