ਕੋਵਿਡ-19 ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ ਲਈ ਤਾਇਨਾਤ ਕੀਤੀ ਜਾਵੇ ਫੌਜ : ਜਗਮੀਤ ਸਿੰਘ

ਕੋਵਿਡ-19 ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ ਲਈ ਤਾਇਨਾਤ ਕੀਤੀ ਜਾਵੇ ਫੌਜ : ਜਗਮੀਤ ਸਿੰਘ

ਓਟਾਵਾ : ਕੈਨੇਡਾ ਵਿਚ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਐਨ.ਡੀ.ਪੀ. ਆਗੂ ਜਗਮੀਤ ਸਿੰਘ ਵੱਲੋਂ ਤੇਜ਼ੀ ਨਾਲ ਅਮਲ ਵਿਚ ਲਿਆਂਦੀ ਜਾਣ ਵਾਲੀ ਤੇ ਸਪਸ਼ੱਟ ਟੀਕਾਕਰਣ ਯੋਜਨਾ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਪ੍ਰੋਵਿੰਸ਼ੀਅਲ ਕੋਵਿਡ-19 ਟੀਕਾਕਰਣ ਦੀਆਂ ਕੋਸਿ਼ਸ਼ਾਂ ਨੂੰ ਤੇਜ਼ ਕਰਨ ਲਈ ਦੇਸ਼ ਭਰ ਵਿਚ ਫੌਜ ਤਾਇਨਾਤ ਕਰ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਮੈਡੀਕਲ ਅਤੇ ਨਰਸਿੰਗ ਵਿਦਿਆਰਥੀਆਂ ਦੇ ਨਾਲ-ਨਾਲ ਫੌਜੀ ਕਰਮਚਾਰੀਆਂ ਅਤੇ ਰਿਟਾਟਿੲਰ ਹੋ ਚੁੱਕੇ ਹੈਲਥ ਕੇਅਰ ਵਰਕਰਾਂ ਨੂੰ ਵੀ ਇਸ ਮੁਹਿੰਮ ਵਿਚ ਸ਼ਾਮਲ ਕਰਨਾ ਚਾਹੀਦਾ ਹੈ।ਇਸ ਸਾਲ ਵਿਚ ਸੰਭਾਵੀ ਚੋਣਾਂ ਦੇ ਮੱਦੇਨਜ਼ਰ ਕੈਂਪੇਨ ਸਟਾਈਲ ਵਿਚ ਗੱਲ ਕਰਦਿਆਂ ਜਗਮੀਤ ਸਿੰਘ ਵੱਲੋਂ ਕੀਤੀ ਗਈ ਇਸ ਤਰ੍ਹਾਂ ਦੀ ਮੰਗ ਸੂਬਿਆਂ ਵੱਲੋਂ ਵੀ ਨਹੀਂ ਕੀਤੀ ਗਈ ਹੈ।
ਇੱਕ ਇੰਟਰਵਿਊ ਵਿਚ ਜਗਮੀਤ ਸਿੰਘ ਨੇ ਕਿਹਾ ਕਿ ਸੂਬਿਆਂ ਵੱਲੋਂ ਅਜਿਹੀ ਕੋਈ ਮੰਗ ਨਹੀਂ ਕੀਤੀ ਗਈ ਹੈ ਪਰ ਸਾਡੇ ਕੋਲ ਫੌਜ ਦੀ ਵਰਤੋਂ ਦਾ ਬਦਲ ਮੌਜੂਦ ਹੈ ਤੇ ਇਨ੍ਹਾਂ ਰਾਹੀਂ ਸੰਘੀ ਸਹੂਲਤਾਂ ਅਤੇ ਸੰਘੀ ਇਮਾਰਤਾਂ ਵਿਚ ਜਗ੍ਹਾ ਸਥਾਪਿਤ ਕਰਵਾ ਕੇ ਇਸ ਮੁਹਿੰਮ ਨੂੰ ਆਸਾਨੀ ਨਾਲ ਸਿਰੇ ਚੜ੍ਹਾਇਆ ਜਾ ਸਕਦਾ ਹੈ।ਇਸ ਸਮੇਂ ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਇਹ ਕਹਿਣਾ ਚਾਹੁੰਦੀ ਹੈ ਕਿ ਸਾਡੇ ਕੋਲ ਸਪਲਾਈ ਤਾਂ ਹੈ ਪਰ ਇਸ ਨੂੰ ਡਿਲੀਵਰ ਕਰਨਾ ਸੂਬਿਆਂ ਦਾ ਕੰਮ ਹੈ।
ਭਾਵੇਂਕਿ ਹੈਲਥ ਕੇਅਰ ਸੂਬਿਆਂ ਦੇ ਅਧਿਕਾਰ ਦਾ ਮੁੱਦਾ ਹੈ ਪਰ ਐਨ.ਡੀ.ਪੀ. ਆਗੂ ਦਾ ਕਹਿਣਾ ਹੈ ਕਿ ਅਮਰੀਕਾ ਤੇ ਸਕਾਟਲੈਂਡ ਦੀ ਤਰਜ਼ ਉੱਤੇ ਹੀ ਸਾਡੇ ਵੀ ਹਥਿਆਰਬੰਦ ਸੈਨਾਵਾਂ ਦੀ ਮਦਦ ਲਈ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਜੋਅ ਬਾਈਡੇਨ ਪ੍ਰਸ਼ਾਸਨ ਵੱਲੋਂ 1100 ਫੌਜੀ ਟੁੱਕੜੀਆਂ, ਨਰਸਾਂ ਤੇ ਟੀਕੇ ਲਗਾਉਣ ਵਾਲਿਆਂ ਨੂੰ ਕਈ ਥਾਂਵਾਂ ਉੱਤੇ ਤਾਇਨਾਤ ਕੀਤਾ ਗਿਆ ਹੈ। ਸਕਾਟਲੈਂਡ ਵਿਚ ਲੱਗਭਗ 80 ਟੀਕਾਕਰਨ ਕੇਂਦਰਾਂ 'ਤੇ ਜਣੇਪੇ, ਟੀਕੇ ਦੀ ਸਟੋਰੇਜ ਅਤੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਲਈ ਲਗਭਗ 100 ਬ੍ਰਿਟਿਸ਼ ਸੈਨਿਕਾਂ ਦੀ ਡਿਊਟੀ ਲਗਾਈ ਹੈ।