ਬਾਇਡਨ ਨੂੰ ਨਹੀਂ ਮਿਲਣਾ ਚਾਹੁੰਦਾ: ਰਈਸੀ

ਬਾਇਡਨ ਨੂੰ ਨਹੀਂ ਮਿਲਣਾ ਚਾਹੁੰਦਾ: ਰਈਸੀ

ਇਰਾਨ ਦੇ ਨਵ-ਨਿਯੁਕਤ ਰਾਸ਼ਟਰਪਤੀ ਇਬਰਾਹਿਮ ਰਈਸੀ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਨਹੀਂ ਮਿਲਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਹ ਤਹਿਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ’ਤੇ ਕੋਈ ਸਮਝੌਤਾ ਅਤੇ ਖੇਤਰੀ ਮਿਲੀਸ਼ੀਆ ਨੂੰ ਸਮਰਥਨ ਦੇ ਮੁੱਦੇ ’ਤੇ ਗੱਲਬਾਤ ਵੀ ਨਹੀਂ ਕਰਨਾ ਚਾਹੁੰਦੇ।
ਇਹ ਪੁੱਛੇ ਜਾਣ ’ਤੇ ਕਿ ਕੀ ਬਾਇਡਨ ਨਾਲ ਉਨ੍ਹਾਂ ਦੀ ਮੁਲਾਕਾਤ ਦੀ ਸੰਭਾਵਨਾ ਹੈ, ਤਾਂ ਉਨ੍ਹਾਂ ਕਿਹਾ ਕਿ ‘‘ਨਹੀਂ।’’ ਇਸੇ ਦੌਰਾਨ ਰਈਸੀ ਨੇ ਇਹ ਪੁੱਛੇ ਜਾਣ, ਕਿ ਕੀ ਉਹ 1988 ’ਚ ਲੱਗਪਗ ਪੰਜ ਹਜ਼ਾਰ ਲੋਕਾਂ ਦੀ ਨਸਲਕੁਸ਼ੀ ’ਚ ਸ਼ਾਮਲ ਸਨ?, ਦੇ ਜਵਾਬ ਵਿੱਚ ਖ਼ੁਦ ਨੂੰ ‘ਮਨੁੱਖੀ ਅਧਿਕਾਰਾਂ ਦੇ ਰੱਖਿਅਕ ਦੱਸਿਆ।
ਰਈਸੀ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਚੋਣਾਂ ’ਚ ਭਾਰੀ ਬਹੁਮੱਤ ਨਾਲ ਜਿੱਤ ਹਾਸਲ ਕੀਤੀ, ਨੇ ਅੱਜ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਇਰਾਨ ਖ਼ਿਲਾਫ਼ ਸਾਰੀਆਂ ਸਖ਼ਤ ਪਾਬੰਦੀਆਂ ਵਾਪਸ ਲੈਣ ਲਈ ਅਮਰੀਕਾ ਪਾਬੰਦ ਹੈ।’ ਇਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਅਤੇ ਖੇਤਰੀ ਮਿਲੀਸ਼ੀਆ ਨੂੰ ਉਨ੍ਹਾਂ ਦੇ ਸਮਰਥਨ ਬਾਰੇ ਪੁੱਛੇ ਜਾਣ ’ਤੇ ਰਈਸੀ ਲੈ ਕਿਹਾ ਕਿ ਇਨ੍ਹਾਂ ਮੁੱਦਿਆਂ ਉੱਤੇ ‘ਸਮਝੌਤਾ’ ਨਹੀਂ ਹੋ ਸਕਦਾ। ਬਾਇਡਨ ਨਾਲ ਮੁਲਕਾਤ ਬਾਰੇ ਰਈਸੀ ਨੇ ਕਿਹਾ, ‘ਨਹੀਂ।’ ਚੋਣਾਂ ਦੌਰਾਨ ਪ੍ਰਚਾਰ ਮੌਕੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਅਬਦੁੱਲਾ ਨਾਸਿਰ ਹਿੰਮਤੀ ਨੇ ਕਿਹਾ ਸੀ ਕਿ ਰਈਸੀ ਵੱਲੋਂ ਬਾਇਡਨ ਨਾਲ ਮੁਲਕਾਤ ਕਰਨ ਦੀ ਸੰਭਾਵਨਾ ਹੈ।
ਦੂਜੇ ਪਾਸੇ ਰਾਸ਼ਟਰਪਤੀ ਰਈਸੀ ਦੇ ਇਸ ਬਿਆਨ ’ਤੇ ਹਾਲੇ ਵ੍ਹਾਈਟ ਹਾਊਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਇਰਾਨ ਦੇ ਮੁੱਖ ਨੇਤਾ ਅਯਾਤੁੱਲ੍ਹਾ ਅਲੀ ਖਾਮਨੇਈ ਦੇ ਵਿਸ਼ਵਾਸਪਾਤਰ ਰਈਸੀ ’ਤੇ ਅਮਰੀਕਾ ਨੇ ਨਸਲਕੁਸ਼ੀ ’ਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਪਾਬੰਦੀ ਲਾਈ ਹੋਈ ਹੈ।