ਖੇਤੀ ਕਾਨੂੰਨ ਵਾਪਸ ਹੋਣ ਤਕ ਅੰਦੋਲਨ ਜਾਰੀ ਰਹੇਗਾ: ਟਿਕੈਤ

ਖੇਤੀ ਕਾਨੂੰਨ ਵਾਪਸ ਹੋਣ ਤਕ ਅੰਦੋਲਨ ਜਾਰੀ ਰਹੇਗਾ: ਟਿਕੈਤ

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਅੱਜ ਸਹਾਰਨਪੁਰ ਜ਼ਿਲ੍ਹੇ ਦੇ ਪਿੰਡ ਲਖਨੌਰ ਵਿੱਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤਕ ਐੱਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) ’ਤੇ ਕਾਨੂੰਨ ਨਹੀਂ ਬਣੇਗਾ ਤੇ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ, ਉਦੋਂ ਤਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ।
ਸ੍ਰੀ ਟਿਕੈਤ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਗੁਦਾਮ ਬਣਾਏ ਗੲੇ ਅਤੇ ਮਗਰੋਂ ਕਾਨੂੰਨ ਬਣਾਇਆ ਗਿਆ, ਉਹ ਕਿਸਾਨਾਂ ਨਾਲ ਧੋਖਾ ਹੈ। ਵਿਰੋਧੀ ਧਿਰ ਦੀ ਮਜ਼ਬੂਤੀ ਬਾਰੇ ਵਿਚਾਰ ਪ੍ਰਗਟਾਉਂਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਵਿਰੋਧੀ ਧਿਰ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਜੇ ਵਿਰੋਧੀ ਧਿਰ ਮਜ਼ਬੂਤ ਹੁੰਦੀ ਤਾਂ ਸਰਕਾਰ ਕਿਸਾਨ ਵਿਰੋਧੀ ਖੇਤੀ ਕਾਨੂੰਨ ਲਾਗੂ ਹੀ ਨਹੀਂ ਕਰ ਸਕਦੀ ਸੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਜ਼ਮੀਨ ਨੂੰ ਔਲਾਦ ਵਾਂਗ ਪਿਆਰ ਕਰਦਾ ਹੈ, ਫਿਰ ਉਹ ਕਿਵੇਂ ਆਪਣੀ ਜ਼ਮੀਨ ਨੂੰ ਵੱਡੀਆਂ ਕੰਪਨੀਆਂ ਦੇ ਹੱਥਾਂ ’ਚ ਦੇ ਸਕਦਾ ਹੈ। 
ਉਨ੍ਹਾਂ ਕਿਹਾ, ‘ਖੇਤੀ ਵਿੱਚ ਘਾਟਾ ਹੋਣ ਦੇ ਬਾਵਜੂਦ ਕਿਸਾਨ ਆਪਣੀ ਜ਼ਮੀਨ ’ਤੇ ਪਸੀਨਾ ਵਹਾਉਂਦਿਆਂ ਖੇਤੀ ਕਰਦਾ ਹੈ ਜਦਕਿ ਵਪਾਰੀ ਨੁਕਸਾਨ ਹੋਣ ’ਤੇ ਆਪਣਾ ਸ਼ਹਿਰ ਛੱਡ ਕੇ ਦੂਜੇ ਸ਼ਹਿਰ ਵਿੱਚ ਜਾ ਕੇ ਵਪਾਰ ਕਰਨ ਲੱਗ ਜਾਂਦਾ ਹੈ। ਉਹ ਆਪਣਾ ਵਪਾਰ ਬਦਲ ਲੈਂਦਾ ਹੈ ਪਰ ਕਿਸਾਨ ਸਿਰਫ਼ ਖੇਤੀ ਕਰਦਾ ਹੈ ਤੇ ਉਸ ਦਾ ਪਰਿਵਾਰ ਖੇਤੀ ’ਤੇ ਟਿਕਿਆ ਹੁੰਦਾ ਹੈ।’
‘ਤਿਰੰਗੇ ਦਾ ਸਭ ਤੋਂ ਵੱਧ ਸਨਮਾਨ ਪਿੰਡਾਂ ਦੇ ਲੋਕ ਕਰਦੇ ਨੇ’
ਰਾਕੇਸ਼ ਟਿਕੈਤ ਨੇ ਕੇਂਦਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਅੱਗੇ ਕੰਡਿਆਲੀ ਤਾਰ ਲਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਹੈ। ਇਹੀ ਨਹੀਂ ਤਿਰੰਗੇ ਲਈ ਵੀ ਸਰਕਾਰ ਨੇ ਕਿਸਾਨਾਂ ਦਾ ਅਪਮਾਨ ਕੀਤਾ ਹੈ ਜਦਕਿ ਸੱਚਾਈ ਇਹ ਹੈ ਕਿ ਤਿਰੰਗੇ ਦਾ ਸਭ ਤੋਂ ਵੱਧ ਸਨਮਾਨ ਪਿੰਡਾਂ ਦੇ ਲੋਕ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਹਿਮ ਹੈ ਕਿ ਕਿਸਾਨ ਕਣਕ ਦੀ ਵਾਢੀ ’ਚ ਲੱਗ ਜਾਣਗੇ ਜਦਕਿ ਕਿਸਾਨ ਵਾਢੀ ਵੀ ਕਰਨਗੇ ਤੇ ਅੰਦੋਲਨ ਵੀ।