ਦੋਆਬੇ ’ਚ ਪੰਜ ਹਜ਼ਾਰ ਟਰੈਕਟਰਾਂ ਦੇ ਦਿੱਲੀ ਵੱਲ ਚਾਲੇ

ਦੋਆਬੇ ’ਚ ਪੰਜ ਹਜ਼ਾਰ ਟਰੈਕਟਰਾਂ ਦੇ ਦਿੱਲੀ ਵੱਲ ਚਾਲੇ

ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨੀ ਘੋਲ਼ ਦੇ ਸੱਦੇ ’ਤੇ ਅੱਜ ਦੋਆਬੇ ’ਚੋਂ ਪੰਜ ਹਜ਼ਾਰ ਤੋਂ ਵੱਧ ਟਰੈਕਟਰ-ਟਰਾਲੀਆਂ ਦਿੱਲੀ ਵਿੱਚ ਹੋਣ ਵਾਲੀ ਕਿਸਾਨੀ ਪਰੇਡ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਈਆਂ। ਬੀਕੇਯੂ ਦੋਆਬਾ, ਬੀਕੇਯੂ ਰਾਜੇਵਾਲ, ਬੀਕੇਯੂ ਲੱਖੋਵਾਲ, ਦੋਆਬਾ ਸੰਘਰਸ਼ ਕਮੇਟੀ, ਕੰਢੀ ਕਿਸਾਨ ਸੰਘਰਸ਼ ਕਮੇਟੀ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਸਮੇਤ ਹੋਰ ਖੇਤ ਮਜ਼ਦੂਰ ਜਥੇਬੰਦੀਆਂ ਨੇ ਅੱਜ ਟੈਰਕਟਰ-ਟਰਾਲੀਆਂ ਨੂੰ ਦਿੱਲੀ ਲਈ ਰਵਾਨਾ ਕੀਤਾ। ਇਸ ਤੋਂ ਇਲਾਵਾ ਬਹੁਤ ਸਾਰੇ ਪਿੰਡਾਂ ਵਿੱਚ ਲੋਕ ਆਪਣੇ ਕਾਫ਼ਲੇ ਬਣਾ ਕੇ ਦਿੱਲੀ ਲਈ ਰਵਾਨਾ ਹੋਏ। ਸੂਹੀਆਂ ਤੰਤਰ ਦੀਆਂ ਰਿਪੋਰਟਾਂ ਅਨੁਸਾਰ ਅੱਜ ਦੋਆਬੇ ਦੇ ਚਾਰ ਜ਼ਿਲ੍ਹਿਆਂ ’ਚੋਂ ਪੰਜ ਹਜ਼ਾਰ ਤੋਂ ਵੱਧ ਟਰੈਕਟਰ ਟਰਾਲੀਆਂ, ਬੱਸਾਂ ਤੇ ਹੋਰ  ਗੱਡੀਆਂ ਰਵਾਨਾ ਹੋਈਆਂ। ਪੰਜਾਬ ਦੇ ਪਿੰਡਾਂ ਵਿੱਚ ਆਪ ਮੁਹਾਰੇ ਚੱਲੇ ਲੋਕਾਂ ਦਾ ਵੱਡਾ ਹਿੱਸਾ  ਸ਼ੇਰਸ਼ਾਹ ਸੂਰੀ ਮਾਰਗ ਨੂੰ ਨਾਪਦਾ ਹੋਇਆ ਅੱਗੇ ਵੱਧ ਰਿਹਾ ਹੈ।
ਦਿੱਲੀ ਕੂਚ ਕਰਨ ਵਾਲੇ ਟਰੈਕਟਰ ਟਰਾਲੀਆਂ ਦੀ ਗਿਣਤੀ ਵਿੱਚ ਵਾਧਾ  24 ਜਨਵਰੀ ਨੂੰ ਵੀ ਹੋਵੇਗਾ। ਬੀਕੇਯੂ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡਾਂ ਵਾਲਿਆਂ ਦੇ ਸਹਿਯੋਗ ਨਾਲ ਨੈਸ਼ਨਲ ਹਾਈਵੇਅ ’ਤੇ ਪਿੰਡ ਚਚਰਾੜੀ ਕੋਲ ਲੰਗਰ ਲਾਇਆ ਗਿਆ ਹੈ ਤੇ ਇੱਥੋਂ ਹੀ ਟਰਾਲੀਆਂ ਵੱਡੀ ਗਿਣਤੀ ਵਿੱਚ ਰਵਾਨਾ ਹੋਈਆਂ। ਜਲੰਧਰ ਦੇ ਬੀਕੇਯੂ ਲੱਖੋਵਾਲ ਦੇ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ 200 ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਅੱਜ ਚੱਲਾ ਗਿਆ ਅਤੇ ਰਾਤ ਦਾ ਪੜਾਅ ਸਰਹਿੰਦ ਕੀਤਾ ਗਿਆ ਹੈ। ਦੋਆਬਾ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਸ਼ਿੰਦਰ ਸਿੰਘ ਨੇ ਦੱਸਿਆ ਕਿ 8 ਲੱਖ ਖਰਚ ਕਰਕੇ ਟਰੈਕਟਰ ਵਿੱਚ ਟਰੱਕ ਦਾ ਇੰਜਣ ਰੱਖਵਾਇਆ ਸੀ ਤੇ ਅੱਜ 300 ਟਰੈਕਟਰ ਟਰਾਲੀਆਂ ਤੇ ਹੋਰ ਗੱਡੀਆਂ ਲੈ ਕੇ ਦਿੱਲੀ ਨੂੰ ਚਾਲੇ ਪਾ ਦਿੱਤੇ ਹਨ।
ਕੁੱਕੜ ਪਿੰਡ ਦੇ ਕਿਸਾਨ ਆਗੂ ਕਰਮਬੀਰ ਸਿੰਘ ਨੇ ਦੱਸਿਆ ਕਿ ਆਲੇ ਦੁਆਲੇ ਦੇ ਪਿੰਡਾਂ ’ਚੋਂ 150 ਤੋਂ ਵੱਧ ਟਰੈਕਟਰ ਟਰਾਲੀਆਂ ਦਿੱਲੀ ਲੈ ਕੇ ਜਾ ਰਹੇ ਹਨ। ਪਟਵਾਰੀ ਢਾਬੇ ਵੱਲੋਂ  ਦਿੱਲੀ ਜਾਣ ਵਾਲੇ ਕਿਸਾਨ-ਮਜ਼ਦੂਰਾਂ ਨੂੰ ਲੰਗਰ ਛਕਾਇਆ ਗਿਆ। ਪਿੰਡ ਨੌਲੀ ਦੇ ਸਰਪੰਚ ਹਰਦੇਵ ਸਿੰਘ ਨੇ ਦੱਸਿਆ ਕਿ 11 ਟਰੈਕਟਰ ਟਰਾਲੀਆਂ ਤੇ ਹੋਰ ਸਧਾਨ ਆਪਣੇ ਤੌਰ ’ਤੇ ਲੈ ਕੇ ਆਏ ਹਨ। ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਘੁੰਮਣ ਤੇ ਵਾਈਸ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਰਾਮਪੁਰ ਖੇੜਾ ਤੋਂ ਸੰਤ ਸੇਵਾ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚੇ ਦੀ ਅਗਵਾਈ ਹੇਠ 100 ਟਰਾਲੀਆਂ ਰਵਾਨਾ ਹੋਈਆ। ਇਸ ਜੱਥੇ ਵਿੱਚ 10 ਬੱਸਾਂ ਤੇ ਹੋਰ ਗੱਡੀਆਂ ਵੀ ਸ਼ਾਮਲ ਸਨ। ਸੁਖਬੀਰ ਸਿੰਘ ਨੇ ਦੱਸਿਆ ਕਿ ਰਾਤ ਕਰਨਾਲ ਰੁਕਣ ਤੋਂ ਬਾਅਦ ਅਗਲੇ ਦਿਨ ਦਿੱਲੀ ਨੂੰ ਰਵਾਨਾ ਹੋਣਗੇ। ਬਹੁਤ ਸਾਰੇ ਕਿਸਾਨਾਂ ਇੱਕ ਟਰੈਕਟਰ ਦੇ ਪਿੱਛੇ ਟੋਚਨ ਪਾ ਕੇ ਨਾਲ ਚਾਰ-ਚਾਰ ਟਰੈਕਟਰ ਲਿਜਾ ਰਹੇ ਸਨ। ਕਈਆਂ ਨੇ ਟਰਾਲੀਆਂ ਵਿੱਚ ਦੋ-ਦੋ ਟਰੈਕਟਰ ਲੱਦੇ ਹੋਏ ਸਨ।