ਅਮਰੀਕੀ ਰਾਸ਼ਟਰਪਤੀ ਚੋਣਾਂ: ਬਾਇਡਨ ਜਿੱਤ ਦੇ ਕਰੀਬ

ਅਮਰੀਕੀ ਰਾਸ਼ਟਰਪਤੀ ਚੋਣਾਂ: ਬਾਇਡਨ ਜਿੱਤ ਦੇ ਕਰੀਬ

ਅਮਰੀਕੀ ਰਾਸ਼ਟਰਪਤੀ ਚੁਣਨ ਲਈ ਹੋ ਰਹੀ ਵੋਟਾਂ ਦੀ ਗਿਣਤੀ ਵਿਚ ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਮੁਕਾਬਲੇ ਵਾਲੇ ਅਹਿਮ ਸੂਬਿਆਂ- ਜੌਰਜੀਆ ਤੇ ਪੈਨਸਿਲਵੇਨੀਆ ਵਿਚ ਡੋਨਲਡ ਟਰੰਪ ਤੋਂ ਅੱਗੇ ਚੱਲ ਰਹੇ ਹਨ। ਬੇਹੱਦ ਘੱਟ ਫ਼ਰਕ ਵਾਲੇ ਇਤਿਹਾਸਕ ਮੁਕਾਬਲੇ ਵਿਚ ਬਾਇਡਨ ਦੇ ਵਾਈਟ ਹਾਊਸ ਵਿਚ ਦਾਖ਼ਲੇ ਦੇ ਆਸਾਰ ਵਧਦੇ ਜਾ ਰਹੇ ਹਨ। ਜੌਰਜੀਆ ਵਿਚ ਬਾਇਡਨ ਨੇ ਟਰੰਪ ਨੂੰ ਪਿੱਛੇ ਛੱਡ ਦਿੱਤਾ ਹੈ ਹਾਲਾਂਕਿ ਲੀਡ ਥੋੜ੍ਹੀ ਹੈ। ਜੌਰਜੀਆ ਵਿਚ ਬਾਇਡਨ ਕਰੀਬ ਹਜ਼ਾਰ ਵੋਟਾਂ ਨਾਲ ਅੱਗੇ ਹਨ। ਲੱਖਾਂ ਵੋਟਾਂ ਹਾਲੇ ਵੀ ਗਿਣੀਆਂ ਜਾਣੀਆਂ ਹਨ ਪਰ ਆਖ਼ਰੀ ਨਤੀਜਿਆਂ ਤੋਂ ਪਹਿਲਾਂ ਹੀ ਬਾਇਡਨ ਨੂੰ ਕਰੀਬ 7.3 ਕਰੋੜ ਵੋਟਾਂ ਪੈ ਚੁੱਕੀਆਂ ਹਨ। ਅਮਰੀਕੀ ਸਿਆਸਤ ਦੇ ਇਤਿਹਾਸ ਵਿਚ ਕਿਸੇ ਨੂੰ ਮਿਲੀਆਂ ਇਹ ਸਭ ਤੋਂ ਵੱਧ ਵੋਟਾਂ ਹਨ। ਪੈਨਸਿਲਵੇਨੀਆ ਵਿਚ ਹਾਲੇ ਕਰੀਬ 1,30,000 ਵੋਟਾਂ ਗਿਣਨ ਵਾਲੀਆਂ ਰਹਿੰਦੀਆਂ ਹਨ। ਪੈਨਸਿਲਵੇਨੀਆ ਵਿਚ ਜੇਕਰ ਬਾਇਡਨ ਜਿੱਤ ਜਾਂਦੇ ਹਨ ਤਾਂ ਟਰੰਪ ਲਈ ਕੋਈ ਮੌਕਾ ਨਹੀਂ ਰਹੇਗਾ। ਜ਼ਿਕਰਯੋਗ ਹੈ ਕਿ ਸਾਬਕਾ ਉਪ ਰਾਸ਼ਟਰਪਤੀ ਬੁੱਧਵਾਰ ਤੱਕ ਰਿਪਬਲਿਕਨ ਉਮੀਦਵਾਰ ਟਰੰਪ ਤੋਂ ਜੌਰਜੀਆ ਵਿਚ 50 ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੇ ਸਨ। ਪੈਨਸਿਲਵੇਨੀਆ ਵਿਚ ਵੀ ਬਾਇਡਨ ਨੇ ਟਰੰਪ ਨੂੰ ਕਰੀਬ ਛੇ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਪਿੱਛੇ ਛੱਡ ਦਿੱਤਾ ਹੈ। ਵਿਲਮਿੰਗਟਨ ਵਿਚ ਜੋਅ ਬਾਇਡਨ ਦੀ ਰਿਹਾਇਸ਼ ਨੇੜਲੇ ਇਲਾਕੇ ਨੂੰ ‘ਨੋ ਫਲਾਇੰਗ’ ਜ਼ੋਨ ਐਲਾਨ ਦਿੱਤਾ ਗਿਆ ਹੈ। ਇਲਾਕੇ ਉਪਰੋਂ ਜਹਾਜ਼ ਨਹੀਂ ਲੰਘ ਸਕਣਗੇ। ਇਸ ਤੋਂ ਇਲਾਵਾ ਸੀਕ੍ਰੇਟ ਸਰਵਿਸ ਨੇ ਆਪਣੇ ਹੋਰ ਏਜੰਟ ਬਾਇਡਨ ਦੀ ਸੁਰੱਖਿਆ ਲਈ ਡੈਲਾਵੇਅਰ ਭੇਜ ਦਿੱਤੇ ਹਨ। ਜੌਰਜੀਆ ਵਿਚ ਵੋਟਾਂ ਦੀ ਮੁੜ ਗਿਣਤੀ ਦੀ ਸੰਭਾਵਨਾ ਬਣ ਗਈ ਹੈ। ਇਹ ਇਕ ਹੈਰਾਨੀਜਨਕ ਤੱਥ ਹੈ ਕਿਉਂਕਿ ਟਰੰਪ ਫ਼ੈਸਲਾਕੁਨ ਰਾਜਾਂ ਵਿਚ ਬੁੱਧਵਾਰ ਰਾਤ ਤੱਕ 70,000 ਵੋਟਾਂ ਨਾਲ ਅੱਗੇ ਚੱਲ ਰਹੇ ਸਨ। ਬਾਇਡਨ ਨੇ ਦੋ ਹੋਰ ਸੂਬਿਆਂ- ਐਰੀਜ਼ੋਨਾ ਤੇ ਨੇਵਾਡਾ ਵਿਚ ਵੀ ਬੜ੍ਹਤ ਬਣਾਈ ਹੋਈ ਸੀ। ਜਿੱਤਣ ਲਈ ਦੋਵਾਂ ਵਿਚੋਂ ਇਕ ਉਮੀਦਵਾਰ ਨੂੰ 270 ਇਲੈਕਟੋਰਲ ਕਾਲਜ ਵੋਟਾਂ ਮਿਲਣੀਆਂ ਜ਼ਰੂਰੀ ਹੈ। ਸਾਰੇ ਸੂਬਿਆਂ ਵਿਚ ਕੁੱਲ ਇਲੈਕਟੋਰਲ ਵੋਟਾਂ 538 ਹਨ। ਆਖ਼ਰੀ ਨਤੀਜਿਆਂ ਤੋਂ ਪਹਿਲਾਂ ਬਾਇਡਨ ਹਿੱਸੇ 264 ਤੇ ਟਰੰਪ ਹਿੱਸੇ 214 ਵੋਟਾਂ ਆ ਰਹੀਆਂ ਸਨ। ਟਰੰਪ ਦੇ ਸਮਰਥਕਾਂ ਨੇ ਪੈਨਸਿਲਵੇਨੀਆ, ਮਿਸ਼ੀਗਨ, ਜੌਰਜੀਆ ਤੇ ਨੇਵਾਡਾ ਵਿਚ ਅਦਾਲਤਾਂ ਦਾ ਰੁਖ਼ ਕੀਤਾ ਹੈ ਜਦਕਿ ਵਿਸਕੌਨਸਿਨ ਵਿਚ ਮੁੜ ਗਿਣਤੀ ਦੀ ਮੰਗ ਕੀਤੀ ਗਈ ਹੈ।