ਸਾਈਨਾ, ਸ਼੍ਰੀਕਾਂਤ ਨੇ ਓਰਲੀਆਂਸ ਮਾਸਟਰਜ਼ ’ਚ ਜਿੱਤ ਨਾਲ ਕੀਤੀ ਸ਼ੁਰੂਆਤ

ਸਾਈਨਾ, ਸ਼੍ਰੀਕਾਂਤ ਨੇ ਓਰਲੀਆਂਸ ਮਾਸਟਰਜ਼ ’ਚ ਜਿੱਤ ਨਾਲ ਕੀਤੀ ਸ਼ੁਰੂਆਤ

ਪੈਰਿਸ- ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਈਨਾ ਨੇਹਵਾਲ ਨੇ ਬੁੱਧਵਾਰ ਨੂੰ ਇੱਥੇ ਮਹਿਲਾ ਸਿੰਗਲ ਦੇ ਸ਼ੁਰੂਆਤੀ ਦੌਰ ’ਚ ਆਇਰਲੈਂਡ ਦੀ ਰਸ਼ੇਲ ਡਾਰਾਗ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਓਰਲੀਆਂਸ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ’ਚ ਆਪਣੀ ਮੁਹਿੰਮ ਜਿੱਤ ਤੋਂ ਸ਼ੁਰੂ ਕੀਤਾ। ਚੌਥੀ ਪ੍ਰਮੁੱਖਤਾ ਪ੍ਰਾਪਤ ਇਹ ਭਾਰਤੀ ਖਿਡਾਰੀ ਆਪਣੇ ਚੌਥੇ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਮੁਹਿੰਮ ਅਨੁਸਾਰ ਰੈਂਕਿੰਗ ਪੁਆਇੰਟ ਹਾਸਲ ਕਰਨ ਲਈ ਹਤਾਸ਼ ਹੈ, ਉਸ ਨੇ ਸਿਰਫ 21 ਮਿੰਟ ’ਚ ਰਸ਼ੇਲ ਨੂੰ 21-9, 21-5 ਨਾਲ ਹਾਰ ਦਿੱਤੀ। ਹੁਣ ਉਨ੍ਹਾਂ ਦਾ ਸਾਹਮਣਾ ਫਰਾਂਸ ਦੀ ਮੈਰੀ ਬੈਟੋਮੀਨ ਨਾਲ ਹੋਵੇਗਾ। 
ਸਾਈਨਾ ਨੇ ਪੱਟ ਦੀ ਸੱਟ ਕਾਰਣ ਪਿਛਲੇ ਹਫਤੇ ਆਲ ਇੰਗਲੈਂਡ ਓਪਨ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦੌਰ ’ਚ ਹੱਟਣ ਦਾ ਫੈਸਲਾ ਕੀਤਾ ਸੀ। ਟਾਪ ਭਾਰਤੀ ਪੁਰਸ਼ ਖਿਡਾਰੀ ਅਤੇ ਨੰਬਰ ਵਨ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਨੇ ਹਮਵਤਨੀ ਅਜੈ ਜੈਰਾਮ ਨੂੰ 25 ਮਿੰਟ ’ਚ 21-15, 21-10 ਨਾਲ ਹਰਾ ਕੇ ਤੀਜੇ ਦੌਰ ’ਚ ਪ੍ਰਵੇਸ਼ ਕੀਤਾ। ਪਹਿਲੇ ਦੌਰ ’ਚ ਸ਼੍ਰੀਕਾਂਤ ਨੂੰ ਬਾਈ ਮਿਲੀ ਸੀ, ਜਦੋਂਕਿ ਅਜੈ ਨੇ ਸਾਥੀ ਭਾਰਤੀ ਆਲਾਪ ਮਿਸ਼ਰਾ ਨੂੰ 19-21, 23-21, 21-16 ਨਾਲ ਹਰਾਇਆ ਸੀ।
ਪ੍ਰਣਵ ਜੇਰੀ ਚੋਪੜਾ ਅਤੇ ਏਨ ਸਿੱਕੀ ਰੇੱਡੀ ਦੀ ਮਿਕਸਡ ਡਬਲਜ਼ ਨੇ ਆਸਟਰੀਆ ਦੇ ਡੋਮਿਨਿਕ ਸਟਿਪਸਿਟਸ ਅਤੇ ਸੇਰੇਨਾ ਯੂ ਯਿਯੋਂਗ ਨੂੰ 21-7, 21-18 ਨਾਲ ਹਰਾਇਆ। ਹੁਣ ਭਾਰਤੀ ਜੋੜੀ ਦਾ ਸਾਹਮਣਾ ਡੈਨਮਾਰਕ ਦੇ ਨਿਕਲਾਸ ਨੋਹਰ ਅਤੇ ਅਮਾਲੀ ਮਾਗੇਲੰਡ ਦੀ ਜੋੜੀ ਨਾਲ ਹੋਵੇਗਾ। ਮਹਿਲਾ ਸਿੰਗਲ ਕੁਆਲੀਫਿਕੇਸ਼ਨ ਨਾਲ ਮੁੱਖ ਡਰਾਅ ’ਚ ਪਹੁੰਚੀ ਇਰਾ ਸ਼ਰਮਾ ਨੇ ਫਰਾਂਸ ਦੀ ਲਿਓਨਿਸ ਹੁਏਤ ਨੂੰ 12-21, 21-14, 21-17 ਨਾਲ ਹਰਾਇਆ ਅਤੇ ਹੁਣ ਉਨ੍ਹਾਂ ਦਾ ਮੁਕਾਬਲਾ ਬੁਲਗਾਰੀਆ ਦੀ ਮਾਰੀਆ ਮਿਤਸੋਵਾ ਨਾਲ ਹੋਵੇਗਾ। ਮੰਗਲਵਾਰ ਨੂੰ ਭਾਰਤ ਦੇ ਕਿਰਨ ਜਾਰਜ ਨੇ ਨੀਦਰਲੈਂਡ ਦੇ ਮਾਰਕ ਕਾਲਜੋਊ ਨੂੰ ਸ਼ੁਰੂਆਤੀ ਦੌਰ ’ਚ 13-21, 21-18, 22-20 ਨਾਲ ਹਰਾ ਕੇ ਉਲਟਫੇਰ ਕੀਤਾ, ਜੋ ਪਿਛਲੇ ਹਫਤੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਤੱਕ ਪੁੱਜੇ ਸਨ। ਮਿਥੁਨ ਮੰਜੂਨਾਥ ਨੇ ਫਰਾਂਸ ਦੇ ਲੁਕਾਸਾ ਕਲੇਅਰਬੋਟ ਨੂੰ 21-14, 21-10 ਨਾਲ ਹਰਾਇਆ, ਜਦੋਂਕਿ ਸ਼ੁਭੰਕਰ ਡੇ ਸ਼ੁਰੂਆਤੀ ਦੌਰ ’ਚ ਡੈਨਮਾਰਕ ਦੇ ਦਿਤਲੇਵ ਜੇਗਰ ਹੋਮ ਨਾਲ 17-21, 13-21 ਨਾਲ ਹਾਰ ਗਏ।