ਅਮਰੀਕੀ ਫ਼ੌਜੀ ਅਧਿਕਾਰੀ ਨੇ ਚੀਨ ਤੋਂ ਵਧ ਰਹੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ

ਅਮਰੀਕੀ ਫ਼ੌਜੀ ਅਧਿਕਾਰੀ ਨੇ ਚੀਨ ਤੋਂ ਵਧ ਰਹੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ

ਹੈਲੀਫੈਕਸ : ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਕਮਾਂਡ ਦੇ ਮੁਖੀ ਨੇ ਅੱਜ ਕਿਹਾ ਕਿ ਅਮਰੀਕਾ ਤੇ ਇਸ ਦੇ ਸਾਥੀ ਮੁਲਕਾਂ ਨੂੰ ਇਸ ਖੇਤਰ ਵਿਚ ਹੋਰ ਤੇਜ਼ੀ ਨਾਲ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਦੀ ਇਹ ਟਿੱਪਣੀ ਇਸ ਖਿੱਤੇ ਵਿਚ ਵਧੀ ਚੀਨ ਦੀ ਫ਼ੌਜੀ ਗਤੀਵਿਧੀ ਦੇ ਮੱਦੇਨਜ਼ਰ ਆਈ ਹੈ। ਐਡਮਿਰਲ ਜੌਹਨ ਸੀ ਐਕਿਊਲਿਨੋ ਨੇ ਦੁਹਰਾਇਆ ਕਿ ਅਮਰੀਕਾ ਹਿੰਦ-ਪ੍ਰਸ਼ਾਂਤ ਖੇਤਰ ਵਿਚ ਆਜ਼ਾਦ ਤੇ ਖੁੱਲ੍ਹੀ ਆਵਾਜਾਈ ਜਾਰੀ ਰੱਖਣ ਲਈ ਵਚਨਬੱਧ ਹੈ। ਹੈਲੀਫੈਕਸ ਕੌਮਾਂਤਰੀ ਸੁਰੱਖਿਆ ਫੋਰਮ ਮੌਕੇ ਉਨ੍ਹਾਂ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਸੁਰੱਖਿਆ ਬਲਾਂ ਨੂੰ ਕਿਹਾ ਹੈ ਕਿ ਉਹ 2027 ਤੱਕ ਫ਼ੌਜੀ ਪੱਧਰ ਉਤੇ ਅਮਰੀਕਾ ਦੇ ਬਰਾਬਰ ਹੋਣ। ਅਮਰੀਕੀ ਕਮਾਂਡਰ ਨੇ ਕਿਹਾ ਕਿ ਅਮਰੀਕਾ ਤੇ ਇਸ ਦੇ ਸਹਿਯੋਗੀ ਮੁਲਕਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਤੇ ਕੌਮਾਂਤਰੀ ਪਾਣੀਆਂ ਵਿਚ ਤਾਲਮੇਲ ਵਧਾਉਣਾ ਪਏਗਾ ਤਾਂ ਕਿ ਲੋੜ ਪੈਣ ਉਤੇ ਮਿਲ ਕੇ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਮਰੱਥਾ ਵਿਚ ਤੇਜ਼ੀ ਨਾਲ ਵਾਧਾ ਕਰਨਾ ਪਵੇਗਾ। ਦੱਸਣਯੋਗ ਹੈ ਕਿ ਚੀਨ ਦੀ ਫ਼ੌਜ ਨੇ ਤਾਇਵਾਨ ਨੇੜੇ ਲੜਾਕੂ ਜਹਾਜ਼ਾਂ ਦੀ ਗਿਣਤੀ ਵਧਾ ਦਿੱਤੀ ਹੈ। ਚੀਨ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਤੇ ਤਾਕਤ ਦੀ ਵਰਤੋਂ ਕਰ ਕੇ ਇਸ ਨੂੰ ਮੁਲਕ ਦਾ ਹਿੱਸਾ ਬਣਾਉਣ ਦੀ ਧਮਕੀ ਵੀ ਦੇ ਚੁੱਕਾ ਹੈ। ਇਸੇ ਹਫ਼ਤੇ ਚੀਨ ਦੇ ਤੱਟ ਰੱਖਿਅਕਾਂ ਨੇ ਆਪਣਿਆਂ ਜਹਾਜ਼ਾਂ ਨਾਲ ਫਿਲਪੀਨਜ਼ ਦੀਆਂ ਦੋ ਕਿਸ਼ਤਿਆਂ ਨੂੰ ਘੇਰਿਆ ਅਤੇ ਉਨ੍ਹਾਂ ਉਤੇ ਪਾਣੀ ਛਿੜਕ ਦਿੱਤਾ। ਇਹ ਕਿਸ਼ਤੀਆਂ ਦੱਖਣੀ ਚੀਨ ਸਾਗਰ ਵਿਚ ਸਪਲਾਈ ਲਈ ਗਸ਼ਤ ਕਰ ਰਹੀਆਂ ਸਨ।