ਸਰਕਾਰ ਦੇ ਐਕਸ਼ਨ ਤੋਂ ਬਾਅਦ ਕੰਵਰ ਗਰੇਵਾਲ ਨੇ ਕੀਤਾ ‘ਐਲਾਨ ਫ਼ੇਰ ਤੋਂ’

ਸਰਕਾਰ ਦੇ ਐਕਸ਼ਨ ਤੋਂ ਬਾਅਦ ਕੰਵਰ ਗਰੇਵਾਲ ਨੇ ਕੀਤਾ ‘ਐਲਾਨ ਫ਼ੇਰ ਤੋਂ’

ਚੰਡੀਗੜ੍ਹ – ਭਾਰਤ ਸਰਕਾਰ ਵਲੋਂ ਬੀਤੇ ਦਿਨੀਂ ਕਈ ਪੰਜਾਬੀ ਗੀਤਾਂ ਨੂੰ ਬੈਨ ਕੀਤਾ ਗਿਆ ਹੈ। ਭਾਰਤ ਸਰਕਾਰ ਵਲੋਂ ਇਹ ਐਕਸ਼ਨ ਕਿਸਾਨੀ ਅੰਦੋਲਨ ਦੇ ਚਲਦਿਆਂ ਲਿਆ ਗਿਆ ਹੈ। ਦਰਅਸਲ ਬੈਨ ਕੀਤੇ ਗੀਤ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਵਾਲੇ ਤੇ ਸਰਕਾਰਾਂ ਨੂੰ ਸਵਾਲ ਕਰਨ ਵਾਲੇ ਸਨ, ਜਿਨ੍ਹਾਂ ’ਤੇ ਭਾਰਤ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ। ਜੋ ਗੀਤ ਭਾਰਤ ਸਰਕਾਰ ਵਲੋਂ ਬੈਨ ਕੀਤੇ ਗਏ ਹਨ, ਉਨ੍ਹਾਂ ’ਚ ਇਕ ਬੇਹੱਦ ਖਾਸ ਗੀਤ ਕੰਵਰ ਗਰੇਵਾਲ ਦਾ ਵੀ ਹੈ, ਜਿਸ ਦਾ ਨਾਂ ਸੀ ‘ਐਲਾਨ’।
‘ਐਲਾਨ’ ਗੀਤ ਨੂੰ ਯੂਟਿਊਬ ’ਤੇ 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ। ਹਾਲ ਹੀ ’ਚ ਗੀਤ ’ਤੇ ਸਰਕਾਰ ਵਲੋਂ ਲਏ ਐਕਸ਼ਨ ਤੋਂ ਬਾਅਦ ਕੰਵਰ ਗਰੇਵਾਲ ਨੇ ਗੀਤ ਬੈਨ ਹੋਣ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਸੀ।
ਕੰਵਰ ਨੇ ਲਿਖਿਆ ਸੀ, ‘ਫ਼ੈਸਲੇ ਤਾਂ ਫਿਰ ਵੀ ਕਿਸਾਨ ਹੀ ਕਰੂਗਾ ਸਰਕਾਰ ਜੀ।’ ਦੱਸਣਯੋਗ ਹੈ ਕਿ ਇਸ ਪੋਸਟ ’ਚ ਜੋ ਸਕ੍ਰੀਨਸ਼ਾਟ ਕੰਵਰ ਵਲੋਂ ਸਾਂਝਾ ਕੀਤਾ ਗਿਆ ਹੈ, ਉਸ ’ਚ ਸਾਫ-ਸਾਫ ਲਿਖਿਆ ਹੈ, ‘ਇਹ ਸਮੱਗਰੀ ਸਰਕਾਰ ਵਲੋਂ ਕਾਨੂੰਨੀ ਸ਼ਿਕਾਇਤ ਕਰਕੇ ਇਸ ਦੇਸ਼ ਦੇ ਡੋਮੇਨ ’ਤੇ ਉਪਲੱਬਧ ਨਹੀਂ ਹੈ।’
ਹਾਲਾਂਕਿ ਕੰਵਰ ਗਰੇਵਾਲ ਨੇ ਸਰਕਾਰ ਦੇ ਇਸ ਐਕਸ਼ਨ ਤੋਂ ਬਾਅਦ ਗੀਤ ਨੂੰ ਮੁੜ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਹੈ। ਕੰਵਰ ਗਰੇਵਾਲ ਨੇ ਇਸ ਗੱਲ ਦੀ ਜਾਣਕਾਰੀ ਗੀਤ ਦਾ ਪੋਸਟਰ ਸਾਂਝਾ ਕਰਦਿਆਂ ਦਿੱਤੀ ਹੈ। ਗੀਤ ਦਾਂ ਨਾਂ ਇਸ ਵਾਰ ਬਦਲ ਕੇ ‘ਐਲਾਨ ਫ਼ੇਰ ਤੋਂ’ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਕੰਵਰ ਗਰੇਵਾਲ ਵਲੋਂ ਇਸ ਗੀਤ ਨੂੰ ਦੁਬਾਰਾ 13 ਫਰਵਰੀ ਨੂੰ ਰਿਲੀਜ਼ ਕੀਤਾ ਜਾਵੇਗਾ। ਜੋ ਗੀਤ ਸਰਕਾਰ ਵਲੋਂ ਬੈਨ ਕੀਤਾ ਗਿਆ ਹੈ, ਉਹ ਪਿਛਲੇ ਸਾਲ 10 ਅਕਤੂਬਰ ਨੂੰ ਰਿਲੀਜ਼ ਹੋਇਆ ਸੀ।