ਮਾਣ ਦੀ ਗੱਲ, ਜੋਅ ਬਾਈਡੇਨ ਦੇ ਪ੍ਰਸ਼ਾਸਨ ਚ 20 ਭਾਰਤੀ-ਅਮਰੀਕੀ ਨਾਮਜ਼ਦ

ਮਾਣ ਦੀ ਗੱਲ, ਜੋਅ ਬਾਈਡੇਨ ਦੇ ਪ੍ਰਸ਼ਾਸਨ ਚ 20 ਭਾਰਤੀ-ਅਮਰੀਕੀ ਨਾਮਜ਼ਦ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਤਿਹਾਸ ਰਚਿਆ ਹੈ। 20 ਜਨਵਰੀ ਨੂੰ ਸਹੁੰ ਚੁੱਕਣ ਜਾ ਰਹੇ ਬਾਈਡੇਨ ਨੇ ਆਪਣੇ ਪ੍ਰਸ਼ਾਸਨ ਵਿਚ ਅਹਿਮ ਅਹੁਦਿਆਂ 'ਤੇ 13 ਬੀਬੀਆਂ ਸਮੇਤ ਘੱਟੋ-ਘੱਟ 20 ਭਾਰਤੀ-ਅਮਰੀਕੀਆਂ ਨੂੰ ਨਾਮਜ਼ਦ ਕੀਤਾ ਹੈ।ਇਹਨਾਂ 20 ਭਾਰਤੀ-ਅਮਰੀਕੀਆਂ ਵਿਚੋਂ ਘੱਟੋ-ਘੱਟ 17 ਲੋਕ ਸ਼ਕਤੀਸ਼ਾਲੀ ਵ੍ਹਾਈਟ ਹਾਊਸ ਵਿਚ ਮਹੱਤਵਪੂਰਨ ਅਹੁਦਾ ਸੰਭਾਲਣਗੇ। ਅਮਰੀਕਾ ਦੀ ਕੁੱਲ ਆਬਾਦੀ ਦਾ ਇਕ ਫੀਸਦੀ ਭਾਰਤੀ-ਅਮਰੀਕੀ ਹਨ ਅਤੇ ਇਸ ਛੋਟੇ ਭਾਈਚਾਰੇ ਵਿਚੋਂ ਕਿਸੇ ਪ੍ਰਸ਼ਾਸਨ ਵਿਚ ਪਹਿਲੀ ਵਾਰੀ ਇੰਨੀ ਵੱਧ ਗਿਣਤੀ ਵਿਚ ਲੋਕਾਂ ਨੂੰ ਨਿਯੁਕਤ ਕੀਤਾ ਜਾਵੇਗਾ।
ਬਾਈਡੇਨ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣਗੇ। ਇਸੇ ਦਿਨ ਕਮਲਾ ਹੈਰਿਸ ਸਹੁੰ ਚੁੱਕ ਕੇ ਦੇਸ਼ ਦੀ ਪਹਿਲੀ ਬੀਬੀ ਉਪ ਰਾਸ਼ਟਰਪਤੀ ਦੇ ਰੂਪ ਵਿਚ ਅਹੁਦਾ ਸੰਭਾਲੇਗੀ। ਹੈਰਿਸ ਅਮਰੀਕਾ ਵਿਚ ਭਾਰਤੀ ਮੂਲ ਦੀ ਪਹਿਲੀ ਉਪ ਰਾਸ਼ਟਰਪਤੀ ਹੋਵੇਗੀ। ਉਹ ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਅਫਰੀਕੀ-ਅਮਰੀਕੀ ਵੀ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਿਸੇ ਰਾਸ਼ਟਰਪਤੀ ਦੇ ਪ੍ਰਸ਼ਾਸਨ ਵਿਚ ਇੰਨੀ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਬਾਈਡੇਨ ਦੇ ਪ੍ਰਸ਼ਾਸਨ ਵਿਚ ਹੁਣ ਵੀ ਕਈ ਅਹੁਦੇ ਖਾਲੀ ਹਨ।
ਇਹ ਭਾਰਤੀ-ਅਮਰੀਕੀ ਕੀਤੇ ਗਏ ਨਾਮਜ਼ਦ
- ਇਸ ਸੂਚੀ ਵਿਚ ਸਭ ਤੋਂ ਉੱਪਰ ਨੀਰਾ ਟੰਡਨ ਅਤੇ ਡਾਕਟਰ ਵਿਵੇਕ ਮੂਰਤੀ ਹਨ। ਬਾਈਡੇਨ ਪ੍ਰਸ਼ਾਸਨ ਵਿਚ ਵ੍ਹਾਈਟ ਹਾਊਸ ਦਫਤਰ ਦੇ ਪ੍ਰਬੰਧਨ ਤੇ ਬਜਟ ਦੇ ਡਾਇਰੈਕਟਰ ਦੇ ਤੌਰ 'ਤੇ ਟੰਡਨ ਅਤੇ ਅਮਰੀਕੀ ਸਰਜਨ ਜਨਰਲ ਦੇ ਤੌਰ 'ਤੇ ਡਾਕਟਰ ਵਿਵੇਕ ਮੂਰਤੀ ਨੂੰ ਨਾਮਜ਼ਦ ਕੀਤਾ ਗਿਆ ਹੈ।
- ਵਨੀਲਾ ਗੁਪਤਾ ਨੂੰ ਕਾਨੂੰਨ ਮੰਤਰਾਲੇ ਦੀ ਐਸੋਸੀਏਟ ਅਟਾਰਨੀ ਜਨਰਲ ਨਾਮਜ਼ਦ ਕੀਤਾ ਗਿਆ ਹੈ।
- ਬਾਈਡੇਨ ਨੇ ਸ਼ਨੀਵਾਰ ਨੂੰ ਵਿਦੇਸ਼ ਸੇਵਾ ਦੀ ਸਾਬਕਾ ਅਧਿਕਾਰੀ ਉਜਰਾ ਜੇਯਾ ਨੂੰ ਸਿਵਲ ਸੁਰੱਖਿਆ, ਲੋਕਤੰਤਰ ਅਤੇ ਮਨੁੱਖੀ ਅਧਿਕਾਰ ਦੇ ਲਈ ਅੰਡਰ ਸੈਕਟਰੀ ਮੰਤਰੀ ਨਿਯੁਕਤ ਕੀਤਾ।
- ਇੰਡੀਆਸਪੋਰਾ ਦੇ ਸੰਸਥਾਪਕ ਐੱਮ.ਆਰ. ਰੰਗਾਸਵਾਮੀ ਨੇ ਕਿਹਾ ਕਿ ਭਾਰਤੀ-ਅਮਰੀਕੀ ਭਾਈਚਾਰੇ ਨੇ ਲੋਕ ਸੇਵਾ ਦੇ ਲਈ ਪਿਛਲੇ ਕਈ ਸਾਲਾਂ ਤੋਂ ਜੋ ਸਮਰਪਣ ਦਿਖਾਇਆ ਹੈ, ਉਸ ਨੂੰ ਇਸ ਪ੍ਰਸ਼ਾਸਨ ਦੀ ਸ਼ੁਰੂਆਤ ਵਿਚ ਹੀ ਮਾਨਤਾ ਮਿਲ ਰਹੀ ਹੈ। ਮੈਂ ਖਾਸ ਕਰ ਕੇ ਇਸ ਗੱਲ ਨਾਲ ਖੁਸ਼ ਹਾਂ ਕਿ ਇਹਨਾਂ ਵਿਚ ਬੀਬੀਆਂ ਦੀ ਗਿਣਤੀ ਜ਼ਿਆਦਾ ਹੈ।
- ਮਾਲਾ ਅਡਿਗਾ ਨੂੰ ਭਵਿੱਖ ਦੀ ਬਣਨ ਵਾਲੀ ਪ੍ਰਥਮ ਬੀਬੀ ਡਾਕਟਰ ਜਿਲ ਬਾਈਡੇਨ ਦੀ ਨੀਤੀ ਨਿਦੇਸ਼ਕ ਅਤੇ ਗਰਿਮਾ ਵਰਮਾ ਨੂੰ ਪ੍ਰਥਮ ਬੀਬੀ ਦੇ ਦਫਤਰ ਦੀ ਡਿਜੀਟਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਜਦਕਿ ਸਬਰੀਨਾ ਸਿੰਘ ਨੂੰ ਉਹਨਾਂ ਦੀ ਡਿਪਟੀ ਪ੍ਰੈੱਸ ਮੰਤਰੀ ਨਿਯੁਕਤ ਕੀਤਾ ਗਿਆ ਹੈ।
- ਵ੍ਹਾਈਟ ਹਾਊਸ ਵਿਚ ਪਹਿਲੀ ਵਾਰ ਅਜਿਹੇ ਦੋ ਭਾਰਤੀ-ਅਮਰੀਕੀਆਂ ਨੂੰ ਜਗ੍ਹਾ ਦਿੱਤੀ ਗਈ ਹੈ ਜੋ ਮੂਲ ਰੂਪ ਨਾਲ ਕਸ਼ਮੀਰ ਨਾਲ ਸੰਬੰਧ ਰੱਖਦੇ ਹਨ। ਇਹਨਾਂ ਵਿਚ ਆਯਸ਼ਾ ਸ਼ਾਹ ਨੂੰ ਵ੍ਹਾਈਟ ਹਾਊਸ ਦਫਤਰ ਦੀ ਡਿਜੀਟਲ ਰਣਨੀਤੀ ਦੀ ਪਾਰਟਨਰਸ਼ਿਪ ਮੈਨੇਜਰ ਅਤੇ ਸਮੀਰਾ ਫਾਜਲੀ ਨੂੰ ਵ੍ਹਾਈਟ ਹਾਊਸ ਵਿਚ ਅਮਰੀਕੀ ਰਾਸ਼ਟਰੀ ਆਰਥਿਕ ਪਰੀਸ਼ਦ ਦੀ ਡਿਪਟੀ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ। 
- ਵ੍ਹਾਈਟ ਹਾਊਸ ਰਾਸ਼ਟਰੀ ਆਰਥਿਕ ਪਰੀਸ਼ਦ ਵਿਚ ਇਕ ਹੋਰ ਭਾਰਤੀ ਅਮਰੀਕੀ ਭਾਰਤ ਰਾਮਮੂਰਤੀ ਨੂੰ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
- ਗੌਤਮ ਰਾਘਵਨ ਨੂੰ ਵ੍ਹਾਈਟ ਹਾਊਸ ਵਿਚ ਰਾਸ਼ਟਰਪਤੀ ਦਫਤਰ ਦੇ ਅਮਲੇ ਵਿਚ ਡਿਪਟੀ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ। 
- ਵਿਨੈ ਰੈਡੀ ਨੂੰ ਬਾਈਡੇਨ ਦਾ ਭਾਸ਼ਣ ਨਿਦੇਸ਼ਕ ਨਾਮਜ਼ਦ ਕੀਤਾ ਗਿਆ ਹੈ। 
- ਵੇਦਾਂਤ ਪਟੇਲ ਰਾਸ਼ਟਰਪਤੀ ਦੇ ਸਹਾਇਕ ਪ੍ਰੈੱਸ ਮੰਤਰੀ ਦੇ ਤੌਰ 'ਤੇ ਜ਼ਿੰਮੇਵਾਰੀ ਸੰਭਾਲਣਗੇ। 
- ਤਿੰਨ ਭਾਰਤੀ ਅਮਰੀਕੀਆਂ ਨੂੰ ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰੀਸ਼ਦ ਵਿਚ ਨਾਮਜ਼ਦ ਕੀਤਾ ਗਿਆ ਹੈ। ਤਰੂਨ ਛਾਬੜਾ ਨੂੰ ਤਕਨਾਲੋਜੀ ਅਤੇ ਰਾਸ਼ਟਰੀ ਸੁਰੱਖਿਆ ਦਾ ਸੀਨੀਅਰ ਡਾਇਰੈਕਟਰ, ਸੁਮੋਨਾ ਗੁਹਾ ਨੂੰ ਦੱਖਣੀ ਏਸ਼ੀਆ ਦੇ ਲਈ ਸੀਨੀਅਰ ਡਾਇਰੈਕਟਰ ਅਤੇ ਸ਼ਾਂਤੀ ਕਲਾਥਿਲ ਨੂੰ ਲੋਕਤੰਤਰ ਅਤੇ ਮਨੁੱਖੀ ਅਧਿਕਾਰ ਤਾਲਮੇਲ ਨਿਯੁਕਤ ਕੀਤਾ ਗਿਆ ਹੈ।
- ਇਸ ਦੇ ਇਲਾਵਾ ਸੋਨੀਆ ਅਗਰਵਾਲ ਨੂੰ ਵ੍ਹਾਈਟ ਹਾਊਸ ਵਿਚ ਘਰੇਲੂ ਵਾਤਾਵਰਨ ਨੀਤੀ ਦਫਤਰ ਵਿਚ ਵਾਤਾਵਰਨ ਨੀਤੀ ਅਤੇ ਨਵੀਨਤਾ ਦੀ ਸੀਨੀਅਰ ਸਲਾਹਕਾਰ ਅਤੇ ਵਿਦੁਰ ਸ਼ਰਮਾ ਨੂੰ ਵ੍ਹਾਈਟ ਹਾਊਸ ਕੋਵਿਡ-19 ਕਾਰਵਾਈ ਦਲ ਵਿਚ ਜਾਂਚ ਦੇ ਲਈ ਨੀਤੀ ਸਲਾਹਕਾਰ ਨਾਮਜ਼ਦ ਕੀਤਾ ਗਿਆ। 
- ਦੋ ਭਾਰਤੀ-ਅਮਰੀਕੀ ਬੀਬੀਆਂ ਨੂੰ ਵ੍ਹਾਈਟ ਹਾਊਸ ਦੇ ਮਸ਼ਵਰਾ ਦਫਤਰ ਵਿਚ ਨਿਯੁਕਤ ਕੀਤਾ ਗਿਆ ਹੈ। ਨੇਹਾ ਗੁਪਤਾ ਨੂੰ ਐਸੋਸੀਏਟ ਕੌਂਸਲ ਅਤੇ ਰੀਮਾ ਸ਼ਾਹ ਨੂੰ ਡਿਪਟੀ ਐਸੋਸੀਏਟ ਕੌਂਸਲ ਨਿਯੁਕਤ ਕੀਤਾ ਗਿਆ ਹੈ। ਇਸ ਦੇ ਇਲਾਵਾ ਵ੍ਹਾਈਟ ਹਾਊਸ ਵਿਚ ਪਹਿਲੀ ਵਾਰ ਤਿੰਨ ਹੋਰ ਦੱਖਣੀ ਏਸ਼ੀਆਈ ਲੋਕਾਂ ਨੂੰ ਮਹੱਤਵਪੂਰਨ ਅਹੁਦਿਆਂ 'ਤੇ ਨਾਮਜ਼ਦ ਕੀਤਾ ਗਿਆ ਹੈ।
- ਪਾਕਿਸਤਾਨੀ ਅਮਰੀਕੀ ਅਲੀ ਜੈਦੀ ਨੂੰ ਵ੍ਹਾਈਟ ਹਾਊਸ ਵਿਚ ਉਪ ਰਾਸ਼ਟਰੀ ਜਲਵਾਯੂ ਸਲਾਹਕਾਰ, ਸ਼੍ਰੀਲੰਕਾਈ-ਅਮਰੀਕੀ ਰੋਹਿਣੀ ਕੋਸੋਗਲੁ ਨੂੰ ਉਪ ਰਾਸ਼ਟਰਪਤੀ ਦੀ ਘਰੇਲੂ ਨੀਤੀ ਸਲਾਹਕਾਰ ਅਤੇ ਜਾਯਨ ਸਿਦੀਕੀ ਨੂੰ ਵ੍ਹਾਈਟ ਹਾਊਸ ਡਿਪਟੀ ਚੀਫ ਆਫ ਸਟਾਫ ਦਾ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਬਾਈਡੇਨ ਵੱਲੋਂ ਵਿਦੇਸ਼ ਮੰਤਰਾਲੇ ਦੇ ਲਈ ਘੋਸ਼ਿਤ ਅਹਿਮ ਅਹੁਦਿਆਂ ਦੀ ਨਾਮਜ਼ਦਗੀ ਦੇ ਮੁਤਾਬਕ ਜੇਯਾ ਨੂੰ ਡਿਫੈਂਸ ਸੁਰੱਖਿਆ, ਲੋਕਤੰਤਰ ਅਤੇ ਮਨੁੱਖੀ ਅਧਿਕਾਰ ਦੇ ਲਈ ਅੰਡਰ ਸੈਕਟਰੀ ਮੰਤਰੀ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਇਲਾਵਾ ਵੇਂਡੀ ਆਰ ਸ਼ੇਰਮਨ ਨੂੰ ਡਿਪਟੀ ਵਿਦੇਸ਼ ਮੰਤਰੀ, ਬ੍ਰਾਇਨ ਮੈਕੇਓਨ ਨੂੰ ਪ੍ਰਬੰਧਨ ਅਤੇ ਸੰਸਾਧਨ ਦੇ ਲਈ ਡਿਪਟੀ ਮੰਤਰੀ, ਬੋਨੀ ਜੇਨਕਿੰਸ ਨੂੰ ਹਥਿਆਰ ਕੰਟਰੋਲ ਅਤੇ ਅੰਤਰਰਾਸ਼ਟਰੀ ਸੁਰੱਖਿਆ ਮਾਮਲਿਆਂ ਲਈ ਅੰਡਰ ਮੰਤਰੀ ਅਤੇ ਵਿਕਟੋਰੀਆ ਨੁਲੈਂਡ ਨੂੰ ਰਾਜਨੀਤਕ ਮਾਮਲਿਆਂ ਲਈ ਅੰਡਰ ਮੰਤਰੀ ਨਿਯੁਕਤ ਕੀਤਾ ਗਿਆ ਹੈ। ਬਾਈਡੇਨ ਨੇ ਕਿਹਾ ਕਿ ਨਾਮਜ਼ਦ ਵਿਦੇਸ਼ ਮੰਤਰੀ ਟੋਨੀ ਬਲਿੰਕਨ ਦੀ ਅਗਵਾਈ ਵਾਲੀ ਇਹ ਵਿਭਿੰਨਤਾ ਭਰੀ ਪੂਰੀ ਟੀਮ ਮੇਰੇ ਵਿਸ਼ਵਾਸ ਦਾ ਪ੍ਰਤੀਕ ਹੈ।