ਫ਼ੌਜ ਨੂੰ ਠੋਕਵਾਂ ਜਵਾਬ ਦੇਣ ਦੀ ਪੂਰੀ ਖੁੱਲ੍ਹ: ਰਾਜਨਾਥ

ਫ਼ੌਜ ਨੂੰ ਠੋਕਵਾਂ ਜਵਾਬ ਦੇਣ ਦੀ ਪੂਰੀ ਖੁੱਲ੍ਹ: ਰਾਜਨਾਥ

ਅਸਲ ਕੰਟਰੋਲ ਰੇਖਾ ’ਤੇ ਭਾਰਤ ਤੇ ਚੀਨ ਵਿਚਾਲੇ ਜਾਰੀ ਤਲਖੀ ਦਰਮਿਆਨ ਅੱਜ ਹਥਿਆਰਬੰਦ ਫੌਜਾਂ ਨੂੰ ਚੀਨ ਦੀ ਕਿਸੇ ਵੀ ਹਿਮਾਕਤ/ਹਮਲਾਵਰ ਰੁਖ਼ ਦਾ ਮੂੰਹ-ਤੋੜ ਜਵਾਬ ਦੇਣ ਦੀ ‘ਪੂਰੀ ਖੁੱਲ੍ਹ’ ਦੇ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਨੇ ਇਹ ਦਾਅਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸਿਖਰਲੇ ਫੌਜੀ ਅਧਿਕਾਰੀਆਂ ਨਾਲ ਹੋਈ ਮੀਟਿੰਗ ਮਗਰੋਂ ਕੀਤਾ ਹੈ। ਸੂਤਰਾਂ ਮੁਤਾਬਕ ਥਲ ਸੈਨਾ ਦੇ ਜ਼ਮੀਨੀ ਕਮਾਂਡਰਾਂ ਨੂੰ ਦਹਾਕਿਆਂ ਪੁਰਾਣੀ ਰਵਾਇਤ ਤੋਂ ਮੁਕਤ ਕਰਦਿਆਂ ਨਿਵੇਕਲੇ ਹਾਲਾਤ ਵਿੱਚ ਹਥਿਆਰਾਂ ਦੀ ਵਰਤੋਂ ਕਰਨ ਲਈ ਆਖ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਤਿੰਨਾਂ ਸੈਨਾਵਾਂ ਨੂੰ 500 ਕਰੋੜ ਰੁਪਏ ਤਕ ਦੇ ਹਥਿਆਰਾਂ ਤੇ ਗੋਲੀਸਿੱਕੇ ਦੀ ਖਰੀਦ ਨਾਲ ਸਬੰਧਤ ਪ੍ਰਾਜੈਕਟਾਂ ਲਈ ਵਧੀਕ ਵਿੱਤੀ ਤਾਕਤਾਂ ਦੇ ਦਿੱਤੀਆਂ ਹਨ। ਮੀਟਿੰਗ ਵਿੱਚ ਪੂਰਬੀ ਲੱਦਾਖ ਸਮੇਤ ਅਰੁਣਾਚਲ ਪ੍ਰਦੇਸ਼, ਸਿੱਕਿਮ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਐੱਲਏਸੀ ਨਾਲ ਲਗਦੇ ਨਾਜ਼ੁਕ ਖੇਤਰਾਂ ਵਿੱਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਥਲ ਸੈਨਾ ਮੁਖੀ ਜਨਰਲ ਐੱਮ.ਐੱਮ.ਨਰਵਾਣੇ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਤੇ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ.ਭਦੌਰੀਆ ਮੌਜੂਦ ਸਨ। ਰੱਖਿਆ ਮੰਤਰੀ ਨੇ ਪੂਰਬੀ ਲੱਦਾਖ ਦੇ ਮੌਜੂਦਾ ਹਾਲਾਤ ’ਤੇ ਨਜ਼ਰਸਾਨੀ ਕੀਤੀ। ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ 15 ਜੂਨ ਨੂੰ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ, ਜਿਸ ਵਿੱਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ, ਮਗਰੋਂ ਭਾਰਤ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਮੂਹਰਲੀਆਂ ਚੌਕੀਆਂ ’ਤੇ ਭਾਰਤੀ ਫੌਜ ਦੀ ਵਧੀਕ ਨਫ਼ਰੀ ਵਧਾਉਣ ਦੇ ਨਾਲ ਅਹਿਮ ਫੌਜੀ ਅੱਡਿਆਂ ’ਤੇ ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ ਹਨ।

super visa