ਛਾਪੇ ‘ਸਾਨੂੰ’ ਚੋਣਾਂ ਲੜਨ ਤੋਂ ਰੋਕਣ ਦੀ ਸਾਜ਼ਿਸ਼: ਚੰਨੀ

ਛਾਪੇ ‘ਸਾਨੂੰ’ ਚੋਣਾਂ ਲੜਨ ਤੋਂ ਰੋਕਣ ਦੀ ਸਾਜ਼ਿਸ਼: ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਨਾਜਾਇਜ਼ ਖਣਨ ਕੇਸਾਂ ਦੇ ਹਵਾਲੇ ਨਾਲ ਪੰਜਾਬ ’ਚ ਕੀਤੀ ਛਾਪੇਮਾਰੀ ਨੂੰ ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਤੋਂ ਰੋਕਣ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਾਜ਼ਿਸ਼ ਵਿੱਚ ਫਸਾਉਣ ਲਈ ਈਡੀ ਨੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ’ਤੇ ਤਸ਼ੱਦਦ ਕੀਤਾ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਰੀਬੀ ਉੱਤੇ ‘ਮੇਰਾ’ ਨਾਮ ਲੈਣ ਲਈ ਦਬਾਓ ਪਾਇਆ ਗਿਆ। ਉਨ੍ਹਾਂ ਕਿਹਾ ਕਿ ‘ਸਾਨੂੰ’ ਚੋਣਾਂ ਲੜਨ ਤੋਂ ਰੋਕਣ ਲਈ ਹੀ ਇਹ ਛਾਪੇ ਮਾਰੇ ਗਏ ਹਨ ਤੇ ਇਸ ਸਾਜ਼ਿਸ਼ ਪਿੱਛੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੱਛਮੀ ਬੰਗਾਲ ਦੀ ਤਰਜ਼ ’ਤੇ ਅਗਾਮੀ ਅਸੈਂਬਲੀ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣਗੇ।
ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਪੰਜਾਬ ਪੁਲੀਸ ਵੱਲੋਂ 7 ਮਾਰਚ, 2018 ਨੂੰ ਗ਼ੈਰਕਾਨੂੰਨੀ ਖਣਨ ਬਾਰੇ ਦਰਜ ਕੀਤੀ ਐੱਫਆਈਆਰ ਵੀ ਦਿਖਾਈ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਦਾ ਨਾਮ ਨਹੀਂ ਸੀ। ਤਿੰਨ ਸਾਲਾਂ ਮਗਰੋਂ ਹੁਣ ਜਾਣਬੁੱਝ ਕੇ ਉਨ੍ਹਾਂ ਦੇ ਕਰੀਬੀ ਦਾ ਨਾਮ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਨੀ ਨੇ ਕਿਹਾ ਕਿ ਉਹ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਲੈ ਕੇ ਡਟ ਕੇ ਕਿਸਾਨਾਂ ਦੀ ਹਮਾਇਤ ਵਿਚ ਖੜ੍ਹੇ ਅਤੇ ਪ੍ਰਧਾਨ ਮੰਤਰੀ ਫ਼ਿਰੋਜ਼ਪੁਰ ਫੇਰੀ ਦੇ ਮਾਮਲੇ ’ਚ ਉਨ੍ਹਾਂ ਨੇ ਪੰਜਾਬੀਆਂ ਦੇ ਹੱਕ ਵਿਚ ਡਟ ਕੇ ਸਟੈਂਡ ਲਿਆ। ਇਸ ਕਰ ਕੇ ਹੁਣ ਬਦਲਾਖੋਰੀ ਤਹਿਤ ਛਾਪਿਆਂ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਾਜ਼ਿਸ਼ ਤਹਿਤ ਉਨ੍ਹਾਂ ਅਤੇ ਸਾਥੀ ਵਜ਼ੀਰਾਂ ’ਤੇ ਦਬਾਓ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਈਡੀ ਨੇ ਤਿੰਨ ਸਾਲ ਪਹਿਲਾਂ ਇਸ ਮਾਮਲੇ ’ਚ ਕਾਰਵਾਈ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕਾਂਗਰਸ ਪਾਰਟੀ ਨੇ ਸੋਨੂੰ ਸੂਦ ਵਾਲਾ ਵੀਡੀਓ ਟਵੀਟ ਕੀਤਾ ਤਾਂ ਉਦੋਂ ਹੀ ਈਡੀ ਪਹੁੰਚ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਵਿੱਚ ‘ਆਪ’ ਨੂੰ ਜਿਤਾਉਣ ਲਈ ਇਹ ਕਦਮ ਉਠਾਇਆ ਹੈ। ਭਾਜਪਾ ਤੇ ਕੇਜਰੀਵਾਲ ਦਰਮਿਆਨ ਸਮਝੌਤਾ ਹੋਇਆ ਹੈ ਜਿਸ ਕਰ ਕੇ ਈਡੀ ਦੀ ਛਾਪੇਮਾਰੀ ਤੋਂ ‘ਆਪ’ ਸੁਪਰੀਮੋ ਖ਼ੁਸ਼ ਹੋਏ ਹਨ। ਉਨ੍ਹਾਂ ਕਿਹਾ, ‘‘ਮੇਰੇ ਘਰੋਂ ਤਾਂ ਕਿਸੇ ਨੂੰ 10 ਕਰੋੜ ਨਹੀਂ ਮਿਲਿਆ ਹੈ ਅਤੇ ਨਾ ਹੀ ਅੱਜ ਤੱਕ ਮੇਰੇ ’ਤੇ ਕੋਈ ਦਾਗ਼ ਲੱਗਾ ਹੈ।’’ ਚੰਨੀ ਨੇ ਕਿਹਾ ਕਿ ਈਡੀ ਨੇ ਉਸ ਦੇ ਕਰੀਬੀ ਰਿਸ਼ਤੇਦਾਰ ਨੂੰ ਚੁੱਕਿਆ ਹੋਇਆ ਹੈ, ਜਿਸ ਦੀ ਸਥਿਤੀ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ। ਉਨ੍ਹਾਂ ਦੇ ਰਿਸ਼ਤੇਦਾਰ ਦੇ ਫ਼ੋਨ ਵੀ ਬੰਦ ਆ ਰਹੇ ਹਨ।
ਚੰਨੀ ਨੇ ਕਿਹਾ ਕਿ ਜਿਸ ਤਰ੍ਹਾਂ ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ’ਤੇ ਛਾਪੇਮਾਰੀ ਕੀਤੀ ਗਈ ਸੀ, ਉੱਥੇ ਬੰਗਾਲੀ ਲੋਕਾਂ ਨੇ ਭਾਜਪਾ ਨੂੰ ਸਬਕ ਸਿਖਾਇਆ ਸੀ। ਠੀਕ ਉਸੇ ਤਰਜ਼ ’ਤੇ ਪੰਜਾਬ ਵਿਚ ਵੀ ਭਾਜਪਾ ਨੂੰ ਇਹ ਖੇਡ ਪੁੱਠੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਝੁਕਣ ਵਾਲਾ ਨਹੀਂ ਹੈ ਅਤੇ ਇਥੋਂ ਦੇ ਲੋਕ ਚੋਣਾਂ ਵਿਚ ਭਾਜਪਾ ਨੂੰ ਇਸ ਦਾ ਢੁੱਕਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਕਾਂਗਰਸੀ ਵਰਕਰ ਦਬਾਓ ਹੇਠ ਨਹੀਂ ਹੈ। ਚੰਨੀ ਨੇ ਕਿਹਾ ਕਿ ਚੋਣਾਂ ਮਗਰੋਂ ਉਨ੍ਹਾਂ ਦੀ ਮੁੜ ਸਰਕਾਰ ਬਣੀ ਤਾਂ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰਾਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਮਹਾਰਾਸ਼ਟਰ ਅਤੇ ਤਾਮਿਲ ਨਾਡੂ ਵਿਚ ਵੀ ਇਹ ਹੱਥਕੰਡੇ ਵਰਤ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਨੇ ਪੰਜਾਬ ’ਚ ਰਾਸ਼ਟਰਪਤੀ ਰਾਜ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।c