ਆਸਟ੍ਰੇਲੀਆ ਚ Facebook ਖਿਲਾਫ ਕੇਸ ਦਰਜ, ਹੋ ਸਕਦੈ 8 ਕਰੋੜ ਦਾ ਜੁਰਮਾਨਾ

ਆਸਟ੍ਰੇਲੀਆ ਚ Facebook ਖਿਲਾਫ ਕੇਸ ਦਰਜ, ਹੋ ਸਕਦੈ 8 ਕਰੋੜ ਦਾ ਜੁਰਮਾਨਾ

ਨਵੀਂ ਦਿੱਲੀ — ਆਸਟਰੇਲੀਆ ਦੇ ਪ੍ਰਾਈਵੇਸੀ ਰੈਗੂਲੇਟਰ ਨੇ ਲੋਕਾਂ ਦੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ’ਚ ਫੇਸਬੁਕ ’ਤੇ ਕੇਸ ਦਰਜ ਕੀਤਾ ਹੈ। ਪ੍ਰਾਈਵੇਸੀ ਰੈਗੂਲੇਟਰ ਨੇ ਕਿਹਾ ਹੈ ਕਿ ਫੇਸਬੁਕ ਨੇ 3,00,000 ਤੋਂ ਜ਼ਿਆਦਾ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਬਿਨਾਂ ਉਨ੍ਹਾਂ ਦੀ ਇਜਾਜ਼ਤ ਰਾਜਨੀਤਕ ਸਲਾਹਕਾਰ ਕੰਪਨੀ ਕੈਂਬ੍ਰਿਜ ਐਨਾਲਿਟਿਕਾ ਨਾਲ ਸਾਂਝਾ ਕੀਤਾ ਹੈ ਅਤੇ ਇਸ ਦੋਸ਼ ’ਚ ਐਕਸ਼ਨ ਲੈਂਦਿਆਂ ਮੁਕੱਦਮਾ ਦਰਜ ਕੀਤਾ ਗਿਆ ਹੈ।
ਫੈੱਡਰਲ ਕੋਰਟ ਦੇ ਇਸ ਮੁਕੱਦਮੇ ’ਚ ਆਸਟਰੇਲੀਆਈ ਸੂਚਨਾ ਕਮਿਸ਼ਨ ਨੇ ਫੇਸਬੁਕ ’ਤੇ ਇਕ ਸਰਵੇਖਣ ‘ਦਿਸ ਇਜ਼ ਯੂਅਰ ਡਿਜੀਟਲ ਲਾਈਫ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਫੇਸਬੁਕ ਨੇ ਇਸ ਦੇ ਜ਼ਰੀਏ ਆਪਣੀ ਵੈੱਬਸਾਈਟ ’ਤੇ ਰਾਜਨੀਤਕ ਰੁਝਾਨ ਜਾਣਨ ਲਈ 3,11,127 ਯੂਜ਼ਰਜ਼ ਦੀ ਜਾਣਕਾਰੀ ਦਾ ਖੁਲਾਸਾ ਕਰ ਕੇ ਦੇਸ਼ ਦੇ ਨਿੱਜਤਾ ਕਾਨੂੰਨ ਨੂੰ ਤੋੜਿਆ ਹੈ।
ਸੂਚਨਾ ਕਮਿਸ਼ਨਰ ਏਂਜੇਲਿਨ ਫਾਕ ਨੇ ਆਪਣੇ ਬਿਆਨ ’ਚ ਕਿਹਾ ਕਿ ਇਸ ਮੁਕੱਦਮੇ ’ਚ ਨਿੱਜਤਾ ਕਾਨੂੰਨ ਦੀ ਹਰ ਇਕ ਉਲੰਘਣਾ ’ਚ ਵੱਧ ਤੋਂ ਵੱਧ 1.7 ਮਿਲੀਅਨ ਆਸਟਰੇਲੀਆਈ ਡਾਲਰ (ਲਗਭਗ 8 ਕਰੋਡ਼ ਰੁਪਏ) ਦਾ ਜੁਰਮਾਨਾ ਹੋ ਸਕਦਾ ਹੈ, ਜੇਕਰ ਅਦਾਲਤ ਨੇ 3,11,127 ਮਾਮਲੀਆਂ ’ਚੋਂ ਹਰ ਇਕ ਲਈ ਵੱਧ ਤੋਂ ਵੱਧ ਜੁਰਮਾਨਾ ਲਾਇਆ ਤਾਂ ਇਹ ਜੁਰਮਾਨਾ 529 ਅਰਬ ਆਸਟਰੇਲੀਆਈ ਡਾਲਰ ਤੱਕ ਪਹੁੰਚ ਜਾਵੇਗਾ। ਇਸ ਗੱਲ ’ਤੇ ਟਿੱਪਣੀ ਲਈ ਫੇਸਬੁਕ ਦਾ ਪ੍ਰਤਿਨਿੱਧੀ ਆਸਟਰੇਲੀਆ ’ਚ ਉਪਲੱਬਧ ਨਹੀਂ ਸੀ।