ਰਾਜੇਵਾਲ ਵੱਲੋਂ ਸਮਰਾਲਾ ਤੋਂ ਚੋਣ ਲੜਨ ਦਾ ਐਲਾਨ

ਰਾਜੇਵਾਲ ਵੱਲੋਂ ਸਮਰਾਲਾ ਤੋਂ ਚੋਣ ਲੜਨ ਦਾ ਐਲਾਨ

ਦਿੱਲੀ ਕਿਸਾਨੀ ਅੰਦੋਲਨ ਦੌਰਾਨ ਕੌਮਾਂਤਰੀ ਪੱਧਰ ’ਤੇ ਪਛਾਣ ਬਣਾਉਣ ਵਾਲੇ ਤੇ 22 ਜਥੇਬੰਦੀਆਂ ਨੂੰ ਨਾਲ ਲੈ ਕੇ ਸਿਆਸੀ ਪਾਰਟੀ ‘ਸੰਯੁਕਤ ਸਮਾਜ ਮੋਰਚਾ’ ਬਣਾਉਣ ਵਾਲੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਅੱਜ ਹਲਕਾ ਸਮਰਾਲਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ।
ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਸਿਆਸਤ ਵਿੱਚ ਨਵੇਂ ਨਹੀਂ ਹਨ। ਕਈ ਸਾਲ ਪਹਿਲਾਂ ਉਨ੍ਹਾਂ ਦੀਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਜ਼ਦੀਕੀਆਂ ਵੀ ਰਹੀਆਂ ਹਨ। ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜਨ ਦੀਆਂ ਚਰਚਾਵਾਂ ਵੀ ਜ਼ੋਰਾਂ ’ਤੇ ਰਹੀਆਂ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਰਾਜੇਵਾਲ ਵੱਲੋਂ ‘ਆਪ’ ਦੇ ਉਮੀਦਵਾਰ ਸਰਬੰਸ ਸਿੰਘ ਮਾਣਕੀ ਦਾ ਸਮਰਥਨ ਵੀ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੰਯੁਕਤ ਸਮਾਜ ਮੋਰਚਾ ਵੱਲੋਂ ਹਾਲੇ ਤੱਕ ਕਿਸੇ ਵੀ ਸੀਟ ਲਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ।
ਗੌਰਤਲਬ ਹੈ ਕਿ ਅੱਜ ਆਪਣੇ ਸਮਰਥਕਾਂ ਸਮੇਤ ਮਾਛੀਵਾੜਾ ਇਲਾਕੇ ’ਚ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਬਲਵੀਰ ਸਿੰਘ ਰਾਜੇਵਾਲ ਨਾਲ ਅਕਾਲੀ ਦਲ ਅਤੇ ਕਾਂਗਰਸ ਦੇ ਵੀ ਕਈ ਆਗੂ ਨਜ਼ਰ ਆਏ, ਜੋ ਵਿਰੋਧੀ ਪਾਰਟੀਆਂ ਲਈ ਖ਼ਤਰੇ ਦੀ ਘੰਟੀ ਹੈ। ਹਲਕਾ ਸਮਰਾਲਾ ’ਚ ਚੋਣ ਮੈਦਾਨ ਦੀ ਸਥਿਤੀ ਲਗਪਗ ਸਪੱਸ਼ਟ ਹੁੰਦੀ ਨਜ਼ਰ ਆ ਰਹੀ ਹੈ। ਇੱਥੇ ਅਕਾਲੀ ਦਲ ਵੱਲੋਂ ਪਰਮਜੀਤ ਸਿੰਘ ਢਿੱਲੋਂ, ਕਾਂਗਰਸ ਵੱਲੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੋਤੇ ਕਰਨਵੀਰ ਸਿੰਘ ਢਿੱਲੋਂ ਦੀ ਟਿਕਟ ਤੈਅ ਮੰਨੀ ਜਾ ਰਹੀ ਹੈ ਅਤੇ ‘ਆਪ’ ਵੱਲੋਂ ਜਗਤਾਰ ਸਿੰਘ ਦਿਆਲਪੁਰਾ ਚੋਣ ਮੈਦਾਨ ਵਿੱਚ ਆ ਚੁੱਕੇ ਹਨ।