ਕਿਸ਼ਤੀ ਮੁਕਾਬਲਿਆਂ ’ਚ ਪੰਜਾਬ ਦੀਆਂ ਕੁੜੀਆਂ ਤੇ ਮੁੰਡਿਆਂ ਨੇ ਬਾਜ਼ੀ ਮਾਰੀ

ਕਿਸ਼ਤੀ ਮੁਕਾਬਲਿਆਂ ’ਚ ਪੰਜਾਬ ਦੀਆਂ ਕੁੜੀਆਂ ਤੇ ਮੁੰਡਿਆਂ ਨੇ ਬਾਜ਼ੀ ਮਾਰੀ

ਜਲੰਧਰ-ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਕਾਲੀ ਵੇਈਂ ਵਿੱਚ ਤਿੰਨ ਰੋਜ਼ਾ ਕਿਸ਼ਤੀ ਮੁਕਾਬਲੇ ਅੱਜ ਸੰਪੰਨ ਹੋ ਗਏ। ਕਿਸ਼ਤੀ ਦੀਆਂ ਵੱਖ-ਵੱਖ ਸ਼੍ਰੇਣੀ ਦੀਆਂ ਦੌੜਾਂ ਵਿੱਚ ਪੰਜਾਬ, ਹਰਿਆਣਾ ਤੇ ਮੱਧ ਪ੍ਰਦੇਸ਼ ਦੀਆਂ ਟੀਮਾਂ ਨੇ ਬਾਜ਼ੀ ਮਾਰੀ। ਕਨੋਇੰਗ ਕਿਸ਼ਤੀ ਮੁਕਾਬਲੇ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਤੇ ਕੀਯਾਕਿੰਗ ਵਿੱਚ ਮੁੰਡਿਆਂ ਨੇ ਸੋਨੇ ਦੇ ਮੈਡਲਾਂ ’ਤੇ ਹੂੰਝਾ ਫੇਰਿਆ, ਜਦਕਿ ਡਰੈਗਨ ਵਿੱਚ ਹਰਿਆਣੇ ਦੀ ਟੀਮ ਜੇਤੂ ਰਹੀ। ਇਹ ਕਿਸ਼ਤੀ ਮੁਕਾਬਲੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਅਤੇ ਕੀਯਾਕਿੰਗ ਕਨੋਇੰਗ ਐਸੋਸੀਏਸ਼ਨ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਇੰਡੀਅਨ ਕੀਯਾਕਿੰਗ ਕਨੋਇੰਗ ਐਸੋਸੀਏਸ਼ਨ ਦੀ ਸਰਪ੍ਰਸਤੀ ਹੇਠ ਕਰਵਾਏ ਗਏ।
ਡਰੈਗਨ ਕਿਸ਼ਤੀ ਮੁਕਾਬਲੇ ਵਿੱਚ ਹਰਿਆਣੇ ਦੀ ਟੀਮ ਨੇ ਬਾਜ਼ੀ ਮਾਰੀ, ਜਦਕਿ ਕੈਨੋਪੋਲੋ ਕਿਸ਼ਤੀ ਮੁਕਾਬਲਿਆਂ ਵਿਚ ਮੱਧ ਪ੍ਰਦੇਸ਼ ਦੀ ਟੀਮ ਪਹਿਲੇ ਨੰਬਰ ’ਤੇ ਰਹੀ। ਇਸੇ ਮੁਕਾਬਲੇ ਵਿੱਚ ਹਰਿਆਣੇ ਦੀਆਂ ਕੁੜੀਆਂ ਪਹਿਲੇ ਨੰਬਰ ’ਤੇ ਰਹੀਆਂ। ਕਿਸ਼ਤੀ ਦੇ ਹੋਰ ਮੁਕਾਬਲਿਆਂ ਵਿੱਚ ਦਿੱਲੀ ਅਤੇ ਆਂਧਰਾ ਪ੍ਰਦੇਸ਼ ਦੇ ਖਿਡਾਰੀਆਂ ਨੂੰ ਇੱਕ-ਇੱਕ ਸੋਨ ਤਗ਼ਮਾ ਮਿਲਿਆ। ਮੁੱਖ ਮਹਿਮਾਨ ਵਜੋਂ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਕੀਯਾਕਿੰਗ ਕਨੋਇੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਜਾ ਕੇਐੱਸ ਸਿੱਧੂ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ, ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ, ਸੱਜਣ ਸਿੰਘ ਚੀਮਾ, ਇੰਡੀਆ ਟੀਮ ਦੇ ਕਪਤਾਨ ਮਨਜੀਤ ਸਿੰਘ ਤੇ ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਯੂਨੀਵਰਸਿਟੀ ਰਜੇਸ਼ ਮਲਿਕ, ਫਤਿਹ ਗਰੁੱਪ ਦੇ ਚੇਅਰਮੈਨ ਇਕਬਾਲ ਸਿੰਘ ਸੰਧੂ, ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਕੋਚ ਅਮਨਦੀਪ ਸਿੰਘ ਖਹਿਰਾ ਤੇ ਕੋਚ ਜਗਜੀਤ ਸਿੰਘ ਪੰਛੀ, ਸੁਰਜੀਤ ਸਿੰਘ ਸ਼ੰਟੀ ਤੇ ਡਾ. ਜਸਵੀਰ ਸਿੰਘ ਭੌਰਾ ਹਾਜ਼ਰ ਸਨ।