ਅਗਲੇ ਸਾਲ 23 ਜੁਲਾਈ ਤੋਂ ਹੋਵੇਗੀ ਓਲੰਪਿਕ

ਅਗਲੇ ਸਾਲ 23 ਜੁਲਾਈ ਤੋਂ ਹੋਵੇਗੀ ਓਲੰਪਿਕ

ਕਰੋਨਾਵਾਇਰਸ ਦੇ ਮੱਦੇਨਜ਼ਰ ਮੁਲਤਵੀ ਕੀਤੀਆਂ ਗਈਆਂ ਓਲੰਪਿਕ ਖੇਡਾਂ-2020 ਹੁਣ ਅਗਲੇ ਸਾਲ 23 ਜੁਲਾਈ ਤੋਂ ਅੱਠ ਅਗਸਤ ਤੱਕ ਕਰਵਾਈਆਂ ਜਾਣਗੀਆਂ। ਟੋਕੀਓ ਓਲੰਪਿਕ-2020 ਦੇ ਮੁਖੀ ਯੋਸ਼ਿਰੋ ਮੋਰੀ ਨੇ ਕਾਹਲੀ ਨਾਲ ਬੁਲਾਈ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਹੁਣ ਓਲੰਪਿਕ ਖੇਡਾਂ 23 ਜੁਲਾਈ ਤੋਂ ਅੱਠ ਅਗਸਤ 2021 ਤੱਕ ਹੋਣਗੀਆਂ, ਜਦੋਂਕਿ ਪੈਰਾਲੰਪਿਕ ਖੇਡਾਂ 24 ਅਗਸਤ ਤੋਂ ਪੰਜ ਸਤੰਬਰ ਤੱਕ ਚੱਲਣਗੀਆਂ।’’ ਉਸ ਨੇ ਕਿਹਾ ਕਿ ਇਹ ਫ਼ੈਸਲਾ ਆਈਓਸੀ ਨਾਲ ਐਮਰਜੈਂਸੀ ਬੁਲਾਈ ਗਈ ਟੈਲੀਕਾਨਰਫੰਸ ਵਿੱਚ ਲਿਆ ਗਿਆ।
ਇਸ ਤੋਂ ਕੁੱਝ ਘੰਟਾ ਪਹਿਲਾਂ ਹੀ ਮੋਰੀ ਨੇ ਕਿਹਾ ਸੀ ਕਿ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਇਸ ਹਫ਼ਤੇ ਨਵੀਆਂ ਤਰੀਕਾਂ ਬਾਰੇ ਫ਼ੈਸਲਾ ਲਵੇਗੀ। ਟੋਕੀਓ ਓਲੰਪਿਕ ਇਸ ਸਾਲ 24 ਜੁਲਾਈ ਤੋਂ 9 ਅਗਸਤ ਤੱਕ ਚੱਲਣੀਆਂ ਸਨ, ਜਦੋਂਕਿ ਪੈਰਾਓਲੰਪਿਕ 25 ਅਗਸਤ ਤੋਂ ਸ਼ੁਰੂ ਹੋਣੀ ਸੀ, ਪਰ ਕਰੋਨਾਵਾਇਰਸ ਕਾਰਨ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ। ਆਈਓਸੀ ਅਤੇ ਜਾਪਾਨ ਸਰਕਾਰ ਲਗਾਤਾਰ ਦੁਹਰਾਉਂਦੇ ਰਹੇ ਕਿ ਖੇਡਾਂ ਤੈਅ ਸਮੇਂ ਮੁਤਾਬਕ ਹੋਣਗੀਆਂ, ਪਰ ਕਰੋਨਵਾਇਰਸ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਖੇਡ ਫੈਡਰੇਸ਼ਨਾਂ ਅਤੇ ਖਿਡਾਰੀਆਂ ਦੇ ਦਬਾਅ ਕਾਰਨ ਉਸ ਨੂੰ ਆਪਣਾ ਫ਼ੈਸਲਾ ਬਦਲਣਾ ਪਿਆ। ਇਸ ਤਰ੍ਹਾਂ ਵੀ ਕਿਹਾ ਜਾ ਰਿਹਾ ਸੀ ਕਿ ਖੇਡਾਂ ‘ਬਸੰਤ’ ਦੇ ਮਹੀਨੇ ਕਰਵਾਈਆਂ ਜਾਣ, ਜਦੋਂ ਜਾਪਾਨ ਵਿੱਚ ਚੈਰੀ ਬਲੌਸਮ ਦੇ ਖਿੜਨ ਦਾ ਸਮਾਂ ਹੁੰਦਾ ਹੈ, ਪਰ ਉਸ ਸਮੇਂ ਯੂਰੋਪੀ ਫੁਟਬਾਲ ਅਤੇ ਉਤਰ ਅਮਰੀਕੀ ਖੇਡ ਲੀਗ ਹੁੰਦੀ ਹੈ। ਟੋਕੀਓ ਓਲੰਪਿਕ ਕਮੇਟੀ ਪ੍ਰਮੁੱਖ ਮੋਰੀ ਅਤੇ ਸੀਈਓ ਤੋਸ਼ਿਰੋ ਮੁਤੋ ਨੇ ਕਿਹਾ ਸੀ ਕਿ ਨਵੀਆਂ ਤਰੀਕਾਂ ’ਤੇ ਖੇਡਾਂ ਦੇ ਕਰਵਾਉਣ ਦੀ ਲਾਗਤ ਬਹੁਤ ਵੱਧ ਜਾਵੇਗੀ। ਸਥਾਨਕ ਰਿਪੋਰਟਾਂ ਅਨੁਸਾਰ ਇਹ ਲਾਗਤ ਅਰਬਾਂ ਡਾਲਰ ਵਧ ਹੋਵੇਗੀ ਅਤੇ ਇਸ ਦਾ ਬੋਝ ਜਾਪਾਨ ਦੇ ਕਰਦਾਤਿਆਂ ’ਤੇ ਪਵੇਗਾ। ਮੁਤੋ ਨੇ ਲਾਗਤ ਦੇ ਹਿਸਾਬ ਵਿੱਚ ਪਾਰਦਰਸ਼ਤਾ ਵਰਤਣ ਦਾ ਵਾਅਦਾ ਕੀਤਾ ਹੈ। ਓਲੰਪਿਕ ਦੀ ਮੇਜ਼ਬਾਨੀ ’ਤੇ ਜਾਪਾਨ ਅਧਿਕਾਰਤ ਤੌਰ ’ਤੇ 12.6 ਅਰਬ ਡਾਲਰ ਖ਼ਰਚ ਕਰ ਰਿਹਾ ਹੈ। ਜਾਪਾਨੀ ਸਰਕਾਰ ਦੀ ਇੱਕ ਆਡਿਟ ਬਿਊਰੋ ਨੇ ਹਾਲਾਂਕਿ ਕਿਹਾ ਕਿ ਲਾਗਤ ਇਸ ਤੋਂ ਦੁੱਗਣੀ ਹੈ।