ਕੋਰੋਨਾ ਦੇ ਚਲਦਿਆਂ ‘ਪੁਆੜਾ’ ਦੀ ਟੀਮ ਦਾ ਵੱਡਾ ਫ਼ੈਸਲਾ, ਫ਼ਿਲਮ ਦੀ ਰਿਲੀਜ਼ ਕੀਤੀ ਮੁਲਤਵੀ

ਕੋਰੋਨਾ ਦੇ ਚਲਦਿਆਂ ‘ਪੁਆੜਾ’ ਦੀ ਟੀਮ ਦਾ ਵੱਡਾ ਫ਼ੈਸਲਾ, ਫ਼ਿਲਮ ਦੀ ਰਿਲੀਜ਼ ਕੀਤੀ ਮੁਲਤਵੀ

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਪੁਆੜਾ’ 2 ਅਪ੍ਰੈਲ, 2021 ਨੂੰ ਰਿਲੀਜ਼ ਹੋਣ ਵਾਲੀ ਸੀ, ਜਿਸ ਦੀ ਰਿਲੀਜ਼ ’ਤੇ ਫ਼ਿਲਮ ਦੀ ਟੀਮ ਨੇ ਰੋਕ ਲਗਾ ਦਿੱਤੀ ਹੈ ਤੇ ਅਗਲੀ ਸੂਚਨਾ ਤਕ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਫ਼ਿਲਮ ਦੀ ਟੀਮ ਨੇ ਬੀਤੇ ਦਿਨੀਂ ਹੀ ਇਸ ਸਬੰਧੀ ਇਕ ਬਿਆਨ ਜਾਰੀ ਕੀਤਾ ਹੈ।
ਇਸ ਬਿਆਨ ’ਚ ਉਨ੍ਹਾਂ ਲਿਖਿਆ, ‘ਕੋਵਿਡ ਦੇ ਵਧਦੇ ਮਾਮਲਿਆਂ ਤੇ ਸਿਨੇਮਾਘਰਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵੀਕੈਂਡ ਤੇ ਰਾਤ ਨੂੰ ਸਿਨੇਮਾਘਰਾਂ ਦੇ ਬੰਦ ਹੋਣ ਕਾਰਨ ਅਸੀਂ ਆਪਣੀ ਫ਼ਿਲਮ ‘ਪੁਆੜਾ’ ਨੂੰ ਅਗਲੀ ਸੂਚਨਾ ਤਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਸਾਨੂੰ ਫ਼ਿਲਮ ਦੇ ਟਰੇਲਰ, ਗੀਤਾਂ ਤੇ ਪੋਸਟਰਾਂ ਲਈ ਸਾਕਾਰਾਤਮਕ ਤੇ ਉਤਸ਼ਾਹਜਨਕ ਪ੍ਰਤੀਕਿਰਿਆ ਮਿਲੀ ਹੈ ਤੇ ਸਾਨੂੰ ਲੱਗਦਾ ਹੈ ਕਿ ਸਾਡੀ ਫ਼ਿਲਮ ਵੱਡੇ ਪਰਦੇ ਦੇ ਤਜਰਬੇ ਲਈ ਹੀ ਸਭ ਤੋਂ ਠੀਕ ਰਹੇਗੀ। ਇਸ ਲਈ ਅਸੀਂ ਹਾਲਾਤ ਸਾਧਾਰਨ ਹੋਣ ’ਤੇ ‘ਪੁਆੜਾ’ ਨੂੰ ਦਰਸ਼ਕਾਂ ਦੇ ਸਾਹਮਣੇ ਸਿਨਮਾਘਰਾਂ ’ਚ ਹੀ ਦਿਖਾਉਣ ਦਾ ਫ਼ੈਸਲਾ ਕੀਤਾ ਹੈ। ਤੁਹਾਡੇ ਪਿਆਰ ਤੇ ਸਮਰਥਨ ਲਈ ਧੰਨਵਾਦ। ਉਦੋਂ ਤਕ ਸੁਰੱਖਿਅਤ ਤੇ ਸਿਹਤਮੰਦ ਰਹੋ। ਟੀਮ ‘ਪੁਆੜਾ’।’
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਦਿਨੋ-ਦਿਨ ਵੱਧ ਰਹੇ ਹਨ। ਅਚਾਨਕ ਕੋਰੋਨਾ ਵਾਇਰਸ ਦੇ ਇੰਨੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਨਾਲ ਆਮ ਲੋਕਾਂ ਵਿਚਾਲੇ ਵੀ ਇਸ ਦਾ ਡਰ ਮੁੜ ਵੱਧ ਗਿਆ ਹੈ। ਇਸ ਗੱਲ ਨੂੰ ਧਿਆਨ ’ਚ ਰੱਖਦਿਆਂ ਹੀ ਫ਼ਿਲਮ ਦੀ ਰਿਲੀਜ਼ ’ਤੇ ਰੋਕ ਲਗਾਈ ਗਈ ਹੈ। ਉਥੇ ਕੋਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਵਲੋਂ ਵੀ ਸਿਨੇਮਾਘਰਾਂ ਨੂੰ ਲੈ ਕੇ ਨਵੀਅਾਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਰਹੀਆਂ ਹਨ। ਜੇਕਰ ਇਸੇ ਤਰ੍ਹਾਂ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਗਏ ਤਾਂ ਸਿਨੇਮਾਘਰਾਂ ਨੂੰ ਮੁੜ ਬੰਦ ਕਰਨ ਦੀ ਨੌਬਤ ਵੀ ਆ ਸਕਦੀ ਹੈ। ਅਜਿਹੇ ’ਚ ਫ਼ਿਲਮਾਂ ਨੂੰ ਵੱਡਾ ਘਾਟਾ ਪੈ ਸਕਦਾ ਹੈ।
ਫ਼ਿਲਮ ‘ਪੁਆੜਾ’ ਦੀ ਗੱਲ ਕਰੀਏ ਤਾਂ ਇਸ ’ਚ ਐਮੀ ਵਿਰਕ, ਸੋਨਮ ਬਾਜਵਾ, ਅਨੀਤਾ ਦੇਵਗਨ, ਹਰਦੀਪ ਗਿੱਲ, ਸੀਮਾ ਕੌਸ਼ਲ, ਸੁਖਵਿੰਦਰ ਸਿੰਘ ਚਾਹਲ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਾਧੂ, ਸੁਖਵਿੰਦਰ ਰਾਜ, ਮਿੰਟੂ ਕਾਪਾ ਤੇ ਹਨੀ ਮੱਟੂ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਫ਼ਿਲਮ ਦੇ ਡਾਇਰੈਕਟਰ ਰੁਪਿੰਦਰ ਚਾਹਲ ਹਨ, ਜਿਸ ਨੂੰ ਪ੍ਰੋਡਿਊਸ ਅਤੁਲ ਭੱਲਾ, ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ ਤੇ ਬਲਵਿੰਦਰ ਸਿੰਘ ਜੰਜੂਆ ਨੇ ਕੀਤਾ ਹੈ ਤੇ ਇਸ ਦੇ ਕੋ-ਪ੍ਰੋਡਿਊਸਰ ਆਦਿਤਿਆ ਸ਼ਾਸਤਰੀ ਹਨ।
ਕਾਮੇਡੀ ਨਾਲ ਭਰਪੂਰ ‘ਪੁਆੜਾ’ ਫ਼ਿਲਮ ਜ਼ੀ ਸਟੂਡੀਓਜ਼ ਤੇ ਏ ਐਂਡ ਏ ਪਿਕਚਰਜ਼ ਦੀ ਪੇਸ਼ਕਸ਼ ਹੈ ਤੇ ਪ੍ਰੋਡਕਸ਼ਨ ਬ੍ਰੈਟ ਫ਼ਿਲਮਜ਼ ਦੀ ਹੈ। ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਬਲਵਿੰਦਰ ਸਿੰਘ ਜੰਜੂਆ, ਰੁਪਿੰਦਰ ਚਾਹਲ ਤੇ ਅਨਿਲ ਰੋਧਾਨ ਨੇ ਲਿਖਿਆ ਹੈ, ਜਦਕਿ ਐਡੀਸ਼ਨਲ ਸਕ੍ਰੀਨਪਲੇਅ ਤੇ ਡਾਇਲਾਗਸ ਰਾਕੇਸ਼ ਧਵਨ ਦੇ ਹਨ।
ਨਵੀਂ ਦਿੱਲੀ- ਸੰਸਦ ਵਿਚ ਫਾਈਨੈਂਸ ਬਿੱਲ 2021 'ਤੇ ਚਰਚਾ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਕਿਹਾ ਸੀ ਕਿ ਸਰਕਾਰ ਸੂਬਿਆਂ ਦੇ ਪ੍ਰਸਤਾਵ ਲਿਆਉਣ 'ਤੇ ਪੈਟਰੋਲ-ਡੀਜ਼ਲ ਨੂੰ ਜੀ. ਐੱਸ. ਟੀ. ਵਿਚ ਸ਼ਾਮਲ ਕਰਨ ਲਈ ਤਿਆਰ ਹੈ ਪਰ ਬੁੱਧਵਾਰ ਨੂੰ ਰਾਜ ਸਭਾ ਵਿਚ ਭਾਜਪਾ ਨੇਤਾ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਅਗਲੇ 8-10 ਸਾਲਾਂ ਤੱਕ ਪੈਟਰੋਲ ਤੇ ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ ਵਿਚ ਲਿਆਉਣਾ ਸੰਭਵ ਨਹੀਂ ਹੈ ਕਿਉਂਕਿ ਇਸ ਨਾਲ ਸੂਬਿਆਂ ਨੂੰ ਹਰ ਸਾਲ ਦੋ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। 
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 100 ਰੁਪਏ ਵਿਚ 60 ਰੁਪਏ ਟੈਕਸ ਦੇ ਹੁੰਦੇ ਹਨ ਤਾਂ ਇਸ 60 ਰੁਪਏ ਵਿਚੋਂ ਕੇਂਦਰ ਨੂੰ 35 ਤੇ ਸੂਬਿਆਂ ਨੂੰ 25 ਰੁਪਏ ਮਿਲਦੇ ਹਨ। ਕੇਂਦਰ ਦੇ 35 ਰੁਪਏ ਦਾ 42 ਫ਼ੀਸਦੀ ਵੀ ਸੂਬਿਆਂ ਨੂੰ ਹੀ ਮਿਲਦਾ ਹੈ। ਸੁਸ਼ੀਲ ਮੋਦੀ ਨੇ ਫਾਈਨੈਂਸ ਬਿੱਲ, 2021 'ਤੇ ਚਰਚਾ ਵਿਚ ਹਿੱਸਾ ਲੈਂਦੇ ਹੋਏ ਕਿਹਾ ਕਿ ਕੇਂਦਰ ਅਤੇ ਸੂਬੇ ਦੋਵੇਂ ਮਿਲ ਕੇ ਇਸ ਤੋਂ ਸਾਲਾਨਾ 5 ਲੱਖ ਕਰੋੜ ਰੁਪਏ ਜੁਟਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਜੀ. ਐੱਸ. ਟੀ. ਦੀ ਉੱਚ ਦਰ 28 ਫ਼ੀਸਦੀ ਹੈ। ਜੇਕਰ ਪੈਟਰੋਲ ਤੇ ਡੀਜ਼ਲ ਨੂੰ ਜੀ. ਐੱਸ. ਟੀ. ਵਿਚ ਪਾ ਦਿੱਤਾ ਜਾਵੇ ਤਾਂ ਸੂਬਿਆਂ ਨੂੰ ਹੋਣ ਵਾਲੇ ਦੋ ਲੱਖ ਕਰੋੜ ਰੁਪਏ ਦੇ ਮਾਲੀਆ ਨੁਕਸਾਨ ਦੀ ਭਰਪਾਈ ਕਿੱਥੋਂ ਹੋਵੇਗੀ?
ਉਨ੍ਹਾਂ ਕਿਹਾ ਕਿ 28 ਫ਼ੀਸਦੀ ਵਿਚ ਪੈਟਰੋਲ-ਡੀਜ਼ਲ ਨੂੰ ਰੱਖਣ ਨਾਲ ਕੇਂਦਰ ਨੂੰ 14 ਤੇ ਸੂਬਿਆਂ ਨੂੰ ਸਿਰਫ਼ 14 ਰੁਪਏ ਟੈਕਸ ਮਿਲੇਗਾ, ਅਜਿਹੇ ਵਿਚ ਪੈਟਰੋਲ ਤੇ ਡੀਜ਼ਲ ਨੂੰ ਜੀ. ਐੱਸ. ਟੀ. ਵਿਚ ਲਿਆਉਣਾ 8 ਤੋਂ 10 ਸਾਲਾਂ ਤੱਕ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਲਈ ਨਾ ਤਾਂ ਕਾਂਗਰਸ ਦੀ ਸੱਤਾ ਵਾਲੇ ਸੂਬੇ ਅਤੇ ਨਾ ਹੀ ਭਾਜਪਾ ਦੀ ਸੱਤਾ ਵਾਲੇ ਸੂਬੇ ਰਾਜ਼ੀ ਹੋਣਗੇ। ਗੌਰਤਲਬ ਹੈ ਕਿ ਸਰਕਾਰ ਇਹ ਵੀ ਕਹਿ ਚੁੱਕੀ ਹੈ ਕਿ ਜੀ. ਐੱਸ. ਟੀ. ਪ੍ਰੀਸ਼ਦ ਨੇ ਪੈਟਰੋਲ-ਡੀਜ਼ਲ ਜੀ. ਐੱਸ. ਟੀ. ਵਿਚ ਸ਼ਾਮਲ ਕਰਨ ਦੀ ਸਿਫਾਰਸ਼ ਨਹੀਂ ਕੀਤੀ ਹੈ। ਇਸ ਵਿਚ ਸਾਰੇ ਸੂਬਿਆਂ ਦੇ ਖਜ਼ਾਨਾ ਮੰਤਰੀ ਹੁੰਦੇ ਹਨ।