ਅਗਲੀਆਂ ਚੋਣਾਂ ’ਚ ਵੀ ਪਾਰਟੀ ਦੀ ਅਗਵਾਈ ਕਰਾਂਗਾ: ਕੈਪਟਨ

ਅਗਲੀਆਂ ਚੋਣਾਂ ’ਚ ਵੀ ਪਾਰਟੀ ਦੀ ਅਗਵਾਈ ਕਰਾਂਗਾ: ਕੈਪਟਨ

ਕਾਂਗਰਸ ਹਾਈਕਮਾਨ ਵੱਲੋਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪੇ ਜਾਣ ਦੇ ਸੰਕੇਤਾਂ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਟੁੱਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਹੈ ਕਿ ਉਹ ਅਗਾਮੀ ਚੋਣਾਂ ’ਚ ਕਾਂਗਰਸ ਨੂੰ ਜਿਤਾਉਣ ਲਈ ਸਾਲ 2017 ਵਾਂਗ ਖੁ਼ਦ ਅਗਵਾਈ ਕਰਨਗੇ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਅਮਰਿੰਦਰ ਸਿੰਘ ਦੇ ਅਸਤੀਫ਼ੇ ਬਾਰੇ ਚੱਲ ਰਹੀਆਂ ਅਫ਼ਵਾਹਾਂ ਨੂੰ ਰੱਦ ਕਰਦਿਆਂ ਕਿਹਾ ਕਿ ਮੀਡੀਆ ਗਲਤ ਕਿਆਸ ਲਾਉਣ ਤੋਂ ਗੁਰੇਜ਼ ਕਰੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਹਾਈਕਮਾਨ ਨੂੰ ਅਜਿਹੀ ਕੋਈ ਪੇਸ਼ਕਸ਼ ਨਹੀਂ ਕੀਤੀ। ਕਾਬਿਲੇਗੌਰ ਹੈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਹਵਾਲੇ ਨਾਲ ਅੱਜ ਦੁਪਹਿਰੇ ਖ਼ਬਰਾਂ ਨਸ਼ਰ ਹੋਈਆਂ ਸਨ ਕਿ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਘਰੇਲੂ ਕਲੇਸ਼ ਨੂੰ ਸਮੇਟਦਿਆਂ ਕਾਂਗਰਸੀ ਨੇਤਾ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਹ ਵੀ ਕਿਹਾ ਗਿਆ ਕਿ ਆਗਾਮੀ ਚੋਣਾਂ ਜਿੱਤਣ ਲਈ ਹਾਈਕਮਾਨ ਨੇ ਲੰਮੇ ਸਿਆਸੀ ਮੰਥਨ ਦੌਰਾਨ ਪੰਜਾਬ ਕਾਂਗਰਸ ਵਿਚਲੇ ਆਪਸੀ ਮੱਤਭੇਦਾਂ ਦੇ ਖਾਤਮੇ ਲਈ ਜੋ ਸ਼ਾਂਤੀ ਫਾਰਮੂਲਾ ਤਿਆਰ ਕੀਤਾ ਹੈ, ਉਸ ਮੁਤਾਬਿਕ ਪੰਜਾਬ ਕਾਂਗਰਸ ਦੀ ਕਮਾਨ ਨਵਜੋਤ ਸਿੱਧੂ ਨੂੰ ਸੌਂਪੀ ਜਾਣੀ ਹੈ। ਅਧਿਕਾਰਤ ਸਰੋਤਾਂ ਨੇ ਹਾਲਾਂਕਿ ਇਸ ਤੱਥ ਦੀ ਨਾ ਪੁਸ਼ਟੀ ਕੀਤੀ ਤੇ ਨਾ ਹੀ ਇਸ ਨੂੰ ਰੱਦ ਕੀਤਾ ਹੈ।
ਵੇਰਵਿਆਂ ਅਨੁਸਾਰ ਹਾਈਕਮਾਨ ਨੇ ਪੰਜਾਬ ਕਾਂਗਰਸ ਵਿਚ ਸਿਆਸੀ ਸੰਤੁਲਨ ਅਤੇ ਆਪਸੀ ਤਾਲਮੇਲ ਬਿਹਤਰ ਬਣਾਏ ਜਾਣ ਲਈ ਜਿਹੜਾ ਨਵਾਂ ਫਾਰਮੂਲਾ ਘੜਿਆ ਹੈ, ਉਹ ਜ਼ਮੀਨੀ ਹਕੀਕਤ ਬਣੇਗਾ ਜਾਂ ਨਹੀਂ, ਇਹ ਤਾਂ ਭਵਿੱਖ ਦੀ ਕੁੱਖ ’ਚ ਹੈ ਪਰ ਹਾਈਕਮਾਨ ਦੇ ਸੰਕੇਤਾਂ ਨੇ ਪੰਜਾਬ ਦੀ ਸਿਆਸਤ ਯੱਕਦਮ ਭਖਾ ਦਿੱਤੀ ਹੈ। ਹਾਈਕਮਾਨ ਨੇ ਹਾਲਾਂਕਿ ਇਹ ਜ਼ਰੂਰ ਸਪੱਸ਼ਟ ਕੀਤਾ ਹੈ ਕਿ ਆਗਾਮੀ ਚੋਣਾਂ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਆਪਸ ’ਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਹੋਵੇਗਾ। ਹਰੀਸ਼ ਰਾਵਤ ਦੇ ਹਵਾਲੇ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਰਹਿਣਗੇ ਅਤੇ ਅਗਲੀ ਚੋਣ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੀ ਜਾਵੇਗੀ। ਨਵੇਂ ਫਾਰਮੂਲੇ ਤਹਿਤ ਦੋ ਕਾਰਜਕਾਰੀ ਪ੍ਰਧਾਨ ਲਗਾਏ ਜਾਣੇ ਹਨ, ਜਿਨ੍ਹਾਂ ਲਈ ਦਲਿਤ ਚਿਹਰੇ ਵਜੋਂ ਚੌਧਰੀ ਸੰਤੋਖ ਸਿੰਘ ਅਤੇ ਹਿੰਦੂ ਚਿਹਰੇ ਵਜੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਨਾਵਾਂ ਦੀ ਚਰਚਾ ਸਿਖ਼ਰ ’ਤੇ ਹੈ। ਨਵਜੋਤ ਸਿੱਧੂ ਦਾ ਖੇਮਾ ਰਸਮੀ ਐਲਾਨ ਤੋਂ ਪਹਿਲਾਂ ਹੀ ਪੰਜਾਬ ਦੀ ਸਿਆਸਤ ’ਚ ਬਤੌਰ ਪ੍ਰਧਾਨ ਨਵਜੋਤ ਸਿੱਧੂ ਦੀ ਐਂਟਰੀ ਲਈ ਜ਼ਮੀਨ ਤਿਆਰ ਕਰਨ ਵਿਚ ਜੁਟ ਗਿਆ ਹੈ। ਲੁਧਿਆਣਾ ਸਮੇਤ ਕਈ ਸ਼ਹਿਰਾਂ ਵਿਚ ਨਵਜੋਤ ਸਿੱਧੂ ਦੇ ਨਾਮ ਦੀਆਂ ਫਲੈਕਸਾਂ ਲੱਗ ਗਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਪਾਰਟੀ ਹਾਈਕਮਾਨ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਨਾਲ ਹੀ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਨ ਦੀਆਂ ਵਿਉਂਤਾਂ ਘੜੀ ਬੈਠੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦਰਮਿਆਨ ਚੱਲ ਰਹੀ ਇਸ ਸਿਆਸੀ ਜੰਗ ’ਚ ਸੁਨੀਲ ਜਾਖੜ ਨੂੰ ਪ੍ਰਧਾਨਗੀ ਗੁਆਉਣੀ ਪਵੇਗੀ।