ਸ੍ਰੀਲੰਕਾ ਖ਼ਿਲਾਫ਼ ਟੀ-20 ਲੜੀ ’ਚ ਸਮਿੱਥ ਤੇ ਵਾਰਨਰ ਦੀ ਵਾਪਸੀ

ਸ੍ਰੀਲੰਕਾ ਖ਼ਿਲਾਫ਼ ਟੀ-20 ਲੜੀ ’ਚ ਸਮਿੱਥ ਤੇ ਵਾਰਨਰ ਦੀ ਵਾਪਸੀ

ਐਡੀਲੇਡ-ਅਗਲੇ ਸਾਲ ਘਰੇਲੂ ਧਰਤੀ ’ਤੇ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਸ੍ਰੀਲੰਕਾ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਲਈ ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਨੇ ਆਸਟਰੇਲਿਆਈ ਟੀਮ ਵਿੱਚ ਵਾਪਸੀ ਕੀਤੀ ਹੈ। ਦੋਵੇਂ ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਪਾਬੰਦੀ ਝੱਲ ਰਹੇ ਸਨ, ਪਰ ਟੈਸਟ ਅਤੇ ਇੱਕ ਰੋਜ਼ਾ ਮਗਰੋਂ ਹੁਣ ਟੀ-20 ਟੀਮ ਵਿੱਚ ਉਨ੍ਹਾਂ ਦੀ ਵਾਪਸੀ ਹੋਈ ਹੈ।
ਆਸਟਰੇਲੀਆ ਹਾਲੇ ਤੱਕ ਟੀ-20 ਵਿਸ਼ਵ ਕੱਪ ਨਹੀਂ ਜਿੱਤਿਆ। ਉਹ 2010 ਦੌਰਾਨ ਫਾਈਨਲ ਵਿੱਚ ਪਹੁੰਚੀ ਸੀ। ਕੌਮੀ ਚੋਣਕਾਰ ਟਰੈਵਰ ਹੋਂਜ਼ ਨੇ ਕਿਹਾ, ‘‘ਅਸੀਂ ਅਜਿਹੀ ਟੀਮ ਚੁਣੀ ਹੈ ਜੋ ਸਾਨੂੰ ਅੱਗੇ ਤੱਕ ਲਿਜਾ ਸਕਦੀ ਹੈ। ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਪਤਾ ਹੈ ਅਤੇ ਟੀਮ ਦੀ ਲੋੜ ਅਨੁਸਾਰ ਸਾਰੇ ਢਲ ਸਕਦੇ ਹਨ।’’
ਆਰੋਨ ਫਿੰਚ ਦੀ ਕਪਤਾਨੀ ਬਰਕਰਾਰ ਰੱਖੀ ਗਈ ਹੈ ਕਿਉਂਕਿ ਸਟੀਵ ਸਮਿੱਥ ਮਾਰਚ ਤੱਕ ਕਪਤਾਨ ਨਹੀਂ ਹੋ ਸਕਦਾ। ਐਸ਼ੇਜ਼ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਮਿੱਥ ’ਤੇ ਬੱਲੇਬਾਜ਼ੀ ਦਾ ਜ਼ਿਆਦਾ ਭਾਰ ਰਹੇਗਾ। ਇਸੇ ਤਰ੍ਹਾਂ ਵਾਰਨਰ ਨੇ ਇਸ ਵੰਨਗੀ ਵਿੱਚ ਆਸਟਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ।