ਹੁਣ ਬਾਦਲਾਂ ਦੁਆਲੇ ਹੋਏ ਨਵਜੋਤ ਸਿੱਧੂ

ਹੁਣ ਬਾਦਲਾਂ ਦੁਆਲੇ ਹੋਏ ਨਵਜੋਤ ਸਿੱਧੂ

ਕਾਂਗਰਸ ਹਾਈਕਮਾਨ ਵੱਲੋਂ ਕਾਇਮ ਕੀਤੀ ਕਮੇਟੀ ਵੱਲੋਂ ਸੱਦੀਆਂ ਮੀਟਿੰਗਾਂ ਮਗਰੋਂ ਭਾਵੇਂ ਨਵਜੋਤ ਸਿੱਧੂ ਦੀਆਂ ਵਿਰੋਧੀ ਸੁਰਾਂ ਮੱਠੀਆਂ ਪੈ ਗਈਆਂ ਸਨ। ਫਿਰ ਮੀਟਿੰਗਾਂ ਮਗਰੋਂ ਹਾਈਕਮਾਨ ਵੱਲੋਂ ਧਾਰੀ ਚੁੱਪ ਤੋਂ ਖਫ਼ਾ ਹੋ ਕੇ ਸਿੱਧੂ ਨੂੰ ਚੁੱਪ ਤੋੜਨੀ ਪਈ। ਇਸ ਦੌਰਾਨ ਪਿਛਲੇ ਦਿਨੀਂ ਉਨ੍ਹਾਂ ਨੇ ਮੁੱਖ ਮੰਤਰੀ ਖ਼ਿਲਾਫ਼ ਖ਼ੂਬ ਭੜਾਸ ਕੱਢੀ ਸੀ। ਸ਼ਾਇਦ ਇਸ ਦਾ ਵੀ ਹਾਈਕਮਾਨ ਨੇ ਨੋਟਿਸ  ਲਿਆ ਹੋਵੇ ਕਿਉਂਕਿ ਇਸ ਮਗਰੋਂ ਹੁਣ ਲਗਾਤਾਰ ਦੋ ਦਿਨਾਂ ਤੋਂ ਉਹ ਬਾਦਲ ਪਰਿਵਾਰ ’ਤੇ ਨਿਸ਼ਾਨੇ ਸੇਧ ਰਹੇ ਹਨ। ਐਤਵਾਰ ਨੂੰ ਕੀਤੇ ਟਵੀਟ ਦੌਰਾਨ ਵੀ ਸ੍ਰੀ ਸਿੱਧੂ ਨੇ ਬਾਦਲਾਂ ਨੂੰ ਕਰਾਰੇ ਹੱਥੀਂ ਲਿਆ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਉਹ ਸਿੱਧੇ ਤੌਰ ’ਤੇ ਬਾਦਲਾਂ ਨੂੰ ਕਸੂਰਵਾਰ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਘਟਨਾਵਾਂ ਪਿੱਛੇ ਬਾਦਲਾਂ ਦੀ ‘ਰਾਜਨੀਤਕ ਦਖ਼ਲਅੰਦਾਜ਼ੀ’ ਤੇ ਵੋਟਾਂ ਦਾ ਧਰੁਵੀਕਰਨ ਭਾਰੂ ਰਿਹਾ।
ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਸਿੰਘ ਨੂੰ ‘ਡੇਰਾ ਸਾਧ’ ਦੇ ਨਾਂ ਨਾਲ਼ ਸੰਬੋਧਨ ਕਰਦਿਆਂ, ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬਾਦਲਾਂ ਨੇ ਤਾਂ ਡੇਰਾ ਮੁਖੀ ਨੂੰ ਵੀ ਆਪਣਾ ਵੋਟ ਬੈਂਕ ਪੱਕਾ ਕਰਨ ਦਾ ਇੱਕ ਜ਼ਰੀਆ ਬਣਾ ਕੇ ਰੱਖਿਆ। ਇਹ ਲੋਕ ਨਾ ਸਿਰਫ਼  ਡੇਰਾ ਸਿਰਸਾ ਮੁਖੀ ਖ਼ਿਲਾਫ਼ ਕਾਰਵਾਈ ਤੋਂ ਟਲ਼ਦੇ ਰਹੇ ਸਗੋਂ 2007 ਤੋਂ 2014 ਤੱਕ ਉਸ ਖ਼ਿਲਾਫ਼  ਕੋਈ ਕਾਰਵਾਈ ਵੀ ਨਹੀਂ ਕੀਤੀ। ਇਥੋਂ ਤੱਕ ਕਿ ਅਦਾਲਤ ਵਿਚ ਚਲਾਨ ਤੱਕ ਵੀ ਪੇਸ਼ ਨਹੀਂ ਕੀਤਾ ਗਿਆ।   ਸ੍ਰੀ ਸਿੱਧੂ ਇਹ ਵੀ ਆਖ ਗਏ ਕਿ ਬਾਦਲ ਸਰਕਾਰ ਨੇ ਤਾਂ ਡੇਰਾ ਮੁਖੀ ਖ਼ਿਲਾਫ਼ ਦਰਜ ਕੇਸ (ਐਫਆਈਆਰ) ਨੂੰ ਰੱਦ ਕਰਨ ਦੇ ਹੁਕਮ ਵੀ ਦਿੱਤੇ।
ਇਸੇ ਦੌਰਾਨ ਸ਼ਨਿੱਚਰਵਾਰ ਨੂੰ ਕੀਤੇ ਦੋ  ਵਿਚੋਂ ਇੱਕ ਟਵੀਟ ਦੌਰਾਨ ਨਵਜੋਤ ਸਿੱਧੂ ਨੇ ਅਕਾਲੀ ਨੇਤਾ ਬਿਕਰਮ ਮਜੀਠੀਆ ਦੇ ਹਵਾਲੇ ਨਾਲ਼  ਡੀਜੀਪੀ ਦਿਨਕਰ ਗੁਪਤਾ ਨੂੰ ਨਿਸ਼ਾਨਾ ਬਣਾਇਆ ਸੀ। ਨਸ਼ਾ ਤਸਕਰੀ ਦੇ ਕੇਸਾਂ ਦਾ ਸਾਹਮਣਾ ਕਰਨ ਵਾਲ਼ੇ ਜਗਦੀਸ਼ ਭੋਲਾ ਦੇ ਹਵਾਲੇ ਨਾਲ਼ ਲੱਗੇ ਦੋਸ਼ਾਂ ਦੇ ਮਾਮਲੇ ’ਚ ਸਿੱਧੂ ਨੇ ਡੀਜੀਪੀ ਨੂੰ ਸਵਾਲ ਕੀਤਾ ਕਿ ਇਸ ਸਬੰਧੀ  ਉਨ੍ਹਾਂ ਨੇ ਮਜੀਠੀਆ ਖ਼ਿਲਾਫ਼ ਕੀ ਕਾਰਵਾਈ ਕੀਤੀ ਹੈ।