ਮਿਰਚੀ ਮਨੀ ਲਾਂਡਰਿੰਗ ਮਾਮਲਾ: ED ਸਾਹਮਣੇ ਪੇਸ਼ ਹੋਏ ਰਾਜ ਕੁੰਦਰਾ

ਮਿਰਚੀ ਮਨੀ ਲਾਂਡਰਿੰਗ ਮਾਮਲਾ: ED ਸਾਹਮਣੇ ਪੇਸ਼ ਹੋਏ ਰਾਜ ਕੁੰਦਰਾ

ਮੁੰਬਈ—ਅਦਾਕਾਰ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਬਿਜ਼ਨੈਸਮੈਨ ਰਾਜ ਕੁੰਦਰਾ ਮਰਹੂਮ ਗੈਂਗਸਟਰ ਇਕਬਾਲ ਮਿਰਚੀ ਅਤੇ ਹੋਰਾਂ ਖਿਲਾਫ ਚੱਲ ਰਹੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਅੱਜ ਭਾਵ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਸਾਹਮਣੇ ਪੇਸ਼ ਹੋਏ। ਮਿਲੀ ਜਾਣਕਾਰੀ ਮੁਤਾਬਕ ਰਾਜ  ਕੁੰਦਰਾ ਅੱਜ ਦੁਪਹਿਰ ਲਗਭਗ 11 ਵਜੇ ਇੱਥੇ ਬੈਲਾਰਡ ਪਿਅਰ ਇਲਾਕੇ 'ਚ ਈ. ਡੀ. ਦਫਤਰ ਪਹੁੰਚੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਏਜੰਸੀ ਨੇ ਉਸ ਨੂੰ 4 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਕੁਝ ਜਰੂਰੀ ਕੰਮ ਕਾਰਨ ਉਸ ਨੇ ਪਹਿਲਾਂ ਦੀ ਤਾਰੀਕ ਮੰਗੀ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਏਜੰਸੀ ਮਨੀ ਲਾਂਡਰਿੰਗ ਕਾਨੂੰਨ ਤਹਿਤ ਉਸ ਦਾ ਬਿਆਨ ਦਰਜ ਕਰੇਗੀ।
ਕੇਂਦਰੀ ਜਾਂਚ ਏਜੰਸੀ ਇਸ ਮਾਮਲੇ ਦੇ ਸਿਲਸਿਲੇ 'ਚ ਰੰਜੀਤ ਬਿੰਦਰਾ ਅਤੇ ਬੈਸਟੀਅਨ ਹੋਸਪਿਟੈਲਿਟੀ ਨਾਂ ਦੀ ਇੱਕ ਫਰਮ ਨਾਲ ਕੁੰਦਰਾ ਦੇ ਕਥਿਤ ਸੌਦੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀ ਨੇ ਦੱਸਿਆ ਹੈ ਕਿ ਦੋਵਾਂ ਵਿਚਾਲੇ ਹੋਏ ਕੁਝ ਵਪਾਰਿਕ ਸਮਝੌਤਿਆਂ ਦੀ ਵਿਸਥਾਰਿਕ ਜਾਣਕਾਰੀ ਦੀ ਜਰੂਰਤ ਹੈ ਅਤੇ ਇਸ ਲਈ ਸੰਮਨ ਜਾਰੀ ਕੀਤਾ ਗਿਆ ਹੈ। ਬਿੰਦਰਾ ਨੂੰ ਕੁਝ ਸਮੇਂ ਪਹਿਲਾਂ ਇਸ ਮਾਮਲੇ 'ਚ ਏਜੰਸੀ ਨੇ ਗ੍ਰਿਫਤਾਰ ਕੀਤਾ ਸੀ। ਕੁੰਦਰਾ ਇਸ ਤੋਂ ਪਹਿਲਾਂ ਇਨ੍ਹਾਂ ਪੇਸ਼ੇਵਰ ਸੌਦਿਆਂ 'ਚ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਤੋਂ ਇਨਕਾਰ ਕਰ ਚੁੱਕੇ ਹਨ। ਬਿਟਕਾਇਨ ਘਪਲਾ ਮਾਮਲੇ ਦੇ ਸਿਲਸਿਲੇ 'ਚ ਪਿਛਲੇ ਸਾਲ ਵੀ ਇਸ ਤਰ੍ਹਾਂ ਏਜੰਸੀ ਨੇ ਕਾਰੋਬਾਰੀ ਤੋਂ ਪੁੱਛਗਿੱਛ ਕੀਤੀ ਸੀ।
ਦੱਸਣਯੋਗ ਹੈ ਕਿ 2013 'ਚ ਲੰਡਨ 'ਚ ਮਾਰੇ ਗਏ ਗੈਂਗਸਟਰ ਇਕਬਾਲ ਮਿਰਚੀ 'ਤੇ ਗਲੋਬਲੀ ਅੱਤਵਾਦੀ ਦਾਊਦ ਇਬ੍ਰਾਹਿਮ ਲਈ ਡਰੱਗਜ਼ ਦੀ ਤਸਕਰੀ ਅਤੇ ਜਬਰਨ ਵਸੂਲੀ ਕਰਨ ਦਾ ਦੋਸ਼ ਹੈ। ਈ. ਡੀ. ਨੇ ਮਿਰਚੀ, ਉਸ ਦੇ ਪਰਿਵਾਰ ਅਤੇ ਹੋਰਾਂ ਖਿਲਾਫ ਮੁੰਬਈ 'ਚ ਮਹਿੰਗੀ ਅਚੱਲ ਜਾਇਦਾਦ ਦੀ ਖਰੀਦ ਅਤੇ ਵਿਕਰੀ 'ਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਲੈਣਦੇਣ ਲਈ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਜਾਂਚ ਵਾਸਤੇ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਹੈ।