ਜਯੋਤਿਰਦਿੱਤਿਆ ਸਿੰਧੀਆ ‘ਕਮਲ’ ਦੇ ਹੋਏ

ਜਯੋਤਿਰਦਿੱਤਿਆ ਸਿੰਧੀਆ ‘ਕਮਲ’ ਦੇ ਹੋਏ

ਸਿੰਧੀਆ ਦੀ ਭਾਜਪਾ ਵਿੱਚ ਸ਼ਮੂਲੀਅਤ ਸਬੰਧੀ ਸਮਾਗਮ ਮੌਕੇ ਨੱਡਾ ਨੇ ਵਿਜੈ ਰਾਜੇ ਸਿੰਧੀਆ ਨੂੰ ਯਾਦ ਕੀਤਾ, ਜੋ ਭਾਜਪਾ ਦੇ ਬਾਨੀਆਂ ਵਿੱਚੋਂ ਇੱਕ ਸਨ ਅਤੇ ਜਯੋਤਿਰਦਿੱਤਿਆ ਦੀ ਦਾਦੀ ਸਨ। ਉਨ੍ਹਾਂ ਸਿੰਧੀਆ ਦਾ ‘ਪਰਿਵਾਰ’ ਵਿੱਚ ਸਵਾਗਤ ਕਰਨ ਮੌਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲਈ ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ (ਵਿਜੈ ਰਾਜੇ) ਦਾ ਪੋਤਾ ਇਸ ਵਿੱਚ ਸ਼ਾਮਲ ਹੋ ਰਿਹਾ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਮਾਧਵਰਾਓ ਸਿੰਧੀਆ ਨੇ ਵੀ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਜਨਸੰਘ ਦੇ ਸੰਸਦ ਮੈਂਬਰ ਵਜੋਂ ਕੀਤੀ ਸੀ। ਬਾਅਦ ਵਿੱਚ ਭਾਜਪਾ ਨੇ 49 ਵਰ੍ਹਿਆਂ ਦੇ ਗਵਾਲੀਅਰ ਦੇ ਸ਼ਾਹੀ ਪਰਿਵਾਰ ਦੇ ਇਸ ਵਾਰਿਸ ਨੂੰ ਮੱਧ ਪ੍ਰਦੇਸ਼ ਤੋਂ ਪਾਰਟੀ ਦਾ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ ਕਰ ਦਿੱਤਾ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਵਲੋਂ ਹਾਸ਼ੀਏ ’ਤੇ ਲਿਆਂਦੇ ਜਾਣ ਤੋਂ ਨਾਰਾਜ਼ ਸਿੰਧੀਆ ਨੇ ਮੰਗਲਵਾਰ ਨੂੰ ਪਾਰਟੀ ਛੱਡ ਦਿੱਤੀ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਭਾਜਪਾ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਸਿੰਧੀਆ ਨੇ ਕਿਹਾ, ‘‘ਅੱਜ ਦੀ ਕਾਂਗਰਸ ਉਹ ਨਹੀਂ ਰਹੀ, ਜੋ ਉਹ ਪਹਿਲਾਂ ਹੋਇਆ ਕਰਦੀ ਸੀ। ਪਾਰਟੀ ਹਕੀਕਤ ਮੰਨਣ ਤੋਂ ਇਨਕਾਰੀ ਹੈ। ਨਵੀਂ ਸੋਚ, ਨਵੀਂ ਵਿਚਾਰਧਾਰਾ ਅਤੇ ਨਵੇਂ ਆਗੂਆਂ ਦੀ ਨਹੀਂ ਮੰਨੀ ਜਾ ਰਹੀ। ਇਹ ਹਾਲ ਤਾਂ ਕੌਮੀ ਪੱਧਰ ’ਤੇ ਹੈ, ਅਤੇ ਮੱਧ ਪ੍ਰਦੇਸ਼ ਵਿੱਚ 18 ਮਹੀਨੇ ਪਹਿਲਾਂ ਅਸੀਂ ਜੋ ਸੁਫ਼ਨਾ ਦੇਖਿਆ ਸੀ, ਉਹ ਟੁੱਟ ਗਿਆ ਹੈ।’’ ਮੋਦੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਲਗਾਤਾਰ ਦੋ ਵਾਰ ਜੋ ਬਹੁਮੱਤ ਹਾਸਲ ਕੀਤਾ ਹੈ ਸ਼ਾਇਦ ਅੱਜ ਤੱਕ ਉਹ ਕਿਸੇ ਸਰਕਾਰ ਨੂੰ ਨਹੀਂ ਮਿਲਿਆ।
ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਆਲਮੀ ਪੱਧਰ ’ਤੇ ਭਾਰਤ ਦਾ ਵੱਕਾਰ ਵਧਾਇਆ ਹੈ। ਉਨ੍ਹਾਂ ਵਿਚ ਸਕੀਮਾਂ ਲਾਗੂ ਕਰਨ ਅਤੇ ਭਵਿੱਖੀ ਚੁਣੌਤੀਆਂ ਨੂੰ ਸਮਝਣ ਦੀ ਸਮਰੱਥਾ ਹੈ; ਉਨ੍ਹਾਂ ਦੀ ਕਾਬਲੀਅਤ ਅਤੇ ਪੂਰਨ-ਸਮਰਪਣ….ਭਾਰਤ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੱਥਾਂ ਵਿੱਚ ਹੈ।’’ ਸਿੰਧੀਆ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ‘ਭਾਰਤ ਮਾਤਾ’ ਦੀ ਸੇਵਾ ਕਰਨਾ ਹੈ। ਉਨ੍ਹਾਂ ਆਪਣੇ ਪਿਤਾ ਮਾਧਵਰਾਓ ਸਿੰਧੀਆ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਵਲੋਂ ਕਾਂਗਰਸ ਛੱਡੇ ਜਾਣ ਵਾਲੇ ਦਿਨ (ਮੰਗਲਵਾਰ) ਉਨ੍ਹਾਂ ਦੇ ਪਿਤਾ ਨੇ 75 ਵਰ੍ਹਿਆਂ ਦੇ ਹੋ ਜਾਣਾ ਸੀ। ਮੰਚ ’ਤੇ ਸਿੰਧੀਆ ਨਾਲ ਭਾਜਪਾ ਦੇ ਸੀਨੀਅਰ ਆਗੂ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਜਨਰਲ ਸਕੱਤਰ ਅਨਿਲ ਜੈਨ ਤੇ ਅਰੁਣ ਸਿੰਘ ਵੀ ਮੌਜੂਦ ਸਨ।
ਭੋਪਾਲ: ਮੱਧ ਪ੍ਰਦੇਸ਼ ਦੀ ਮੰਤਰੀ ਅਤੇ ਬਾਗ਼ੀ ਕਾਂਗਰਸੀ ਵਿਧਾਇਕ ਇਮਰਤੀ ਦੇਵੀ ਨੇ ਮੁੜ ਜਯੋਤਿਰਦਿੱਤਿਆ ਸਿੰਧੀਆ ਪ੍ਰਤੀ ਆਪਣੀ ਵਚਨਬੱਧਤਾ ਦਹੁਰਾਉਂਦਿਆਂ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਨਾਲ ਖੜ੍ਹੀ ਰਹੇਗੀ, ਭਾਵੇਂ ਉਸਨੂੰ ਖੂਹ ਵਿੱਚ ਵੀ ਛਾਲ ਮਾਰਨੀ ਪਵੇ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਇਮਰਤੀ ਦੇਵੀ ਨੇ ਕਿਹਾ ਕਿ ਉਹ ਅਤੇ 21 ਦੂਜੇ ਵਿਧਾਇਕ ਆਪਣੀ ਮਰਜ਼ੀ ਅਤੇ ਸਿੰਧੀਆ ਦੇ ਅਸ਼ੀਰਵਾਦ ਨਾਲ ਬੰਗਲੁਰੂ ਵਿੱਚ ਹਨ। ਉਨ੍ਹਾਂ ਸਾਬਕਾ ਕਾਂਗਰਸੀ ਆਗੂ ਵੱਲੋਂ ਭਾਜਪਾ ਜਾਣ ਦੇ ਫ਼ੈਸਲੇ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਸਿੰਧੀਆ ਜਿੱਥੇ ਵੀ ਜਾਣਗੇ, ਉਹ ਉਨ੍ਹਾਂ ਦਾ ਸਾਥ ਦੇਵੇਗੀ।