ਓਲੰਪਿਕ ਟੈਸਟ ਟੂਰਨਾਮੈਂਟ: ਸ਼ਿਵ ਥਾਪਾ ਸੈਮੀਫਾਈਨਲ ’ਚ

ਟੋਕੀਓ-ਭਾਰਤ ਦੇ ਸਟਾਰ ਮੁੱਕੇਬਾਜ਼ ਅਤੇ ਚਾਰ ਵਾਰ ਦੇ ਏਸ਼ਿਆਈ ਚੈਂਪੀਅਨ ਸ਼ਿਵ ਥਾਪਾ (63 ਕਿਲੋ) ਨੇ ਅੱਜ ਕੁਆਰਟਰ ਫਾਈਨਲ ਵਿੱਚ ਜਿੱਤ ਦਰਜ ਕਰਕੇ ਓਲੰਪਿਕ ਟੈਸਟ ਟੂਰਨਾਮੈਂਟ ਵਿੱਚ ਆਪਣਾ ਤਗ਼ਮਾ ਪੱਕਾ ਕਰ ਲਿਆ, ਜਦਕਿ ਛੇ ਹੋਰ ਭਾਰਤੀਆਂ ਨੇ ਰਿੰਗ ਵਿੱਚ ਉਤਰੇ ਬਗ਼ੈਰ ਹੀ ਸੈਮੀਫਾਈਨਲ ਵਿੱਚ ਥਾਂ ਬਣਾਈ। ਥਾਪਾ ਨੇ ਘਰੇਲੂ ਮੁੱਕੇਬਾਜ਼ ਯੂਕੀ ਹਿਰਾਕਾਵਾ ਨੂੰ 5-0 ਨਾਲ ਹਰਾਇਆ।
ਆਸਾਮ ਦੇ ਇਸ ਮੁੱਕੇਬਾਜ਼ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣਾ ਤੀਜਾ ਕੌਮੀ ਖ਼ਿਤਾਬ ਜਿੱਤਿਆ ਸੀ। ਸੈਮੀਫਾਈਨਲ ਵਿੱਚ ਬੁੱਧਵਾਰ ਨੂੰ ਉਸ ਦਾ ਸਾਹਮਣਾ ਜਾਪਾਨੀ ਮੁੱਕੇਬਾਜ਼ ਦੇਈਸੁਕੇ ਨਾਰਿਮਾਤਸੁ ਨਾਲ ਹੋਵੇਗਾ। ਨਾਰਿਮਾਤਸੁ ਨੂੰ ਪਹਿਲੇ ਗੇੜ ਵਿੱਚ ਬਾਈ ਮਿਲੀ ਸੀ।
ਨਿਖ਼ਤ ਜ਼ਰੀਨ (51 ਕਿਲੋ) ਸਣੇ ਛੇ ਭਾਰਤੀਆਂ ਦਾ ਰਿੰਗ ਵਿੱਚ ਉਤਰੇ ਬਿਨਾ ਹੀ ਤਗ਼ਮਾ ਪੱਕਾ ਹੋ ਗਿਆ। ਇਨ੍ਹਾਂ ਸਾਰਿਆਂ ਨੂੰ ਬਾਈ ਮਿਲੀ। ਜ਼ਰੀਨ ਤੋਂ ਇਲਾਵਾ ਸੁਮਿਤ ਸਾਂਗਵਾਨ (91 ਕਿਲੋ), ਅਸ਼ੀਸ਼ (69 ਕਿਲੋ), ਵਨਹਲੀਮਪੁਈਆ (75 ਕਿਲੋ), ਸਿਮਰਨਜੀਤ ਕੌਰ (60 ਕਿਲੋ) ਅਤੇ ਪੂਜਾ ਰਾਣੀ (75 ਕਿਲੋ) ਨੇ ਸੈਮੀਫਾਈਨਲ ਵਿੱਚ ਥਾਂ ਬਣਾਈ।
ਇਸ ਮਹੀਨੇ ਕੌਮੀ ਖ਼ਿਤਾਬ ਜਿੱਤਣ ਵਾਲੇ ਸਾਂਗਵਾਨ ਦਾ ਸਾਹਮਣਾ ਕਜ਼ਾਖ਼ਸਤਾਨ ਦੇ ਐਬਕ ਓਰਲਬੇਅ ਨਾਲ ਹੋਵੇਗਾ, ਜਦਕਿ ਜ਼ਰੀਨ ਜਾਪਾਨ ਦੀ ਸਾਨਾ ਕਵਾਨੋ ਨਾਲ ਭਿੜੇਗੀ। ਜ਼ਰੀਨ ਇਸ ਵੇਲੇ ਐੱਮਸੀ ਮੇਰੀਕੌਮ ਨਾਲ ਟਰਾਇਲ ਮੁਕਾਬਲਾ ਕਰਵਾਉਣ ਦੀ ਮੰਗ ਕਾਰਨ ਸੁਰਖ਼ੀਆਂ ਵਿੱਚ ਰਹੀ ਸੀ। ਏਸ਼ਿਆਈ ਖੇਡਾਂ ਦੀ ਸਾਬਕਾ ਕਾਂਸੀ ਦਾ ਤਗ਼ਮਾ ਜੇਤੂ ਪੂਜਾ ਰਾਣੀ ਦਾ ਸਾਹਮਣਾ ਬ੍ਰਾਜ਼ੀਲ ਦੀ ਬੀਟਰਿਜ਼ ਸੁਆਰਜ਼ ਨਾਲ ਹੋਵੇਗਾ। ਰਾਣੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਭਾਰਤ ਦਾ ਸਿਰਫ਼ ਇੱਕ ਮੁੱਕੇਬਾਜ਼ ਅਨੰਤ ਚੋਪੜੇ ਹੀ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕਿਆ। ਉਹ ਘਰੇਲੂ ਮੁੱਕੇਬਾਜ਼ ਤੋਸ਼ੋ ਕਾਸ਼ੀਵਸਾਕੀ ਤੋਂ 2-3 ਨਾਲ ਹਾਰ ਗਿਆ।