ਸਦਨ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਆਰੰਭੇਗਾ: ਪੇਲੋਸੀ

ਸਦਨ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਆਰੰਭੇਗਾ: ਪੇਲੋਸੀ

ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਅੱਜ ਕਿਹਾ ਕਿ ਸਦਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਂਦੋਸ਼ ਦੀ ਕਾਰਵਾਈ ਕਰੇਗਾ। ਸਪੀਕਰ ਵੱਲੋਂ ਉਪ ਰਾਸ਼ਟਰਪਤੀ ਤੇ ਕੈਬਨਿਟ ’ਤੇ ਇਸ ਲਈ ਜ਼ੋਰ ਪਾਇਆ ਜਾ ਰਿਹਾ ਹੈ ਕਿ ਉਹ ਟਰੰਪ ਨੂੰ ਅਹੁਦੇ ਤੋਂ ਪਾਸੇ ਕਰਨ ਲਈ ਆਪਣੀ ਸੰਵਿਧਾਨਕ ਤਾਕਤ ਦੀ ਵਰਤੋਂ ਕਰਨ। ਪੇਲੋਸੀ ਨੇ ਕਿਹਾ ਕਿ ਟਰੰਪ ਲੋਕਤੰਤਰ ਲਈ ਖ਼ਤਰਾ ਹੈ। ਆਪਣੇ ਸਾਥੀਆਂ ਨੂੰ ਲਿਖੇ ਪੱਤਰ ਵਿਚ ਪੇਲੋਸੀ ਨੇ ਕਿਹਾ ਕਿ ਸਦਨ ਪਹਿਲਾਂ ਉਪ ਰਾਸ਼ਟਰਪਤੀ ਮਾਈਕ ਪੈਂਸ ’ਤੇ ਦਬਾਅ ਬਣਾਉਣ ਲਈ ਵੋਟ ਪਾਏਗਾ। ਇਸ ਤੋਂ 24 ਘੰਟੇ ਬਾਅਦ ਸਦਨ ਮਹਾਦੋਸ਼ ਦੀ ਕਾਰਵਾਈ ਆਰੰਭ ਦੇਵੇਗਾ। ਇਸ ਤਰ੍ਹਾਂ ਟਰੰਪ ਮਹਾਦੋਸ਼ ਦਾ ਦੋ ਵਾਰ ਸਾਹਮਣਾ ਕਰਨ ਵਾਲੇ ਇਕੋ-ਇਕ ਰਾਸ਼ਟਰਪਤੀ ਬਣ ਜਾਣਗੇ। ਕੈਪੀਟਲ ਹਿੱਲ ’ਤੇ ਰਾਜਧਾਨੀ ਵਿਚ ਟਰੰਪ ਦੇ ਸਮਰਥਕਾਂ ਵੱਲੋਂ ਕੀਤੇ ਹੰਗਾਮੇ ਦੇ ਮੱਦੇਨਜ਼ਰ ਡੈਮੋਕਰੈਟਾਂ ਨੇ ਮਹਾਂਦੋਸ਼ ਦੀ ਕਾਰਵਾਈ ਲਈ ਵੱਡੇ ਪੱਧਰ ਉਤੇ ਯਤਨ ਆਰੰਭੇ ਹਨ। ਜ਼ਿਕਰਯੋਗ ਹੈ ਕਿ ਸੰਵਿਧਾਨ ਦੀ 25ਵੀਂ ਸੋਧ ਉਪ ਰਾਸ਼ਟਰਪਤੀ ਤੇ ਕੈਬਨਿਟ ਨੂੰ ਰਾਸ਼ਟਰਪਤੀ ਨੂੰ ਗੱਦੀਓਂ ਲਾਹੁਣ ਦੀ ਤਾਕਤ ਦਿੰਦੀ ਹੈ। ਇਸੇ ਦੌਰਾਨ ਰਾਸ਼ਟਰਪਤੀ ਕਾਰਜਕਾਲ ਦੇ ਆਖ਼ਰੀ ਦਿਨਾਂ ’ਚ ਟਰੰਪ ਦਾ ਸਾਥ ਉਨ੍ਹਾਂ ਦੇ ਸਾਬਕਾ ਸਹਿਯੋਗੀ ਤੇ ਆਪਣੀ ਪਾਰਟੀ ਦੇ ਮੈਂਬਰ ਹੀ ਛੱਡਦੇ ਜਾ ਰਹੇ ਹਨ। ਸੋਸ਼ਲ ਮੀਡੀਆ ਪਲੈਟਫਾਰਮਾਂ ਤੋਂ ਵੀ ਟਰੰਪ ਕੱਟੇ ਹੋਏ ਹਨ। ਅਸਤੀਫ਼ਾ ਦੇਣ ਦੀ ਹਾਲੇ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ ਤੇ ਇਸ ਦੇ ਉਲਟ ਉਹ ਟਵਿੱਟਰ ’ਤੇ ਫੇਸਬੁੱਕ ਖ਼ਿਲਾਫ਼ ਕਾਰਵਾਈ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਇਲਾਵਾ ਆਪਣੀਆਂ ਨੀਤੀਆਂ ਦੀ ਸਫ਼ਲਤਾ ਨੂੰ ਉਭਾਰਨ ਲਈ ਟਰੰਪ ਟੈਕਸਸ ਜਾਣ ਦੀ ਯੋਜਨਾ ਵੀ ਬਣਾ ਰਹੇ ਹਨ।