ਕਿਸਾਨ ਮੋਰਚੇ ਵੱਲੋਂ ਸੁਰੱਖਿਆ ਸਖ਼ਤ ਕਰਨ ਦਾ ਫ਼ੈਸਲਾ

ਕਿਸਾਨ ਮੋਰਚੇ ਵੱਲੋਂ ਸੁਰੱਖਿਆ ਸਖ਼ਤ ਕਰਨ ਦਾ ਫ਼ੈਸਲਾ

ਨਵੀਂ ਦਿੱਲੀ : ਦਿੱਲੀ ਦੇ ਸਿੰਘੂ ਬਾਰਡਰ ਉਤੇ ਕਿਸਾਨਾਂ ਦੇ ਧਰਨੇ ਨੇੜੇ ਸ਼ੁੱਕਰਵਾਰ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿਚ ਆਲੋਚਨਾ ਦਾ ਸਾਹਮਣਾ ਕਰ ਰਹੇ ਕਿਸਾਨ ਆਗੂਆਂ ਨੇ ਅੱਜ ਕਿਹਾ ਹੈ ਕਿ ਧਰਨੇ ਵਾਲੀਆਂ ਥਾਵਾਂ ਉਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਵਧਾਏ ਜਾਣਗੇ ਤੇ ਹੋਰ ਵਾਲੰਟੀਅਰ ਤਾਇਨਾਤ ਕੀਤੇ ਜਾਣਗੇ। ਆਗੂਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਸੰਘਰਸ਼ ’ਤੇ ਇਸ ਘਟਨਾ ਦਾ ਕੋਈ ਅਸਰ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਹੀ ਬਿਆਨ ਜਾਰੀ ਕਰ ਕੇ ਇਸ ਘਟਨਾ ਤੋਂ ਖ਼ੁਦ ਨੂੰ ਵੱਖ ਕਰ ਚੁੱਕਾ ਹੈ। ਉਨ੍ਹਾਂ ਕਿਹਾ ਹੈ ਕਿ ਨਿਹੰਗ ਗਰੁੱਪ ਤੇ ਮ੍ਰਿਤਕ ਦਾ ਕਿਸਾਨ ਮੋਰਚੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬੀਕੇਯੂ ਨੇ ਕਿਹਾ ਹੈ ਕਿ ਤਿੱਖੀ ਨਿਗਰਾਨੀ ਲਈ ਹੋਰ ਕੈਮਰੇ ਲਾਏ ਜਾਣਗੇ। ਬੀਕੇਯੂ ਦੇ ਮੀਡੀਆ ਇੰਚਾਰਜ ਧਰਮੇਂਦਰ ਮਲਿਕ ਨੇ ਕਿਹਾ ਕਿ ਹੁਣ ਫ਼ੈਸਲਾ ਕੀਤਾ ਗਿਆ ਹੈ ਕਿ ਸੁਰੱਖਿਆ ਲਈ ਵਾਲੰਟੀਅਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਏ ਜਾਣਗੇ ਜਦਕਿ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਸਥਾਨਕ ਗਰੁੱਪ ਇਹ ਜ਼ਿੰਮੇਵਾਰੀਆਂ ਲਾ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਵੀ ਕੀਤਾ ਗਿਆ ਹੈ ਕਿ ਅੰਦੋਲਨ ਵਿਚ ਹਾਜ਼ਰੀ ਭਰ ਰਹੇ ਨਿੱਜੀ ਲੋਕ ਜਾਂ ਸਮੂਹ ਜੋ ਮੋਰਚੇ ਦੀਆਂ ਨੀਤੀਆਂ ਤੋਂ ਵੱਖ ਵਿਚਾਰਧਾਰਾ ਰੱਖਦੇ ਹਨ, ਨੂੰ ਧਰਨੇ ਵਾਲੀਆਂ ਥਾਵਾਂ ਖਾਲੀ ਕਰਨ ਲਈ ਕਿਹਾ ਜਾਵੇਗਾ ਜਾਂ ਫਿਰ ਉਨ੍ਹਾਂ ਨੂੰ ਕਿਸਾਨ ਮੋਰਚੇ ਦੇ ਏਜੰਡੇ ਨੂੰ ਅਪਨਾਉਣ ਲਈ ਕਿਹਾ ਜਾਵੇਗਾ। ਕਿਸਾਨ ਆਗੂ ਅਭਿਮੰਨਿਊ ਸਿੰਘ ਕੋਹਾੜ ਨੇ ਕਿਹਾ ਕਿ ਜਦ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਕਿਸਾਨ ਸੰਗਠਨ ਤੁਰੰਤ ਸੁਰੱਖਿਆ ਦੀ ਸਮੀਖਿਆ ਕਰਦੇ ਹਨ ਤੇ ਢੁੱਕਵੇਂ ਫ਼ੈਸਲੇ ਲੈਂਦੇ ਹਨ। ਬੀਕੇਯੂ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਦੋਸ਼ ਲਾਇਆ ਹੈ ਕਿ ਇਹ ਘਟਨਾ ਲਖੀਮਪੁਰ ਖੀਰੀ ਕਾਂਡ ਤੋਂ ਧਿਆਨ ਹਟਾਉਣ ਦੀ ਸਾਜ਼ਿਸ਼ ਹੈ। ਲੱਖੋਵਾਲ ਨੇ ਕਿਹਾ ‘ਮੈਨੂੰ ਇਕ ਥਾਂ ਅਜਿਹੀ ਦੱਸੋ ਜਿੱਥੇ ਅਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ। ਪਿੰਡਾਂ, ਸ਼ਹਿਰਾਂ, ਕਸਬਿਆਂ ਹਰ ਥਾਂ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ। ਪਰ ਇਸ ਘਟਨਾ ਬਾਰੇ ਹੀ ਜ਼ਿਆਦਾ ਰੌਲਾ ਪਾਇਆ ਜਾ ਰਿਹਾ ਹੈ ਕਿਉਂਕਿ ਉਹ ਲਖੀਮਪੁਰ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ। ਕੋਈ ਆਗੂ ਲਖੀਮਪੁਰ ਬਾਰੇ ਗੱਲ ਨਹੀਂ ਕਰ ਰਿਹਾ, ਸਾਰੇ ਚਾਹੁੰਦੇ ਹਨ ਕਿ ਇਹ ਬਸ ਐਵੇਂ ਹੀ ਨਿਕਲ ਜਾਵੇ।’ ਮਹਿਲਾ ਕਿਸਾਨ ਅਧਿਕਾਰ ਮੰਚ ਦੀ ਆਗੂ ਕਵਿਤਾ ਕੁਰੁੰਗਤੀ ਨੇ ਵੀ ਕਿਹਾ ਕਿ ਸਰਕਾਰ ਅਜਿਹੀਆਂ ਇਕ-ਦੋ ਘਟਨਾਵਾਂ ਵੱਲ ਹੀ ਉਂਗਲ ਕਰ ਰਹੀ ਹੈ ਤੇ ਉਸ ਨੂੰ ਆਸ ਹੈ ਕਿ ਮੁਜ਼ਾਹਰਾਕਾਰੀਆਂ ਨੂੰ ਹਿੰਸਕ ਗਰਦਾਨ ਕੇ ਉਹ ਅੰਦੋਲਨ ਨੂੰ ਕਮਜ਼ੋਰ ਕਰ ਲਏਗੀ। ਕਵਿਤਾ ਨੇ ਕਿਹਾ ‘ਉਹ ਇਕ ਜਾਂ ਦੋ ਘਟਨਾਵਾਂ ਨੂੰ ਉਭਾਰ ਦਿੰਦੇ ਹਨ ਤੇ ਕਹਿੰਦੇ ਹਨ ਕਿ ਤੁਸੀਂ ਹਿੰਸਕ ਹੋ ਰਹੇ ਹੋ। ਅਸੀਂ ਹਿੰਸਕ ਨਹੀਂ ਹੋ ਰਹੇ। ਬਲਕਿ ਲੰਮੇ ਸਮੇਂ ਤੋਂ ਸ਼ਾਂਤੀ ਨਾਲ ਰੋਸ ਜਤਾ ਰਹੇ ਹਾਂ।’ ਮਹਿਲਾ ਆਗੂ ਨੇ ਕਿਹਾ ਕਿ ਇਹ ਸਰਕਾਰ ਦੇ ਹੱਥਕੰਡੇ ਹਨ ਤੇ ਉਹ ਸੋਚਦੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਅੰਦੋਲਨ ਕਮਜ਼ੋਰ ਹੋਵੇਗਾ ਤੇ ਅੰਤ ਵਿਚ ਬਿਖਰ ਜਾਵੇਗਾ, ਪਰ ਅਜਿਹਾ ਹੋਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਹੋਰ ਮਜ਼ਬੂਤ ਹੁੰਦਾ ਜਾਵੇਗਾ। ਅੰਦੋਲਨ ਸ਼ੁਰੂ ਤੋਂ ਅਹਿੰਸਾ ਉਤੇ ਹੀ ਕਾਇਮ ਹੈ। -
 ਦਿੱਲੀ ਦੇ ਸਿੰਘੂ ਬਾਰਡਰ ’ਤੇ ਸ਼ੁੱਕਰਵਾਰ ਨੂੰ ਨੌਜਵਾਨ ਲਖਬੀਰ ਸਿੰਘ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਆਤਮ ਸਮਰਪਣ ਕਰਨ ਵਾਲੇ ਨਿਹੰਗ ਸਰਬਜੀਤ ਨੂੰ ਅਦਾਲਤ ਨੇ ਸੱਤ ਦਿਨਾਂ ਲਈ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲੀਸ ਨੇ ਅੱਜ ਸਰਬਜੀਤ ਦੇ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ। ਇਸੇ ਦੌਰਾਨ ਦਿੱਲੀ ਪੁਲੀਸ ਨੇ ਅੱਜ ਸਿੰਘੂ ਹੱਤਿਆ ਕੇਸ ਵਿੱਚ ਦੂਜੀ ਗ੍ਰਿਫ਼ਤਾਰੀ ਕੀਤੀ ਹੈ। ਨਿਹੰਗ ਭਾਈਚਾਰੇ ਦੇ ਨਾਰਾਇਣ ਸਿੰਘ ਨੂੰ ਪੰਜਾਬ ਵਿਚਲੇ ਉਸ ਦੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਨਾਰਾਇਣ ਸਿੰਘ ਵਾਪਸ ਆਪਣੇ ਪਿੰਡ ਚਲਾ ਗਿਆ ਸੀ। ਉਹ ਪੰਜਾਬ ਦੇ ਅਮਰਕੋਟ ਪਿੰਡ ਦਾ ਰਹਿਣ ਵਾਲਾ ਹੈ।  ਸੋਨੀਪਤ ਦੇ ਡੀਐੱਸਪੀ ਵੀਰੇਂਦਰ ਸਿੰਘ ਨੇ ਦੱਸਿਆ ਕਿ ਸਰਬਜੀਤ ਨੇ ਪੁੱਛਗਿੱਛ ਦੌਰਾਨ ਚਾਰ ਹੋਰ ਜਣਿਆਂ ਦਾ ਨਾਂ ਲਿਆ ਹੈ। ਪੁਲੀਸ ਇਸ ਮਾਮਲੇ ਵਿਚ ਹੋਰ ਜਾਂਚ ਕਰ ਰਹੀ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ਲਈ ਵਰਤੇ ਹਥਿਆਰ ਤੇ ਉਸ ਵੇਲੇ ਪਹਿਨੇ ਹੋਏ ਕੱਪੜੇ ਵੀ ਬਰਾਮਦ ਕੀਤੇ ਜਾਣੇ ਹਨ। ਪੁਲੀਸ ਨੇ ਕਿਹਾ ਕਿ ਮੁਲਜ਼ਮ ਨੂੰ ਪੰਜਾਬ ਦੇ ਗੁਰਦਾਸਪੁਰ ਤੇ ਚਮਕੌਰ ਸਾਹਿਬ ਲਿਜਾਇਆ ਜਾਵੇਗਾ ਤਾਂ ਜੋ ਇਸ ਮਾਮਲੇ ਵਿਚ ਉਸ ਦੇ ਨਾਲ ਦੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਡੀਐੱਸਪੀ ਨੇ ਕਿਹਾ ਕਿ ਅਪਰਾਧ ਵਿਚ ਸ਼ਾਮਲ ਵਿਅਕਤੀਆਂ ਦੀ ਗਿਣਤੀ ਪੰਜ ਤੋਂ ਵੱਧ ਹੋ ਸਕਦੀ ਹੈ। ਅਦਾਲਤ ਵਿੱਚ ਪੁਲੀਸ ਨੇ ਕਿਹਾ ਕਿ ਲਖਬੀਰ ਸਿੰਘ ਦੇ ਕਤਲ ਲਈ ਵਰਤੀ ਗਈ ਤਲਵਾਰ ਵੀ ਬਰਾਮਦ ਕੀਤੀ ਜਾਣੀ ਹੈ। ਲਖਬੀਰ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰਾਂ ਦੇ 37 ਨਿਸ਼ਾਨ ਸਨ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਮੌਕੇ ’ਤੇ ਮੌਜੂਦ ਵੱਡੀ ਗਿਣਤੀ ਵਿੱਚ ਨਿਹੰਗਾਂ ਨੇ ਪੁਲੀਸ ਨੂੰ ਲਾਸ਼ ਹਟਾਉਣ ਦੀ ਇਜਾਜ਼ਤ ਨਹੀਂ ਦਿੱਤੀ। ਬਾਅਦ ਵਿੱਚ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੁਲੀਸ ਤੋਂ ਕੌਮੀ ਐੱਸਸੀ ਕਮਿਸ਼ਨ ਨੇ ਰਿਪੋਰਟ ਵੀ ਤਲਬ ਕੀਤੀ ਹੈ। ਸਿੰਘੂ ’ਤੇ ਕਤਲ ਕੀਤੇ ਗਏ ਦਲਿਤ ਮਜ਼ਦੂਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਰੱਬ ਤੋਂ ਡਰਨ ਵਾਲਾ ਬੰਦਾ ਸੀ ਤੇ ਬੇਅਦਬੀ ਤਾਂ ਕਰ ਹੀ ਨਹੀਂ ਸਕਦਾ। ਉਨ੍ਹਾਂ ਘਟਨਾ ਦੀ ਉੱਚ ਪੱਧਰੀ ਜਾਂਚ ਮੰਗੀ ਹੈ ਤਾਂ ਕਿ ਸੱਚ ਸਾਹਮਣੇ ਆ ਸਕੇ। ਲਖਬੀਰ ਦੀ ਪਤਨੀ ਜਸਪ੍ਰੀਤ ਤੇ ਭੈਣ ਰਾਜ ਕੌਰ ਨੇ ਕਿਹਾ ਕਿ ਜੇ ਇਕ ਵਾਰ ਮੰਨ ਵੀ ਲਿਆ ਜਾਵੇ ਕਿ ਉਸ ਨੇ ਇਹ ਕਾਰਾ ਕੀਤਾ ਤਾਂ ਉਸ ਨੂੰ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਨ ਦਾ ਮੌਕਾ ਮਿਲਣਾ ਚਾਹੀਦਾ ਸੀ ਜਾਂ ਪੁਲੀਸ ਹਵਾਲੇ ਕੀਤਾ ਜਾਣਾ ਚਾਹੀਦਾ ਸੀ। ਇਸੇ ਦੌਰਾਨ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਇਸ ਕਤਲ ਕਾਂਡ ਦੀ ਨਿੰਦਾ ਕੀਤੀ ਹੈ। ਚੌਟਾਲਾ ਨੇ ਕਿਹਾ ਕਿ ਹਾਲਾਂਕਿ ਪੁਲੀਸ ਇਸ ਘਟਨਾ ’ਤੇ ਕਾਨੂੰਨੀ ਕਾਰਵਾਈ ਕਰ ਰਹੀ ਹੈ ਪਰ ਧਰਨੇ ਵਾਲੀ ਥਾਂ ਦੇ ਆਗੂਆਂ ਨੂੰ ਵੀ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
ਦਲਿਤ ਸੰਗਠਨਾਂ ਨੇ ਘਟਨਾ ਦੀ ਜਾਂਚ ਤੇ ਕਾਰਵਾਈ ਮੰਗੀ: ਕਰੀਬ 15 ਦਲਿਤ ਸੰਗਠਨਾਂ ਨੇ ਕੌਮੀ ਅਨੂਸੂਚਿਤ ਜਾਤੀ ਕਮਿਸ਼ਨ ਨੂੰ ਮੈਮੋਰੰਡਮ ਦੇ ਕੇ ਮੰਗ ਕੀਤੀ ਹੈ ਕਿ ਦਿੱਲੀ ਦੇ ਸਿੰਘੂ ਬਾਰਡਰ ’ਤੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਵਿਜੈ ਸਾਂਪਲਾ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤੇ ਜ਼ਿੰਮੇਵਾਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। 
ਮ੍ਰਿਤਕ ਨੂੰ ਮੁਆਵਜ਼ਾ ਦੇਵੇ ਪੰਜਾਬ ਸਰਕਾਰ: ਮਾਇਆਵਤੀ:
‘ਬਸਪਾ’ ਸੁਪਰੀਮੋ ਮਾਇਆਵਤੀ ਨੇ ਸਿੰਘੂ ’ਤੇ ਹੋਏ ਦਲਿਤ ਵਿਅਕਤੀ ਦੇ ਕਤਲ ਨੂੰ ਬੇਹੱਦ ਨਿਰਾਸ਼ ਤੇ ਸ਼ਰਮਸਾਰ ਕਰਨ ਵਾਲੀ ਘਟਨਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਮ੍ਰਿਤਕ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਨਾਲ ਹੀ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣੀ ਚਾਹੀਦੀ ਹੈ। 
ਸਿੰਘੂ ਬਾਰਡਰ ’ਤੇ ਹੋਏ ਕਤਲ ਦੇ ਮਾਮਲੇ ਵਿਚ ਮੁਲਜ਼ਮ ਨਿਹੰਗ ਸਰਬਜੀਤ ਸਿੰਘ ਦੇ ਇਕ ਹੋਰ ਸਾਥੀ ਨਿਹੰਗ ਨਾਰਾਇਣ ਸਿੰਘ ਨੂੰ ਅੱਜ ਇਥੋਂ ਨੇੜਲੇ ਪਿੰਡ ਰੱਖ ਦੇਵੀਦਾਸਪੁਰਾ (ਅਮਰਕੋਟ) ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਦੌਰਾਨ ਗੋਬਿੰਦ ਸਿੰਘ ਤੇ ਭਗਵੰਤ ਸਿੰਘ ਨਾਂ ਦੇ ਦੋ ਨਿਹੰਗਾਂ ਨੇ ਅੱਜ ਦੇਰ ਰਾਤ ਕੁੰਡਲੀ ਦੇ ਥਾਣੇ ’ਚ ਆਤਮ ਸਮਰਪਣ ਕਰ ਦਿੱਤਾ। ਇਸ ਨਾਲ ਇਸ ਮਾਮਲੇ ਵਿੱਚ ਹੁਣ ਤਕ ਚਾਰ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਭਗਵੰਤ ਸਿੰਘ ਨੇ ਬੀਤੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਸ ਨੇ ਲਖਬੀਰ ਸਿੰਘ ਨੂੰ ਭੱਜਦਿਆਂ ਫੜਿਆ ਸੀ। ਨਿਹੰਗ ਨਾਰਾਇਣ ਸਿੰਘ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਜਾਣ ਦਾ ਚਾਹਵਾਨ ਸੀ ਪਰ ਉਸ ਨੂੰ ਪੁਲੀਸ ਨੇ ਪਿੰਡ ਰੱਖ ਦੇਵੀਦਾਸਪੁਰਾ (ਅਮਰਕੋਟ) ਵਿੱਚ ਆਉਂਦਿਆਂ ਹੀ ਘੇਰਾ ਪਾ ਲਿਆ। ਵੇਰਵਿਆਂ ਮੁਤਾਬਕ ਨਿਹੰਗ ਨੇ ਪਿੰਡ ਦੇ ਗੁਰਦੁਆਰੇ ’ਚ ਅਰਦਾਸ ਕਰਕੇ ਜੈਕਾਰੇ ਲਾਉਂਦਿਆਂ ਗ੍ਰਿਫ਼ਤਾਰੀ ਦਿੱਤੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਸੀ। ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਐੱਸਐੱਸਪੀ ਰਕੇਸ਼ ਕੌਸ਼ਲ ਨੇ ਨਾਰਾਿੲਣ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।