ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ ਯਾਦ ’ਚ ਅਖੰਡ ਪਾਠ ਦੇ ਭੋਗ

ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ ਯਾਦ ’ਚ ਅਖੰਡ ਪਾਠ ਦੇ ਭੋਗ

ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਅੱਜ ਇਥੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਹਨ। ਇਸ ਮੌਕੇ ਕਿਸਾਨ ਸੰਘਰਸ਼ ਨਾਲ ਦ੍ਰਿੜ੍ਹਤਾ ਅਤੇ ਇਸ ਦੀ ਸਫ਼ਲਤਾ ਲਈ ਅਰਦਾਸ ਕੀਤੀ ਗਈ। ਇਹ ਅਖੰਡ ਪਾਠ ਦਲ ਖਾਲਸਾ ਨਾਲ ਸਬੰਧਤ ਜਥੇਬੰਦੀ ਸਿੱਖ ਯੂਥ ਆਫ ਪੰਜਾਬ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਰਖਵਾਇਆ ਗਿਆ ਸੀ। ਇਸ ਮੌਕੇ ਪੰਥਕ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ, ਉਸ ਦੇ ਮਾਤਾ-ਪਿਤਾ, ਰਣਜੀਤ ਸਿੰਘ ਅਤੇ ਜੁਗਰਾਜ ਸਿੰਘ ਦੇ ਪਿਤਾ ਬਲਦੇਵ ਸਿੰਘ ਸਮੇਤ ਹੋਰ ਸ਼ਹੀਦ ਕਿਸਾਨ ਪਰਿਵਾਰਾਂ ਦੇ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਹਰਦੀਪ ਸਿੰਘ ਡਿਬਡਿਬਾ ਨੇ ਭਲਕੇ 25 ਮਾਰਚ ਨੂੰ ਮੋਗਾ ਤੋਂ ਸਿੰਘੂ ਬਾਰਡਰ ਤਕ ਇਕ ਇਨਸਾਫ਼ ਮਾਰਚ ਕੱਢਣ ਦਾ ਐਲਾਨ ਕੀਤਾ।
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਜਾਣ-ਬੁੱਝ ਕੇ ਖੇਤੀ ਕਾਨੂੰਨਾਂ ਦੇ ਮਾਮਲੇ ਨੂੰ ਲਟਕਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮੂਹ ਜਥੇਬੰਦੀਆਂ ਕਿਸਾਨਾਂ ਦੇ ਨਾਲ ਹਨ ਅਤੇ ਸੰਘਰਸ਼ ਦੀ ਸਫ਼ਲਤਾ ਤਕ ਸਾਰੇ ਇਕਜੁੱਟ ਹੋ ਕੇ ਚੱਲਣਗੇ। ਇਸ ਮੌਕੇ ਦਲ ਖਾਲਸਾ, ਅਕਾਲ ਪੁਰਖ ਕੀ ਫੌਜ, ਅਕਾਲੀ ਦਲ ਅੰਮ੍ਰਿਤਸਰ, ਅਕਾਲ ਫੈਡਰੇਸ਼ਨ, ਵਿਦਿਆਰਥੀ ਜਥੇਬੰਦੀ ਐੱਸਐੱਫਐੱਸ, ਯੂਨਾਈਟਿਡ ਅਕਾਲੀ ਦਲ, ਸਿੱਖ ਯੂਥ ਆਫ ਪੰਜਾਬ, ਅਕਾਲੀ ਦਲ ਡੈਮੋਕ੍ਰੈਟਿਕ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸੰਯੁਕਤ ਮੋਰਚੇ ਵੱਲੋਂ 26 ਮਾਰਚ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਸਮੂਹ ਕਾਰੋਬਾਰੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।