ਮੁੱਖ ਮੰਤਰੀ ਵਲੋਂ ਦੁਨੀਆਂ ਦੇ ਨਾਮੀਂ ਉਦਯੋਗਪਤੀਆਂ ਨੂੰ ਰਾਜ ਦੀ ਤਰੱਕੀ ਅਤੇ ਖੁਸ਼ਹਾਲੀ ’ਚ ਭਾਈਵਾਲ ਬਣਨ ਦਾ ਸੱਦਾ

ਮੁੱਖ ਮੰਤਰੀ ਵਲੋਂ ਦੁਨੀਆਂ ਦੇ ਨਾਮੀਂ ਉਦਯੋਗਪਤੀਆਂ ਨੂੰ ਰਾਜ ਦੀ ਤਰੱਕੀ ਅਤੇ ਖੁਸ਼ਹਾਲੀ ’ਚ ਭਾਈਵਾਲ ਬਣਨ ਦਾ ਸੱਦਾ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 26 ਅਤੇ 27 ਅਕਤੂਬਰ ਨੂੰ ਹੋਣ ਵਾਲੇ ਦੋ ਰੋਜਾ ਪ੍ਰਗਤੀਸੀਲ ਪੰਜਾਬ ਨਿਵੇਸ਼ਕ ਸੰਮੇਲਨ-2021 ਦੇ ਮੱਦੇਨਜ਼ਰ ਸ਼ਨੀਵਾਰ ਨੂੰ ਦੇਸ਼ ਅਤੇ ਦੁਨੀਆ ਭਰ ਦੇ ਉਦਯੋਗ ਜਗਤ ਦੇ ਮੋਹਰੀ ਕੈਪਟਨਾਂ ਨੂੰ ਰਾਜ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਲਾਭਕਾਰੀ ਸਨਅਤੀ ਉਤਸ਼ਾਹ ਦੇ ਚਲਦਿਆਂ ਇੱਥੇ ਨਿਵੇਸ਼ ਕਰਨ ਲਈ ਕਿਹਾ। ਮੁੱਖ ਮੰਤਰੀ ਰਾਜ ’ਚ ਕੰਮ ਕਰ ਰਹੀਆਂ ਜਰਮਨ ਕੰਪਨੀਆਂ ਦੇ ਵਫ਼ਦ ਨਾਲ ਅੱਜ ਇੱਥੇ ਨਾਸ਼ਤੇ ਦੌਰਾਨ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਉਦਯੋਗਪਤੀਆਂ ਨਾਲ ਵੀ ਅਜਿਹੀ ਹੀ ਗੱਲਬਾਤ ਕੀਤੀ ਸੀ ਅਤੇ ਸੋਮਵਾਰ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਤੋਂ ਪਹਿਲਾਂ, ਉਨ੍ਹਾਂ ਦੇ ਕੀਮਤੀ ਸੁਝਾਵਾਂ ਅਤੇ ਫੀਡਬੈਕ ਲਈ ਹੋਰ ਉਦਯੋਗਪਤੀਆਂ ਨਾਲ ਮੁੜ ਮੀਟਿੰਗ ਕਰਨਗੇ।
ਗੱਲ ਨੂੰ ਅੱਗੇ ਤੋਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜ, ਉਦਯੋਗ ਦੀ ਭਾਈਵਾਲੀ ਦੇ ਨਾਲ ਕਾਰੋਬਾਰ, ਵਪਾਰ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਦੀ ਇੱਛਾ ਰੱਖਦਾ ਹੈ। ਚੰਨੀ ਨੇ ਕਿਹਾ ਕਿ ਰਾਜ ’ਚ 99 ਹਜ਼ਾਰ ਕਰੋੜ ਤੋਂ ਵੱਧ ਦਾ ਰੁਪਏ ਦਾ ਨਿਵੇਸ਼, ਉਦਯੋਗਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਰਾਜ ਦੇ ਨੌਜਵਾਨਾਂ ਲਈ ਉਦਮੀਅਤਾ ਦੇ ਅਵਸਰ ਅਤੇ ਨੌਕਰੀਆਂ ਪੈਦਾ ਕਰਨ ਲਈ ਉਪਲਬਧ ਅਨੁਕੂਲ ਅਤੇ ਟਿਕਾਊ ਪ੍ਰਸਥਿਤੀ ਤੰਤਰ ’ਚ ਨਿਵੇਸ਼ਕਾਂ ਦੇ ਅਟੱਲ ਭਰੋਸੇ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਦੁਨੀਆ ਭਰ ਤੋਂ ਪੁੱਜੇ ਉਦਯੋਗਿਕ ਆਗੂਆਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ, ਪੰਜਾਬ ਨੂੰ ਇਕ ਪ੍ਰਗਤੀਸੀਲ ਭਾਈਵਾਲ ਵਜੋਂ ਅਤੇ ਸਭ ਤੋਂ ਤਰਜੀਹੀ ਮੰਜ਼ਿਲ ਵਜੋਂ ਚੁਣਨ ’ਤੇ ਜ਼ੋਰ ਦਿੱਤਾ।
ਚੰਨੀ ਨੇ ਅੱਗੇ ਕਿਹਾ ਕਿ ਉਦਯੋਗਪਤੀਆਂ ਨਾਲ ਇਹ ਸਲਾਹ-ਮਸਵਰੇ, ਸ਼ਾਸਨ ਵਿਵਸਥਾ ’ਚ ਸੁਧਾਰ ਲਿਆਉਣ ’ਚ ਬਹੁਤ ਸਹਾਈ ਸਿੱਧ ਹੋਣਗੇ ਅਤੇ ਇਸ ਤਰ੍ਹਾਂ ਰਾਜ ’ਚ ਕਾਰੋਬਾਰ ਕਰਨ ’ਚ ਸੌਖ ਯਕੀਨੀ ਬਣਾਈ ਜਾ ਸਕੇਗੀ। ਮੀਟਿੰਗ ਦੌਰਾਨ, ਕੰਪਨੀ ਦੇ ਨੁਮਾਇੰਦਿਆਂ ਨੇ ਪੰਜਾਬ ’ਚ ਕੀਤੇ ਕੰਮਾਂ ਸਬੰਧੀ ਤਜ਼ਰਬਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਆਟੋ ਕੰਪੋਨੈਂਟ ਨਿਰਮਾਤਾ ਵਾਈਬਰਾਕਾਸਟਿਕਸ ਇੰਡੀਆ ਦੇ ਪ੍ਰਧਾਨ, ਜਗਮਿੰਦਰ ਬਾਵਾ ਨੇ ਦੱਸਿਆ ਕਿ ਪੰਜਾਬ ’ਚ ਸਥਿਤ ਉਨ੍ਹਾਂ ਦੇ ਪਲਾਂਟਾਂ ’ਚ ਸੰਚਾਲਨ ਦੀ ਸਮੁੱਚੀ ਕੁਸ਼ਲਤਾ ਜਰਮਨੀ ’ਚ ਸਥਿਤ ਉਨਾਂ ਦੇ ਦੂਜੇ ਪਲਾਂਟਾਂ ਵਾਂਗ ਹੀ ਹੈ।
ਇਸ ਦੌਰਾਨ ਖੇਤੀਬਾੜੀ ਉਪਕਰਨ ਨਿਰਮਾਤਾ ਕੰਪਨੀ ਕਲਾਸ ਇੰਡੀਆ ਦੇ ਸ੍ਰੀਰਾਮ ਕਨਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ’ਚ ਮਜਬੂਤ ਸੰਪਰਕ ਅਤੇ ਸ਼ਾਂਤਮਈ ਕਿਰਤ ਸਬੰਧ ਉਦਯੋਗ ਲਈ ਬਹੁਤ ਉਤਸ਼ਾਹਜਨਕ ਹਨ। ਬਾਇਓਮਾਸ ਤੋਂ ਸੀ.ਐੱਨ.ਜੀ. ਪਲਾਂਟ ਬਣਾਉਣ ਵਾਲੀ ਕੰਪਨੀ ਵਰਬੀਓ ਇੰਡੀਆ ਦੇ ਐੱਮ.ਡੀ., ਅਸ਼ੀਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਸੰਗਰੂਰ ’ਚ ਸਥਾਪਿਤ ਹੋਣ ਵਾਲੇ ਪਹਿਲੇ ਪਲਾਂਟ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਲਗਭਗ 70 ਰੁਪਏ ਦੀ ਆਪਣੀ ਸ਼ੁਰੂਆਤੀ ਯੋਜਨਾ ਦੇ ਮੁਕਾਬਲੇ 200 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨੇੜਲੇ ਭਵਿੱਖ ’ਚ ਵਰਬੀਓ ਇੰਡੀਆ, ਪੰਜਾਬ ’ਚ ਕਈ ਥਾਵਾਂ ’ਤੇ ਪੇਡਾ ਅਤੇ ਇਨਵੈਸਟ ਪੰਜਾਬ ਦੇ ਸਹਿਯੋਗ ਨਾਲ ਅਜਿਹੇ ਹੋਰ ਪਲਾਂਟ ਲਗਾਏਗਾ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਬਹੁ-ਗਿਣਤੀ ਸੰਗਠਨਾਂ ਨੂੰ ਪੂਰਨ ਸਹਿਯੋਗ ਦੇਵੇਗੀ ਅਤੇ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੂੰ ਨਿਰਦੇਸ਼ ਦਿੱਤੇ ਕਿ ਅਜਿਹੀਆਂ ਸਾਰੀਆਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕੰਪਨੀਆਂ ਨੂੰ ਸੂਬੇ ’ਚ ਆਪਣੇ ਕਾਰੋਬਾਰਾਂ ਦੇ ਵਿਸਥਾਰ ’ਚ ਸਮੇਂ ਸਿਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਮੀਟਿੰਗ ’ਚ ਸ਼ਾਮਲ ਪ੍ਰਮੁੱਖ ਲੋਕਾਂ ’ਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਨਿਵੇਸ਼ ਪ੍ਰਮੋਸ਼ਨ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕਮਲ ਕਿਸ਼ੋਰ ਯਾਦਵ, ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਜਿਤੇਂਦਰ ਜੋਰਵਾਲ ਸ਼ਾਮਲ ਸਨ।