ਅਮਰੀਕਾ: ਏਸ਼ਿਆਈ ਅਮਰੀਕੀਆਂ ਵਿਰੁੱਧ ਨਸਲੀ ਅਪਰਾਧਾਂ ਨਾਲ ਨਜਿੱਠਣ ਲਈ ਬਿੱਲ ਪਾਸ

ਅਮਰੀਕਾ: ਏਸ਼ਿਆਈ ਅਮਰੀਕੀਆਂ ਵਿਰੁੱਧ ਨਸਲੀ ਅਪਰਾਧਾਂ ਨਾਲ ਨਜਿੱਠਣ ਲਈ ਬਿੱਲ ਪਾਸ

ਅਮਰੀਕੀ ਸੰਸਦ ਨੇ ਮੰਗਲਵਾਰ ਏਸ਼ਿਆਈ ਮੂਲ ਦੇ ਅਮਰੀਕੀਆਂ ਅਤੇ ਪ੍ਰਸ਼ਾਂਤ ਦੀਪ ਸਮੂਹ ਦੇ ਲੋਕਾਂ ਵਿਰੁੱਧ ਨਸਲੀ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਨਾਲ ਨਜਿੱਠਣ ਲਈ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਇਸ ਨੂੰ ਦਸਤਖ਼ਤਾਂ ਲਈ ਰਾਸ਼ਟਰਪਤੀ ਜੋਅ ਬਾਇਡਨ ਕੋਲ ਭੇਜਿਆ। ਕਰੋਨਾ ਮਹਾਮਾਰੀ ਦੌਰਾਨ ਇਹ ਗੰਭੀਰ ਅਪਰਾਧ ਬਹੁਤ ਵਧ ਗਏ ਸਨ। ਸਦਨ ਵਿੱਚ ਇਹ ਬਿੱਲ 62 ਦੇ ਮੁਕਾਬਲੇ 364 ਵੋਟਾਂ ਨਾਲ ਪਾਸ ਕੀਤਾ ਗਿਆ। ਇਸ ਨਾਲ ਨਿਆਂ ਮੰਤਰਾਲੇ ਦੇ ਪੱਧਰ ’ਤੇ ਨਸਲੀ ਨਫ਼ਰਤ ਦੇ ਅਪਰਾਧਾਂ ਦੀ ਜਾਂਚ ਨੂੰ ਤੇਜ਼ ਆਵੇਗੀ ਅਤੇ ਪੱਖਪਾਤ-ਪ੍ਰੇਰਿਤ ਘਟਨਾਵਾਂ ਦੀ ਜਾਂਚ, ਖੋਜ ਅਤੇ ਸ਼ਿਕਾਇਤ ਰਿਪੋਰਟਿੰਗ ਨੂੰ ਸੁਧਾਰਨ ਲਈ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਗ੍ਰਾਂਟ ਮੁਹੱਈਆ ਕਰਵਾਈ ਜਾਵੇਗੀ, ਜੋ ਅਕਸਰ ਦਾਇਰ ਨਹੀਂ ਕੀਤੀਆਂ ਜਾਂਦੀਆਂ। ਜ਼ਿਕਰਯੋਗ ਹੈ ਕਿ ਅਪਰੈਲ ਵਿਚ ਸੰਸਦ ਮੈਂਬਰਾਂ ਵੱਲੋਂ ਇਕ ਸਮਝੌਤੇ ’ਤੇ ਪਹੁੰਚਣ ਮਗਰੋਂ ਸੈਨੇਟ ਨੇ ਇਸ ਨੂੰ ਇਕ ਵੋਟ ਦੇ ਮੁਕਾਬਲੇ 94 ਵੋਟਾਂ ਨਾਲ ਮਨਜ਼ੂਰੀ ਦਿੱਤੀ ਸੀ। ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਉਹ ਇਸ ’ਤੇ ਦਸਤਖ਼ਤ ਕਰਨਗੇ। ਗ੍ਰੇਸ ਮੈਂਗ, ਜਿਸ ਨੇ ਸਦਨ ਵਿਚ ਬਿੱਲ ਪਾਸ ਕਰਾਉਣ ਵਿਚ ਮਦਦ ਕੀਤੀ, ਨੇ ਕਿਹਾ, ‘ਏਸ਼ਿਆਈ-ਅਮਰੀਕੀ ਮਦਦ ਦੀ ਗੁਹਾਰ ਲਗਾ ਰਹੇ ਹਨ ਅਤੇ ਸਦਨ, ਸੈਨੇਟ ਅਤੇ ਰਾਸ਼ਟਰਪਤੀ ਬਾਇਡਨ ਸਾਡੀ ਗੁਹਾਰ ਸੁਣ ਲਈ ਹੈ।’