ਅਥਲੈਟਿਕਸ ਵਿੱਚ ਹੁਣ ਸਾਡਾ ਸੋਨਾ

ਅਥਲੈਟਿਕਸ ਵਿੱਚ ਹੁਣ ਸਾਡਾ ਸੋਨਾ

ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਵਿੱਚ ਜੈਵਲਿਨ ਥਰੋਅ (ਨੇਜ਼ਾ ਸੁੱਟਣ) ਦੇ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਟਰੈਕ ਐਂਡ ਫੀਲਡ ਮੁਕਾਬਲਿਆਂ ਵਿੱਚ ਭਾਰਤ ਦਾ ਇਕ ਸਦੀ ਮਗਰੋਂ ਇਹ ਪਹਿਲਾ ਤਗ਼ਮਾ ਹੈ। ਹਰਿਆਣਾ ਦੇ ਖੰਡਰਾ ਪਿੰਡ ਦੇ ਇਕ ਕਿਸਾਨ ਦੇ ਪੁੱਤ ਨੀਰਜ (23) ਨੇ ਆਪਣੀ ਦੁੂਜੀ ਹੀ ਕੋਸ਼ਿਸ਼ ਵਿੱਚ 87.58 ਮੀਟਰ ਨੇਜ਼ਾ ਸੁੱਟ ਕੇ ਕੁੱਲ ਆਲਮ ਨੂੰ ਹੈਰਾਨ ਕਰ ਦਿੱਤਾ। ਨੀਰਜ ਭਾਰਤ ਵੱਲੋਂ ਵਿਅਕਤੀਗਤ ਸੋਨ ਤਗ਼ਮਾ ਜਿੱਤਣ ਵਾਲਾ ਦੂਜਾ ਭਾਰਤੀ ਖਿਡਾਰੀ ਹੈ। ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਪੇਈਚਿੰਗ ਓਲੰਪਿਕ 2008 ਵਿੱਚ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਵਿੱਚ ਸੋਨ ਤਗ਼ਮਾ ਜਿੱਤਿਆ ਸੀ।
ਭਾਰਤ ਦਾ ਮੌਜੂਦਾ ਓਲੰਪਿਕ ਖੇਡਾਂ ਵਿੱਚ ਸੱਤਵਾਂ ਤਗ਼ਮਾ ਹੈ, ਜੋ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ ਭਾਰਤ ਨੇ ਲੰਡਨ ਓਲੰਪਿਕ 2012 ਵਿੱਚ 6 ਤਗ਼ਮੇ ਜਿੱਤੇ ਸਨ। ਰੀਓ ਓਲੰਪਿਕ 2016 ਵਿੱਚ ਭਾਰਤ ਨੂੰ ਇਕ ਚਾਂਦੀ ਤੇ ਇਕ ਕਾਂਸੀ ਨਾਲ ਕੁੱਲ 2 ਤਗ਼ਮੇ ਹੀ ਮਿਲੇ ਸਨ ਤੇ ਤਗ਼ਮਾ ਸੂਚੀ ਵਿੱਚ ਭਾਰਤ 67ਵੇਂ ਸਥਾਨ ’ਤੇ ਰਿਹਾ ਸੀ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨੀਰਜ ਚੋਪੜਾ ਨੂੰ ਸੋਨ ਤਗ਼ਮਾ ਜਿੱਤਣ ਦੀ ਵਧਾਈ ਦਿੰਦਿਆਂ ਛੇ ਕਰੋੜ ਰੁਪਏ ਦਾ ਨਗ਼ਦ ਪੁਰਸਕਾਰ ਅਤੇ ਗਰੇਡ-ਏ ਦੀ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੀਰਜ ਨੂੰ ਵਧਾਈ ਦਿੰਦਿਆਂ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਚੋਪੜਾ ਅੱਜ ਮੁਕਾਬਲੇ ਦੌਰਾਨ ਸ਼ੁਰੂ ਤੋਂ ਹੀ ਆਤਮਵਿਸ਼ਵਾਸ ਨਾਲ ਲਬਰੇਜ਼ ਨਜ਼ਰ ਆਇਆ ਤੇ ਉਸ ’ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਦਿਸਿਆ। ਉਹ ਇਕ ‘ਰੌਕਸਟਾਰ’ ਵਾਂਗ ਆਇਆ ਤੇ ਟੋਕੀਓ ਓਲੰਪਿਕ ਨੂੰ ਹੁਣ ਤੱਕ ਦਾ ਸਰਵੋਤਮ ਓਲੰਪਿਕ ਬਣਾ ਗਿਆ ਹੈ। ਚੋਪੜਾ ਦੇ ਸੋਨ ਤਗ਼ਮੇ ਤੋਂ ਇਲਾਵਾ ਭਾਰਤ ਨੇ ਟੋਕੀਓ ਖੇਡਾਂ ਵਿੱਚ ਦੋ ਚਾਂਦੀ ਤੇ ਚਾਰ ਕਾਂਸੀ ਦੇ ਤਗ਼ਮੇ ਜਿੱਤੇ ਹਨ। ਚੈੱਕ ਗਣਰਾਜ ਦਾ ਜਾਕੁਬ ਵਾਦਲੇਚ ਨੇ 86.67 ਮੀਟਰ ਨੇਜ਼ਾ ਸੁੱਟ ਕੇ ਚਾਂਦੀ ਜਦੋਂਕਿ ਹਮਵਤਨ ਵਿਤੇਜਸਲਾਵ ਨੇ 85.44 ਮੀਟਰ ਦੀ ਦੂਰੀ ਨਾਲ ਕਾਂਸੀ ਹਾਸਲ ਕੀਤੀ। ਨੀਰਜ ਨੂੰ ਓਲੰਪਿਕ ਤੋਂ ਪਹਿਲਾਂ ਹੀ ਤਗ਼ਮੇ ਦਾ ਪ੍ਰਬਲ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਇਸ 23 ਸਾਲਾ ਅਥਲੀਟ ਨੇ ਕੁਆਲੀਫਾਈਂਗ ਗੇੜ ਵਿੱਚ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ 86.59 ਮੀਟਰ ਨੇਜ਼ਾ ਸੁੱਟ ਕੇ ਸਿਖਰਲੇ ਸਥਾਨ ’ਤੇ ਰਹਿੰਦਿਆਂ ਫਾਈਨਲ ਵਿੱਚ ਥਾਂ ਬਣਾਈ ਸੀ। ਉਂਜ ਅੱਜ ਫਾਈਨਲ ਦੌਰਾਨ ਚੋਪੜਾ ਨੇ ਆਖਿਰ ਤੱਕ ਆਪਣੀ ਲੀਡ ਨੂੰ ਕਾਇਮ ਰੱਖਿਆ। ਫਾਈਨਲ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ ਚੋਪੜਾ ਨੇ 87.03 ਮੀਟਰ ਨੇਜ਼ਾ ਸੁੱਟਿਆ। ਉਹ ਸ਼ੁਰੂ ਤੋਂ ਪਹਿਲੇ ਸਥਾਨ ’ਤੇ ਰਿਹਾ। ਤੀਜੀ ਕੋਸ਼ਿਸ਼ ਵਿੱਚ 76.79 ਮੀਟਰ ਤੇ 6ਵੀਂ ਵਿੱਚ 84.24 ਮੀਟਰ ਨੇਜ਼ਾ ਸੁੱਟਿਆ। ਇਸ ਦੌਰਾਨ ਉਸ ਦੀਆਂ ਦੋ ਕੋਸ਼ਿਸ਼ਾਂ ਨਾਕਾਮ ਰਹੀਆਂ। ਮੁਕਾਬਲੇ ਮਗਰੋਂ ਚੋਪੜਾ ਨੇ ਤਿਰੰਗੇ ਝੰਡੇ ਨਾਲ ਸਟੇਡੀਅਮ ਵਿੱਚ ਥੋੜ੍ਹੀ ਦੂਰ ਦੌੜ ਵੀ ਲਾਈ। ਚੋਪੜਾ ਦੇ ਕਰੀਅਰ ਦਾ ਇਹ 5ਵਾਂ ਸਰਵੋਤਮ ਪ੍ਰਦਰਸ਼ਨ ਹੈ।