ਇਲੈਕਟੋਰਲ ਕਾਲਜ ਵੱਲੋਂ ਬਾਇਡਨ ਦੀ ਜਿੱਤ ’ਤੇ ਮੋਹਰ

ਇਲੈਕਟੋਰਲ ਕਾਲਜ ਵੱਲੋਂ ਬਾਇਡਨ ਦੀ ਜਿੱਤ ’ਤੇ ਮੋਹਰ

ਇਲੈਕਟੋਰਲ ਕਾਲਜ (ਚੋਣ ਸਮੂਹ) ਵੱਲੋਂ ਰਾਸ਼ਟਰਪਤੀ ਚੋਣਾਂ ਵਿੱਚ ਮਿਲੀ ਜਿੱਤ ’ਤੇ ਅਧਿਕਾਰਤ ਮੋਹਰ ਲਾਉਣ ਮਗਰੋਂ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕੀਆਂ ਨੂੰ ਕਿਹਾ ਕਿ ਇਹ ‘ਅੱਗੇ ਵਧਣ ਦਾ ਸਮਾਂ’ ਹੈ। 538 ਮੈਂਬਰੀ ਇਲੈਕਟੋਰਲ ਕਾਲਜ ਨੇ 306 ਵੋਟਾਂ ਹਾਸਲ ਕਰਨ ਵਾਲੇ ਬਾਇਡਨ ਨੂੰ ਰਸਮੀ ਤੌਰ ’ਤੇ ਜੇਤੂ ਐਲਾਨ ਦਿੱਤਾ ਹੈ। 78 ਸਾਲਾ ਡੈਮੋਕਰੈਟ ਆਗੂ ਲਈ ਅਗਲੇ ਸਾਲ 20 ਜਨਵਰੀ ਨੂੰ ਮੁਲਕ ਦੇ 46ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਲਈ ਚੋਣ ਸਮੂਹ ਦਾ ਇਹ ਫੈਸਲਾ ਕਾਫ਼ੀ ਅਹਿਮ ਤੇ ਅਤਿ ਲੋੜੀਂਦਾ ਸੀ। ਇਸ ਦੌਰਾਨ ਰਿਪਬਲਿਕਨ ਪਾਰਟੀ ਦੇ ਸਿਖਰਲੇ ਆਗੂਆਂ ਨੇ ਡੈਮੋਕਰੈਟ ਜੋਅ ਬਾਇਡਨ ਨੂੰ ਪਹਿਲੀ ਵਾਰ ਰਾਸ਼ਟਰਪਤੀ ਚੋਣਾਂ ਦਾ ਜੇਤੂ ਦੱਸਿਆ ਹੈ।
ਕਾਬਿਲੇਗੌਰ ਹੈ ਕਿ ਅਮਰੀਕੀ ਚੋਣ ਪ੍ਰਬੰਧ ਵਿੱਚ ਵੋਟਰ ਅਸਲ ਵਿੱਚ ਆਪਣੀਆਂ ਵੋਟਾਂ ਇਲੈਕਟਰਜ਼ (ਚੋਣਕਾਰਾਂ) ਨੂੰ ਪਾਉਂਦੇ ਹਨ, ਜੋ ਅਮਰੀਕੀ ਚੋਣਾਂ ਤੋਂ ਕੁਝ ਹਫ਼ਤਿਆਂ ਮਗਰੋਂ (ਦੋਵਾਂ) ਉਮੀਦਵਾਰਾਂ ਨੂੰ ਰਸਮੀ ਤੌਰ ’ਤੇ ਵੋਟਾਂ ਪਾਉਂਦੇ ਹਨ। ਬਾਇਡਨ ਨੂੰ 3 ਨਵੰਬਰ ਦੀਆਂ ਚੋਣਾਂ ਵਿੱਚ 306 ਇਲੈਕਟੋਰਲ ਕਾਲਜ ਵੋਟਾਂ ਮਿਲੀਆਂ ਹਨ ਜਦੋਂਕਿ ਉਨ੍ਹਾਂ ਦੇ ਵਿਰੋਧੀ ਰਿਪਬਲਿਕਨ ਉਮੀਦਵਾਰ ਤੇ ਮੌਜੂਦਾ ਅਮਰੀਕੀ ਸਦਰ ਦੇ ਹਿੱਸੇ 232 ਵੋਟਾਂ ਆਈਆਂ। ਇਲੈਕਟੋਰਲ ਕਾਲਜ ਵੋਟਾਂ ਨੂੰ ਹੁਣ ਅਗਲੇ ਮਹੀਨੇ ਰਸਮੀ ਗਿਣਤੀ ਲਈ ਕਾਂਗਰਸ ਕੋਲ ਭੇਜਿਆ ਜਾਵੇਗਾ। ਸੈਨੇਟ ਵਿਚਲੇ ਕੁਝ ਰਿਪਬਲਿਕਨਾਂ ਨੇ ਹਾਲਾਂਕਿ ਇਸ਼ਾਰਾ ਕੀਤਾ ਹੈ ਕਿ ਉਹ ਅਹਿਮ ਸੂਬਿਆਂ ਦੇ ਨਤੀਜਿਆਂ ਬਾਰੇ ਉਜਰ ਜਤਾਉਣਗੇ। ਕਾਂਗਰਸ (ਸੈਨੇਟ ਤੇ ਪ੍ਰਤੀਨਿਧ ਸਭਾ) ਦਾ ਸਾਂਝਾ ਇਜਲਾਸ 6 ਜਨਵਰੀ ਨੂੰ ਸੱਦਿਆ ਗਿਆ ਹੈ।
ਬਾਇਡਨ ਨੇ ਡੈਲਾਵੇਅਰ ਦੇ ਵਿਲਮਿੰਗਟਨ ਤੋਂ (ਚੋਣਾਂ ’ਚ) ਆਪਣੀ ਜਿੱਤ ਦੇ ਐਲਾਨ ਮਗਰੋਂ ਕਿਹਾ ਕਿ ਅਮਰੀਕੀ ਜਮਹੂਰੀਅਤ ਨੂੰ ‘ਦਬਾਉਣ, ਪਰਖਣ ਤੇ ਧਮਕਾਉਣ’ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਪਹਿਲਾਂ ਨਾਲੋਂ ਵੀ ‘ਲਚਕਦਾਰ, ਸੱਚੀ-ਸੁੱਚੀ ਤੇ ਮਜ਼ਬੂਤ’ ਹੋ ਕੇ ਨਿਕਲੀ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਤੀਜਿਆਂ ਨੂੰ ਉਲਟਾਉਣ ਲਈ ਕੀਤੇ ਯਤਨਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਆਖਿਰ ਨੂੰ ਲੋਕਾਂ ਦੀ ਇੱਛਾ ’ਤੇ ਮੋਹਰ ਲੱਗੀ।’ ਬਾਇਡਨ ਨੇ ਕਿਹਾ, ‘ਮੁਲਕ ਵਿੱਚ ਜਮਹੂਰੀਅਤ ਦੀ ਲਾਟ ਲੰਮੇ ਸਮੇਂ ਤੋਂ ਜਗ ਰਹੀ ਸੀ। ਤੇ ਅਸੀਂ ਇਹ ਜਾਣਦੇ ਹਾਂ ਕਿ ਨਾ ਮਹਾਮਾਰੀ ਤੇ ਨਾ ਹੀ ਸੱਤਾ ਦੀ ਦੁਰਵਰਤੋਂ ਨਾਲ ਇਸ ਲਾਟ ਨੂੰ ਬੁਝਾਇਆ ਜਾ ਸਕਦਾ ਹੈ।’