ਕਰੋਨਾਵਾਇਰਸ: ਇਰਾਨ ’ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਜਹਾਜ਼ ਰਵਾਨਾ

ਕਰੋਨਾਵਾਇਰਸ: ਇਰਾਨ ’ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਜਹਾਜ਼ ਰਵਾਨਾ

ਕਰੋਨਾਵਾਇਰਸ ਦੀ ਮਾਰ ਹੇਠ ਆਈ ਇਰਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅੱਜ ਰਾਤ ਮੈਡੀਕਲ ਮਾਹਿਰਾਂ ਦੀ ਟੀਮ ਸਮੇਤ ਮਿਲਟਰੀ ਟਰਾਂਸਪੋਰਟ ਦਾ ਇਕ ਜਹਾਜ਼ ਇਰਾਨ ਰਵਾਨਾ ਹੋ ਗਿਆ ਹੈ। ਇਸੇ ਦੌਰਾਨ ਅੱਜ ਚਾਰ ਸੱਜਰੇ ਮਾਮਲੇ ਸਾਹਮਣੇ ਆਉਣ ਨਾਲ ਭਾਰਤ ਵਿੱਚ ਕਰੋਨਾਵਾਇਰਸ ਲਾਗ ਨਾਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 43 ਹੋ ਗਈ ਹੈ। ਇਨ੍ਹਾਂ ਵਿੱਚ ਤਿੰਨ ਸਾਲਾਂ ਦਾ ਬੱਚਾ ਵੀ ਸ਼ਾਮਲ ਹੈ, ਜੋ ਇਟਲੀ ਤੋਂ ਪਰਤਿਆ ਹੈ।
ਭਾਰਤੀ ਹਵਾਈ ਸੈਨਾ ਅਨੁਸਾਰ ਇਸ ਦਾ ਸੀ-17 ਗਲੋਬਮਾਸਟਰ ਮਿਲਟਰੀ ਜਹਾਜ਼ ਹਿੰਡਨ ਹਵਾਈ ਅੱਡੇ ਤੋਂ ਰਾਤ 8.30 ਵਜੇ ਇਰਾਨ ਲਈ ਰਵਾਨਾ ਹੋ ਗਿਆ। ਭਾਰਤੀ ਹਵਾਈ ਸੈਨਾ ਨੇ ਟਵੀਟ ਕੀਤਾ, ‘‘ਹਵਾਈ ਸੈਨਾ ਦਾ ਸੀ-17 ਗਲੋਬਮਾਸਟਰ ਜਹਾਜ਼ ਇਰਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਰਵਾਨਾ ਹੋ ਗਿਆ ਹੈ। ਜਹਾਜ਼ ਵਿੱਚ ਮੈਡੀਕਲ ਮਾਹਿਰਾਂ ਦੀ ਇਕ ਟੀਮ ਹੈ। ਇਰਾਨ ’ਚੋਂ ਕੱਢ ਕੇ ਭਾਰਤੀਆਂ ਨੂੰ ਹਿੰਡਨ ਲਿਆਂਦਾ ਜਾਵੇਗਾ ਜਿੱਥੇ ਉਨ੍ਹਾਂ ਨੂੰ ਵੱਖਰੇ ਤੌਰ ’ਤੇ ਰੱਖਣ ਸਣੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਜਹਾਜ਼ ਭਲਕੇ ਸਵੇਰੇ ਭਾਰਤ ਵਾਪਸ ਆ ਜਾਵੇਗਾ।’’ ਜ਼ਿਕਰਯੋਗ ਹੈ ਕਿ ਇਰਾਨ ਵਿੱਚ ਕਰੀਬ 2000 ਭਾਰਤੀ ਰਹਿ ਰਹੇ ਹਨ।
ਉੱਧਰ, ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵਿੱਚ ਕਰੋਨਾਵਾਇਰਸ ਲਾਗ ਨਾਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 43 ਹੋ ਗਈ ਹੈ। ਇਨ੍ਹਾਂ ਵਿੱਚ ਤਿੰਨ ਸਾਲਾਂ ਦਾ ਬੱਚਾ ਵੀ ਸ਼ਾਮਲ ਹੈ, ਜੋ ਇਟਲੀ ਤੋਂ ਪਰਤਿਆ ਹੈ। ਕਰੋਨਾਵਾਇਰਸ ਦੀ ਜ਼ੱਦ ਵਿੱਚ ਆਏ ਤਿੰਨ ਹੋਰ ਵਿਅਕਤੀ ਦਿੱਲੀ, ਉੱਤਰ ਪ੍ਰਦੇਸ਼ ਤੇ ਜੰਮੂ ਨਾਲ ਸਬੰਧਤ ਹਨ। ਮੰਤਰਾਲੇ ਨੇ ਜਾਰੀ ਬਿਆਨ ਵਿੱਚ ਕਿਸੇ ਵਿਅਕਤੀ ਦੇ ਇਸ ਬਿਮਾਰੀ ਨਾਲ ਮਰਨ ਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਇਸ ਲਾਗ ਨਾਲ ਪੀੜਤ ਵਿਅਕਤੀ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਜੋ ਇਰਾਨ ਘੁੰਮ ਕੇ ਆਇਆ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਵਿਅਕਤੀ ਨੇ ਪੀੜਤ ਵਿਅਕਤੀਆਂ ਦੇ ਸੰਪਰਕ ’ਚ ਆ ਕੇ ਇਹ ਬਿਮਾਰੀ ਸਹੇੜ ਲਈ। ਦੂਜੇ ਪਾਸੇ ਦਿੱਲੀ ਦਾ ਮਰੀਜ਼ ਵੀ ਦੂਜੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਇਆ ਸੀ।
ਇਸ ਸਬੰਧੀ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਰਾਜਪਾਲ ਅਨਿਲ ਬੈਜਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਹੋਰ ਉੱਚ ਅਧਿਕਾਰੀਆਂ ਦੀ ਮੀਟਿੰਗ ਸੱਦੀ। ਸ੍ਰੀ ਵਰਧਨ ਨੇ ਕਿਹਾ ਕਿ ਉਹ ਕਰੋਨਾਵਾਇਰਸ ਤੋਂ ਬਚਾਅ ਲਈ ਸਾਰੇ ਸੂਬਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਰਹੇ ਹਨ। ਉਨ੍ਹਾਂ ਸੂਬਿਆਂ ਨੂੰ ਕਿਹਾ ਕਿ ਇਸ ਲਾਗ ਤੋਂ ਬਚਾਅ ਲਈ ਲੈਬਾਰਟਰੀਆਂ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਸਿਹਤ ਮੁਲਾਜ਼ਮਾਂ ਨੂੰ ਇਸ ਨਾਲ ਸਿੱਝਣ ਲਈ ਤਿਆਰ ਰਹਿਣ ਦੀ ਹਦਾਇਤ ਕੀਤੀ ਜਾਵੇ।