ਮਮਤਾ ਬੈਨਰਜੀ ਵੱਲੋਂ ਨਿਤਿਨ ਗਡਕਰੀ ਨਾਲ ਮੁਲਾਕਾਤ

ਮਮਤਾ ਬੈਨਰਜੀ ਵੱਲੋਂ ਨਿਤਿਨ ਗਡਕਰੀ ਨਾਲ ਮੁਲਾਕਾਤ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇੱਥੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਆਲਮੀ ਨਿਵੇਸ਼ਕਾਂ ਨੂੰ ਸੱਦਾ ਦੇਣ ਦੀ ਕੋਸ਼ਿਸ਼ ਤਹਿਤ ਰਾਜ ਦੇ ਬੁਨਿਆਦੀ ਪ੍ਰਾਜੈਕਟਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕੇਂਦਰੀ ਮੰਤਰੀ ਨੂੰ ਕਿਹਾ ਕਿ ਚੰਗਾ ਹੋਵੇਗਾ ਜੇਕਰ ਪੱਛਮੀ ਬੰਗਾਲ ’ਚ ਈ-ਵਾਹਨ ਨਿਰਮਾਣ ਦੀ ਸਨਅਤ ਸਥਾਪਤ ਹੋਵੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੱਛਮੀ ਬੰਗਾਲ ਦੀ ਸਰਹੱਦ ਬੰਗਲਾਦੇਸ਼, ਨੇਪਾਲ, ਭੂਟਾਨ ਤੇ ਪੂਰਬ-ਉੱਤਰੀ ਰਾਜਾਂ ਨਾਲ ਲੱਗਦੀ ਹੈ। ਇਸ ਲਈ ਉੱਥੇ ਚੰਗੀਆਂ ਸੜਕਾਂ ਦੀ ਲੋੜ ਹੈ। ਭਾਜਪਾ ਖ਼ਿਲਾਫ਼ ਇੱਕ ਸਾਂਝਾ ਮੋਰਚਾ ਬਣਾਉਣ ਲਈ ਵਿਰੋਧੀ ਧਿਰਾਂ ਨਾਲ ਗੱਲਬਾਤ ਦੇ ਮਕਸਦ ਨਾਲ ਦਿੱਲੀ ਆਈ ਮਮਤਾ ਬੈਨਰਜੀ ਨੇ ਗਡਕਰੀ ਨਾਲ ਮੁਲਾਕਾਤ ਦੌਰਾਨ ਤਾਜਪੁਰ ’ਚ ਡੂੰਘੀ ਸਮੁੰਦਰੀ ਬੰਦਰਗਾਹ ਸਮੇਤ ਲਟਕਦੇ ਸੜਕੀ ਤੇ ਆਵਾਜਾਈ ਪ੍ਰਾਜੈਕਟਾਂ ਬਾਰੇ ਵੀ ਗੱਲਬਾਤ ਕੀਤੀ। ਕੋਲਕਾਤਾ ਤੋਂ ਤਕਰੀਬਨ 200 ਕਿਲੋਮੀਟਰ ਦੂਰ ਸਥਿਤ ਬੰਦਰਗਾਹ ’ਚ 15 ਹਜ਼ਾਰ ਕਰੋੜ ਰੁਪੲੇ ਦਾ ਨਿਵੇਸ਼ ਹੋਣ ਦੀ ਉਮੀਦ ਹੈ ਅਤੇ ਇਸ ਦੇ ਪੂਰਾ ਹੋਣ ਨਾਲ ਰੁਜ਼ਗਾਰ ਦੇ 25 ਹਜ਼ਾਰ ਨਵੇਂ ਮੌਕੇ ਪੈਦਾ ਹੋ ਸਕਦੇ ਹਨ। ਮਮਤਾ ਨੇ ਕਿਹਾ, ‘ਨਿਤਿਨ ਗਡਕਰੀ ਨੇ ਮੈਨੂੰ ਆਪਣਾ ਮੁੱਖ ਸਕੱਤਰ ਭੇਜਣ ਨੂੰ ਕਿਹਾ ਹੈ। ਉਨ੍ਹਾਂਂ ਦੇ ਡਾਇਰੈਕਟਰ ਜਨਰਲ, ਪੀਡਬਲਿਊਡੀ ਮੰਤਰੀ, ਸਕੱਤਰ, ਆਵਾਜਾਈ ਸਕੱਤਰ ਤੇ ਉਹ ਵੀ ਉੱਥੇ ਹੋਣਗੇ। ਮੇਰੇ ਮੁੱਖ ਸਕੱਤਰ ਭਲਕ ਦੀ ਮੀਟਿੰਗ ਲਈ ਦਿੱਲੀ ਆ ਰਹੇ ਹਨ। ਗਡਕਰੀ ਜੀ ਦੀ ਸਹੂਲਤ ਲਈ ਮੈਂ ਆਪਣੇ ਮੁੱਖ ਸਕੱਤਰ ਨੂੰ ਉਨ੍ਹਾਂ ਨਾਲ ਮੁਲਾਕਾਤ ਲਈ ਭੇਜ ਦੇਵਾਂਗੀ।’ ਸੂਤਰਾਂ ਨੇ ਦੱਸਿਆ ਕਿ ਮਮਤਾ ਬੈਨਰਜੀ ਪੈਟਰੋਲੀਅਮ, ਹਵਾਬਾਜ਼ੀ, ਰੇਲਵੇ ਤੇ ਵਣਜ ਜਿਹੇ ਅਹਿਮ ਵਿਭਾਗਾਂ ਦੇ ਮੰਤਰੀਆਂ ਨਾਲ ਵੀ ਜਲਦੀ ਹੀ ਮੁਲਾਕਾਤ ਕਰੇਗੀ। ਇਸ ਤੋਂ ਬਾਅਦ ਉਨ੍ਹਾਂ ਡੀਐੱਮਕੇ ਦੀ ਸੰਸਦ ਮੈਂਬਰ ਕਨੀਮੋੜੀ ਨਾਲ ਮੁਲਾਕਾਤ ਕਰਕੇ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ।